ਪ੍ਰਿਅੰਕਾ ਵੱਲੋਂ ਪੰਜਾਬੀਆਂ ਦੀ ਨੂੰਹ ਬਣਨ ਦਾ ਟੋਟਕਾ ਵੀ ਨਹੀਂ ਆਇਆ ਕੰਮ, ਪ੍ਰਚਾਰ ਵਾਲੀਆਂ ਦੋਵੇਂ ਸੀਟਾਂ ਖੁੱਸੀਆਂ !!!

Last Updated: May 24 2019 17:16
Reading time: 1 min, 10 secs

ਚੋਣਾਂ ਜਿੱਤਣ ਲਈ ਲੀਡਰਾਂ ਵੱਲੋਂ ਜਨਤਾ ਨੂੰ ਲੁਭਾਉਣ ਲਈ ਕਈ ਤਰ੍ਹਾਂ ਦੇ ਬਿਆਨ ਦੇਣੇ ਪੈਂਦੇ ਹਨ ਜਿਨ੍ਹਾਂ ਵਿੱਚ ਕਈ ਤਾਂ ਅਜਿਹੇ ਹੁੰਦੇ ਹਨ ਜੋ ਸੁਰਖ਼ੀਆਂ ਬਣ ਜਾਂਦੇ ਹਨ। ਆਮ ਚੋਣਾਂ ਦੌਰਾਨ ਵੀ ਜਦੋਂ ਕਾਂਗਰਸ ਦੀ ਰੈਲੀ ਦੌਰਾਨ ਪ੍ਰਿਅੰਕਾ ਗਾਂਧੀ ਨੇ ਬਠਿੰਡਾ ਵਿਖੇ ਪਾਰਟੀ ਦੇ ਉਮੀਦਵਾਰ ਰਾਜਾ ਵੜਿੰਗ ਵਾਸਤੇ ਬੋਲਣਾ ਸ਼ੁਰੂ ਕੀਤਾ ਸੀ ਤਾਂ ਆਪਣਾ ਭਾਸਣ ਇਹ ਕਹਿੰਦਿਆਂ ਸ਼ੁਰੂ ਕੀਤਾ ਸੀ ਕਿ ਉਸ ਦਾ ਘਰਵਾਲਾ ਵੀ ਪੰਜਾਬੀ ਹੈ ਤੇ ਅਜਿਹਾ ਕਹਿ ਕੇ ਉਸ ਨੇ ਸੰਦੇਸ਼ ਦੇਣ ਦਾ ਯਤਨ ਕੀਤਾ ਸੀ ਕਿ ਉਹ ਪੰਜਾਬੀਆਂ ਦੀ ਨੂੰਹ ਹੈ ਤਾਂ ਜੋ ਲੋਕ ਉਸ ਦੀ ਕਹੀ ਗੱਲ ਤੇ ਯਕੀਨ ਕਰ ਲੈਣ ਅਤੇ ਕਾਂਗਰਸ ਦੇ ਹੱਕ ਵਿੱਚ ਵੋਟਾਂ ਭੁਗਤਾ ਦੇਣ। ਪਰ ਪ੍ਰਿਅੰਕਾ ਗਾਂਧੀ ਦਾ ਇਹ ਟੋਟਕਾ ਪੂਰੀ ਤਰ੍ਹਾਂ ਬੇਕਾਰ ਸਾਬਤ ਹੋਇਆ ਤੇ ਬਠਿੰਡਾ ਅਤੇ ਗੁਰਦਾਸਪੁਰ ਹਲਕੇ ਵਿੱਚ ਪਾਰਟੀ ਦੇ ਉਮੀਦਵਾਰਾਂ ਲਈ ਕੀਤਾ ਗਿਆ ਪ੍ਰਚਾਰ ਵੀ ਬੇਅਸਰ ਹੀ ਹੁੰਦਾ ਦਿਖਾਈ ਦਿੱਤਾ।

ਜੇਕਰ ਵੇਖਿਆ ਜਾਵੇ ਤਾਂ ਪ੍ਰਿਅੰਕਾ ਗਾਂਧੀ ਨੇ ਪੰਜਾਬ ਵਿੱਚ ਸਿਰਫ਼ ਦੋ ਉਮੀਦਵਾਰਾਂ ਲਈ ਹੀ ਪ੍ਰਚਾਰ ਕੀਤਾ ਸੀ, ਬਠਿੰਡਾ ਵਿੱਚ ਰਾਜਾ ਵੜਿੰਗ ਲਈ ਤੇ ਪਠਾਨਕੋਟ ਵਿੱਚ ਸੁਨੀਲ ਜਾਖੜ ਲਈ ਪਰ ਇਨ੍ਹਾਂ ਦੋਵਾਂ ਸੀਟਾਂ ਤੋਂ ਹੀ ਕਾਂਗਰਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਜਿਸ ਕਰਕੇ ਇਹ ਚਰਚਾ ਪੂਰੀ ਤਰ੍ਹਾਂ ਗਰਮ ਹੈ ਕਿ ਪ੍ਰਿਅੰਕਾ ਗਾਂਧੀ ਵੱਲੋਂ ਜੋ ਪੰਜਾਬੀਆਂ ਦੀ ਨੂੰਹ ਬਣਨ ਦਾ ਪੱਤਾ ਖੇਡਿਆ ਗਿਆ ਸੀ ਉਸ ਨੂੰ ਲੋਕਾਂ ਨੇ ਬਿਲਕੁਲ ਵੀ ਪਸੰਦ ਨਹੀਂ ਸੀ ਕੀਤਾ ਅਤੇ ਆਪਣੀ ਨੂੰਹ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ, ਤਾਂਹੀਓਂ ਤਾਂ ਜਿਨ੍ਹਾਂ ਦੋਵਾਂ ਸੀਟਾਂ ਤੇ ਪ੍ਰਿਅੰਕਾ ਗਾਂਧੀ ਵੱਲੋਂ ਪ੍ਰਚਾਰ ਕੀਤਾ ਗਿਆ ਸੀ ਉਹ ਦੋਵੇਂ ਹੀ ਹਾਰ ਗਈਆਂ ਸਨ।