ਜਲਾਲਾਬਾਦ ਜਿਮਨੀ ਚੋਣ ਲਈ ਸਤਿੰਦਰਜੀਤ ਸਿੰਘ ਮੰਟਾ ਹੋ ਸਕਦੇ ਹਨ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: May 25 2019 13:03
Reading time: 0 mins, 50 secs

ਲੋਕ ਸਭਾ ਫਿਰੋਜ਼ਪੁਰ ਤੋਂ ਵੱਡੇ ਫਰਕ ਨਾਲ ਜਿੱਤੇ ਸੁਖਬੀਰ ਸਿੰਘ ਬਾਦਲ ਹੁਣ ਜਲਦੀ ਹੀ ਜਲਾਲਾਬਾਦ ਵਿਧਾਨ ਸਭਾ ਦੇ ਵਿਧਾਇਕ ਪਦ ਤੋਂ ਅਸਤੀਫਾ ਦੇ ਦੇਣਗੇ। ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਤੋਂ ਬਾਅਦ ਜਲਾਲਾਬਾਦ ਤੋਂ ਖਾਲੀ ਹੋਈ ਇਸ ਸੀਟ ਲਈ ਅਕਾਲੀ ਦਲ ਕਿਸ ਨੂੰ ਚੋਣ ਲੜਾਵੇਗਾ ਇਨ੍ਹਾਂ ਕਿਆਸਰਾਈਆਂ ਦਾ ਵੀ ਦੌਰ ਸ਼ੁਰੂ ਹੋ ਚੁੱਕਾ ਹੈ। ਪਹਿਲੀ ਨਜ਼ਰ 'ਚ ਇਸ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ ਪਹਿਲੀ ਪਸੰਦ ਸਤਿੰਦਰਜੀਤ ਸਿੰਘ ਮੰਟਾ ਹੋ ਸਕਦੇ ਹਨ। ਸਤਿੰਦਰਜੀਤ ਸਿੰਘ ਮੰਟਾ ਦੀ ਦਾਅਵੇਦਾਰੀ ਇਸ ਲਈ ਵੀ ਮਜ਼ਬੂਤ ਮੰਨੀ ਜਾ ਰਹੀ ਹੈ ਕਿਉਂਕਿ ਉਹ ਸੁਖਬੀਰ ਸਿੰਘ ਬਾਦਲ ਦੇ ਵਫ਼ਾਦਾਰ ਅਤੇ ਨੇੜਲੇ ਸਾਥੀਆਂ ਵਿੱਚੋਂ ਗਿਣੇ ਜਾਂਦੇ ਹਨ ਅਤੇ ਜਲਾਲਾਬਾਦ ਵਿਧਾਨ ਸਭਾ ਹਲਕੇ ਦੀ ਕਮਾਨ ਵੀ ਉਨ੍ਹਾਂ ਦੇ ਹੱਥ ਵਿੱਚ ਹੀ ਰੱਖੀ ਗਈ ਹੈ। ਜਲਾਲਾਬਾਦ ਵਿਧਾਨ ਸਭਾ ਹਲਕੇ ਵਿੱਚ ਸਤਿੰਦਰਜੀਤ ਸਿੰਘ ਮੰਟਾ ਦੀ ਪਕੜ ਬਹੁਤ ਮਜ਼ਬੂਤ ਦਿਖਾਈ ਦਿੰਦੀ ਹੈ ਕਿਉਂਕਿ ਸੁਖਬੀਰ ਸਿੰਘ ਬਾਦਲ ਲਈ ਪ੍ਰਚਾਰ ਅਤੇ ਕੰਮ ਉਹੀ ਕਰਦੇ ਹਨ। ਜਗਮੀਤ ਸਿੰਘ ਬਰਾੜ ਨੂੰ ਵੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਣਾਏ ਜਾਣ ਦੀਆਂ ਚਰਚਾਵਾਂ ਲੋਕਾਂ ਵਿੱਚ ਚੱਲ ਰਹੀਆਂ ਹਨ ਪਰ ਜਗਮੀਤ ਬਰਾੜ ਜਲਾਲਾਬਾਦ ਨਾਲੋਂ ਕੋਟਕਪੂਰਾ ਵਿਧਾਨ ਸਭਾ ਹਲਕੇ ਵਿੱਚ ਜ਼ਿਆਦਾ ਪ੍ਰਭਾਵਸ਼ਾਲੀ ਨਜ਼ਰ ਆਉਂਦੇ ਹਨ।