ਸਵਿਫਟ ਕਾਰ ਤੇ ਟਰੱਕ ਦੀ ਆਹਮੋ-ਸਾਹਮਣੇ ਭਿਆਨਕ ਟੱਕਰ, ਨੌਜਵਾਨ ਦੀ ਮੌਤ

Last Updated: May 25 2019 11:13
Reading time: 1 min, 40 secs

ਨਜ਼ਦੀਕੀ ਪਿੰਡ ਭਨੋਹੜ ਕੋਲ ਬੀਤੀ ਦੇਰ ਸ਼ਾਮ ਟਰੱਕ ਅਤੇ ਸਵਿਫਟ ਕਾਰ ਦੀ ਆਹਮੋ-ਸਾਹਮਣੇ ਹੋਈ ਭਿਆਨਕ ਟੱਕਰ 'ਚ ਕਾਰ ਚਲਾ ਰਹੇ ਨੌਜਵਾਨ ਦੀ ਘਟਨਾ ਵਾਲੀ ਥਾਂ ਤੇ ਹੀ ਮੌਤ ਹੋ ਗਈ। ਹਾਦਸੇ ਦਾ ਸ਼ਿਕਾਰ ਹੋਏ ਨੌਜਵਾਨ ਦੀ ਪਹਿਚਾਣ ਕੇਸ਼ਵ ਵਮਰ ਵਾਸੀ ਕੈਲਾਸ਼ ਨਗਰ, ਲੁਧਿਆਣਾ ਵਜੋਂ ਹੋਈ ਹੈ। ਹਾਦਸੇ ਬਾਰੇ ਸੂਚਨਾ ਮਿਲਣ ਦੇ ਬਾਦ ਪੁਲਿਸ ਮੁਲਾਜ਼ਮਾਂ ਨੇ ਮੌਕੇ ਤੇ ਪਹੁੰਚਕੇ ਸਥਿਤੀ ਦਾ ਜਾਇਜ਼ਾ ਲੈਂਦੇ ਹੋਏ ਜਾਂਚ ਸ਼ੁਰੂ ਕੀਤੀ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਦੀ ਮੌਰਚਰੀ 'ਚ ਰਖਵਾਇਆ। ਮਿਲੀ ਜਾਣਕਾਰੀ ਦੇ ਮੁਤਾਬਕ ਹਾਦਸੇ ਦਾ ਸ਼ਿਕਾਰ ਹੋਇਆ ਨੌਜਵਾਨ ਕੇਸ਼ਵ ਵਮਰ ਆਪਣੀ ਸਵਿਫਟ ਕਾਰ 'ਚ ਸਵਾਰ ਹੋ ਕੇ ਕਿਸੇ ਕੰਮ ਸੰਬੰਧੀ ਲੁਧਿਆਣਾ ਤੋਂ ਮੁੱਲਾਂਪੁਰ ਦਾਖਾ ਵੱਲ ਜਾ ਰਿਹਾ ਸੀ। ਰਸਤੇ 'ਚ ਪੈਂਦੇ ਪਿੰਡ ਭਨੋਹੜ ਕੋਲ ਜੀ.ਟੀ ਰੋਡ ਸਥਿਤ ਟੋਇਟਾ ਏਜੰਸੀ ਕੋਲ ਪਹੁੰਚਿਆ ਤਾਂ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਬੇਕਾਬੂ ਹੋਈ ਕਾਰ ਡਿਵਾਈਡਰ ਨੂੰ ਪਾਰ ਕਰਦੇ ਹੋਏ ਸੜਕ ਦੇ ਦੂਸਰੀ ਸਾਈਡ ਚਲੀ ਗਈ। ਇਸੇ ਦੌਰਾਨ ਜਗਰਾਉਂ ਵਾਲੇ ਪਾਸੇ ਤੋਂ ਆ ਰਹੇ ਤੇਜ਼ ਰਫਤਾਰ ਟਰੱਕ ਦੇ ਨਾਲ ਕਾਰ ਦੀ ਆਹਮੋ-ਸਾਹਮਣੇ ਭਿਆਨਕ ਟੱਕਰ ਹੋ ਗਈ।

ਟੱਕਰ ਇੰਨੀ ਜੋਰਦਾਰ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ ਅਤੇ ਕਾਰ ਚਲਾ ਰਹੇ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ। ਹਾਦਸੇ ਦੇ ਬਾਦ ਟਰੱਕ ਡਰਾਈਵਰ ਵਾਹਨ ਨੂੰ ਘਟਨਾ ਵਾਲੀ ਥਾਂ ਛੱਡਕੇ ਮੌਕੇ ਤੋਂ ਫਰਾਰ ਹੋ ਗਿਆ। ਹਾਦਸੇ ਵਾਲੀ ਥਾਂ ਇਕੱਠੇ ਹੋਏ ਰਾਹਗੀਰਾਂ ਤੋਂ ਸੂਚਨਾ ਮਿਲਣ ਦੇ ਬਾਦ ਪੁਲਿਸ ਥਾਣਾ ਦਾਖਾ ਤੋਂ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਹਾਦਸਾਗ੍ਰਸਤ ਵਾਹਨਾਂ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕੀਤੀ। ਪੁਲਿਸ ਮੁਲਾਜ਼ਮਾਂ ਨੇ ਲੋਕਾਂ ਦੀ ਮਦਦ ਨਾਲ ਕਾਰ 'ਚ ਫਸੇ ਨੌਜਵਾਨ ਦੀ ਲਾਸ਼ ਨੂੰ ਬਾਹਰ ਕਢਵਾਕੇ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਦੀ ਮੌਰਚਰੀ 'ਚ ਪਹੁੰਚਾਇਆ। ਦੂਜੇ ਪਾਸੇ, ਹਾਦਸੇ ਦੀ ਜਾਂਚ ਕਰ ਰਹੇ ਏਐਸਆਈ ਸੁਰਜੀਤ ਸਿੰਘ ਦਾ ਕਹਿਣਾ ਹੈ ਕਿ ਹਾਦਸੇ ਦਾ ਸ਼ਿਕਾਰ ਹੋਏ ਨੌਜਵਾਨ ਕੇਸ਼ਵ ਵਮਰ ਦੇ ਪਿਤਾ ਨਰੇਸ਼ ਵਮਰ ਦੇ ਬਿਆਨ ਦਰਜ ਕਰਕੇ ਮੌਕੇ ਤੋਂ ਫਰਾਰ ਹੋਏ ਟਰੱਕ ਦੇ ਅਣਪਛਾਤੇ ਡਰਾਈਵਰ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਦਸੇ ਸੰਬੰਧੀ ਕਾਰਵਾਈ ਕਰਦੇ ਹੋਏ ਸ਼ਨੀਵਾਰ ਸਵੇਰੇ ਹਸਪਤਾਲ 'ਚੋਂ ਪੋਸਟਮਾਰਟਮ ਕਰਵਾਉਣ ਦੇ ਬਾਦ ਲਾਸ਼ ਉਸਦੇ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ। ਟਰੱਕ ਡਰਾਈਵਰ ਨੂੰ ਕਾਬੂ ਕਰਨ ਲਈ ਉਸਦੀ ਭਾਲ ਕੀਤੀ ਜਾ ਰਹੀ ਹੈ।