ਲੱਗਦਾ ਖਹਿਰਾ ਬਹਿ ਗਿਆ ਰਾਜੇ ਦੇ ਜੋੜਾਂ ਵਿੱਚ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: May 23 2019 17:29
Reading time: 1 min, 36 secs

ਪਿਛਲੇ ਲੰਮੇ ਸਮੇਂ ਤੋਂ ਲੋਕ ਸਭਾ ਬਠਿੰਡਾ ਸੀਟ ਤੇ ਸ਼੍ਰੋਮਣੀ ਅਕਾਲੀ ਦਲ ਦੇ ਕਬਜ਼ੇ ਨੂੰ ਛੁਡਵਾਉਣ ਦੀ ਜੱਦੋ ਜਹਿਦ 'ਚ ਲੱਗੀ ਕਾਂਗਰਸ ਪਾਰਟੀ ਇਸ ਵਾਰ ਵੀ ਆਪਣੇ ਮੰਤਵ ਵਿੱਚ ਫ਼ੇਲ੍ਹ ਹੋ ਗਈ। ਸ਼੍ਰੋਮਣੀ ਅਕਾਲੀ ਦਲ ਤੇ ਲੱਗੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ ਅਤੇ ਬਹਿਬਲ ਕਲਾਂ ਵਿਖੇ ਸ਼ਹੀਦ ਹੋਏ ਦੋ ਸਿੱਖ ਨੌਜਵਾਨਾਂ ਕਰਕੇ 2017 ਵਿਧਾਨ ਸਭਾ ਚੋਣਾਂ ਵਿੱਚ ਹਾਸ਼ੀਏ ਤੇ ਜਾ ਚੁੱਕੀ ਸ਼੍ਰੋਮਣੀ ਅਕਾਲੀ ਦਲ ਕਾਰਨ ਇਸ ਵਾਰ ਕਾਂਗਰਸ ਪਾਰਟੀ ਨੂੰ ਉਮੀਦ ਸੀ ਕਿ ਉਹ ਲੋਕ ਸਭਾ ਬਠਿੰਡਾ ਸੀਟ ਨੂੰ ਹਥਿਆ ਸਕੇਗੀ। ਇਸ ਸੀਟ ਤੋਂ ਨੌਜਵਾਨ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਟਿਕਟ ਤੋਂ ਲੈ ਕੇ ਬੇਅਦਬੀ ਦੇ ਮੁੱਦੇ ਤੇ ਅਕਾਲੀ ਦਲ ਨੂੰ ਘੇਰਨ ਦੀ ਹਰ ਕੋਸ਼ਿਸ਼ ਨਾਲ ਕਾਂਗਰਸ ਪਾਰਟੀ ਨੂੰ ਇਸ ਵਾਰ ਪਹਿਲਾਂ ਨਾਲੋਂ ਜ਼ਿਆਦਾ ਜਿੱਤ ਪੱਕਾ ਲੱਗ ਰਹੀ ਸੀ। ਰਾਜਾ ਵੜਿੰਗ ਅਤੇ ਉਸ ਦੀ ਪਤਨੀ ਅੰਮ੍ਰਿਤਾ ਵੜਿੰਗ ਨੇ ਇਸ ਵਾਰ ਮੁਕਾਬਲਾ ਸਖ਼ਤ ਵੀ ਬਣਾਈ ਰੱਖਿਆ ਜਿਸ ਦੀ ਚਰਚਾ ਹਰ ਆਮ ਤੇ ਖ਼ਾਸ ਦੀ ਜ਼ੁਬਾਨ ਤੇ ਹੋਣ ਲੱਗੀ ਸੀ।

ਰਾਜਾ ਵੜਿੰਗ ਦੇ ਸਮਰਥਕ ਹੁਣ ਸੋਚੀ ਪਾਏ ਹੋਏ ਹਨ ਕਿ ਕੀ ਕਾਰਨ ਹੈ ਇਸ ਵਾਰ ਵੀ ਹਾਰ ਦਾ ਮੂੰਹ ਵੇਖਣਾ ਪਿਆ। ਕੁਝ ਕੁ ਸਮਰਥਕ ਇਹ ਵੀ ਕਹਿੰਦੇ ਸੁਣੇ ਗਏ ਕਿ ਰਾਜੇ ਦੇ ਜੋੜਾਂ 'ਚ ਤਾਂ ਖਹਿਰਾ ਬੈਠ ਗਿਆ। ਸਿਆਸੀ ਮਾਹਿਰ ਵੀ ਇਸੇ ਗੱਲ ਨੂੰ ਕੀਤੇ ਨਾ ਕੀਤੇ ਕਾਂਗਰਸ ਪਾਰਟੀ ਦੀ ਹਾਰ ਲਈ ਜ਼ਿੰਮੇਵਾਰ ਮੰਨ ਰਹੇ ਹਨ। ਇਸ ਲੋਕ ਸਭਾ ਚੋਣ ਵਿੱਚ ਸੁਖਪਾਲ ਸਿੰਘ ਖਹਿਰਾ ਨੂੰ ਮਹਿਜ਼ 3.17 ਪ੍ਰਤੀਸ਼ਤ ਵੋਟ ਮਿਲੀ ਹੈ। ਦੇਖਿਆ ਜਾਏ ਤਾਂ ਹਰਸਿਮਰਤ ਕੌਰ ਬਾਦਲ ਨੂੰ 41.04 ਪ੍ਰਤੀਸ਼ਤ ਵੋਟ ਮਿਲੀ ਹੈ ਉੱਧਰ ਦੂਜੇ ਨੰਬਰ ਤੇ ਰਹਿਣ ਵਾਲੇ ਕਾਂਗਰਸ ਦੇ ਰਾਜਾ ਵੜਿੰਗ ਨੂੰ 39.25 ਪ੍ਰਤੀਸ਼ਤ ਵੋਟ ਹਿੱਸਾ ਪ੍ਰਾਪਤ ਹੋਇਆ ਹੈ। ਹਰਸਿਮਰਤ ਕੌਰ ਬਾਦਲ ਅਤੇ ਰਾਜਾ ਵੜਿੰਗ ਦੇ ਜਿੱਤ ਦੇ ਫ਼ਰਕ ਵਿੱਚ ਮਹਿਜ਼ 1.79 ਪ੍ਰਤੀਸ਼ਤ ਦਾ ਫ਼ਰਕ ਰਿਹਾ। ਸਿਆਸੀ ਮਾਹਿਰਾਂ ਦੀ ਮੰਨੀ ਜਾਏ ਤਾਂ ਸੁਖਪਾਲ ਸਿੰਘ ਖਹਿਰਾ ਦੀ 3.17 ਪ੍ਰਤੀਸ਼ਤ ਵੋਟ ਉਹ ਵੋਟ ਸੀ ਜੋ ਸ਼੍ਰੋਮਣੀ ਅਕਾਲੀ ਦਲ ਦੀ ਵਿਰੋਧੀ ਵੋਟ ਸੀ ਜੋ ਕਦੀ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਨਹੀਂ ਪੈਣ ਵਾਲੀ ਸੀ। ਜੇਕਰ ਖਹਿਰਾ ਦੀ ਵੋਟ ਪ੍ਰਤੀਸ਼ਤ ਵੋਟ ਦਾ ਅੱਧਾ ਵੀ ਰਾਜਾ ਵੜਿੰਗ ਨੂੰ ਪੈ ਜਾਂਦਾ ਤਾਂ ਨਤੀਜਾ ਕੁਝ ਹੋਰ ਹੋ ਸਕਦਾ ਸੀ।