ਲੰਬੇ ਅਰਸੇ ਤੋਂ ਫ਼ਤਿਹਗੜ੍ਹ ਸਾਹਿਬ ਸੀਟ ਤੋਂ ਖਾਲੀ ਚੱਲ ਰਹੀ ਅਕਾਲੀ ਦਲ ਦੀ ਝੋਲੀ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: May 23 2019 17:02
Reading time: 4 mins, 0 secs

ਲੋਕ ਸਭਾ ਚੋਣਾਂ-2019 ਦੌਰਾਨ ਲੋਕ ਸਭਾ ਹਲਕਾ ਸ਼੍ਰੀ ਫ਼ਤਿਹਗੜ੍ਹ ਸਾਹਿਬ ਤੋਂ ਚੋਣ ਪ੍ਰੀਖਿਆ ਦੇਣ ਵਾਲੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਦਾ ਰਿਜ਼ਲਟ ਕੁਝ ਸਮੇਂ ਬਾਅਦ ਆਉਣ ਹੀ ਵਾਲਾ ਹੈ। ਵੋਟਾਂ ਦੀ ਚੱਲ ਰਹੀ ਗਿਣਤੀ ਦੇ ਰੁਝਾਨਾਂ ਨੂੰ ਦੇਖਦੇ ਹੋਏ ਲੱਗ ਰਿਹੈ ਕਿ ਹਲਕਾ ਫ਼ਤਿਹਗੜ੍ਹ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾ. ਅਮਰ ਸਿੰਘ ਜਿੱਤ ਹਾਸਲ ਕਰਕੇ ਆਪਣੀ ਸੀਟ ਕਾਂਗਰਸ ਹਾਈਕਮਾਂਡ ਦੀ ਝੋਲੀ ਪਾ ਦੇਣਗੇ। ਪਿਛਲੇ ਪੰਜ ਸਾਲਾਂ ਤੋਂ ਹਲਕਾ ਫ਼ਤਿਹਗੜ੍ਹ ਸਾਹਿਬ ਤੋਂ ਸੱਖਣੀ ਰਹੀ ਕਾਂਗਰਸ ਪਾਰਟੀ ਨੂੰ ਇਹ ਹਲਕਾ ਹੋਂਦ 'ਚ ਆਉਣ ਤੋਂ ਬਾਅਦ ਦੁਬਾਰਾ ਜਿੱਤ ਮਿਲਣਾ ਲਗਭਗ ਤੈਅ ਹੈ। ਜਦਕਿ, ਲੰਬੇ ਅਰਸੇ ਤੋਂ ਪੰਥਕ ਅਤੇ ਧਰਮ ਹਿਤੈਸ਼ੀ ਕਹਾਉਣ ਵਾਲੇ ਸ਼੍ਰੋਮਣੀ ਅਕਾਲੀ ਦਲ (ਬ) ਦੀ ਝੋਲੀ ਲਗਾਤਾਰ ਤਿੰਨ ਲੋਕ ਸਭਾ ਚੋਣਾਂ ਦੌਰਾਨ ਖਾਲੀ ਚੱਲ ਰਹੀ ਹੈ। ਸਾਲ 2009 ਦੌਰਾਨ ਨਵੀਂ ਹੱਦਬੰਦੀ ਦੇ ਬਾਅਦ ਰਿਜ਼ਰਵ ਹਲਕਾ ਬਣੇ ਫ਼ਤਿਹਗੜ੍ਹ ਸਾਹਿਬ ਤੋਂ ਕਾਂਗਰਸ ਦੇ ਸੁਖਦੇਵ ਸਿੰਘ ਲਿਬੜਾ ਐਮ.ਪੀ ਬਣੇ ਸਨ। ਜਦਕਿ ਪੰਜ ਸਾਲਾਂ ਦੇ ਫ਼ਰਕ ਬਾਅਦ ਦੁਬਾਰਾ ਇਸ ਸੀਟ ਤੋਂ ਕਾਂਗਰਸ ਜਿੱਤ ਰਹੀ ਹੈ।

ਪਹਿਲੇ ਰਾਊਂਡ ਤੋਂ ਹੀ ਕਾਂਗਰਸੀ ਉਮੀਦਵਾਰ ਨੇ ਬਣਾਈ ਬੜ੍ਹਤ

ਵੀਰਵਾਰ ਸਵੇਰੇ 8 ਵਜੇ ਤੋਂ ਸ਼ੁਰੂ ਹੋਈ ਵੋਟਾਂ ਦੀ ਗਿਣਤੀ ਦੌਰਾਨ ਕਾਂਗਰਸੀ ਉਮੀਦਵਾਰ ਡਾ. ਅਮਰ ਸਿੰਘ ਆਪਣੇ ਵਿਰੋਧੀਆਂ ਨੂੰ ਕਰਾਰੀ ਟੱਕਰ ਦਿੰਦੇ ਹੋਏ ਪਹਿਲੇ ਰਾਊਂਡ ਤੋਂ ਹੀ ਅੱਗੇ ਚੱਲ ਰਹੇ ਹਨ। ਜਦਕਿ ਅਕਾਲੀ ਦਲ-ਭਾਜਪਾ ਗੱਠਜੋੜ ਦੇ ਦਰਬਾਰਾ ਸਿੰਘ ਗੁਰੂ ਦੂਸਰੇ ਨੰਬਰ ਅਤੇ ਪਹਿਲੀ ਵਾਰ ਚੋਣ ਅਖਾੜੇ 'ਚ ਨਿੱਤਰੇ ਪੰਜਾਬ ਡੈਮੋਕ੍ਰੇਟਿਕ ਅਲਾਇੰਸ (ਪੀ.ਡੀ.ਏ) ਦੇ ਉਮੀਦਵਾਰ ਮਨਵਿੰਦਰ ਸਿੰਘ ਗਿਆਸਪੁਰਾ ਤੀਜੇ ਨੰਬਰ ਤੇ ਚੱਲ ਰਹੇ ਹਨ। ਪਰ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਕਾਂਗਰਸ ਦੇ ਮੌਜੂਦਾ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਦੇ ਲੜਕੇ ਬੰਨਦੀਪ ਸਿੰਘ ਦੂਲੋ ਦੀ ਹਾਲਤ ਪਤਲੀ ਬਣੀ ਹੋਈ ਹੈ।

ਕਾਂਗਰਸ ਤੇ ਅਕਾਲੀ ਦਲ-ਬੀਜੇਪੀ ਵਿਚਕਾਰ ਹੀ ਰਿਹਾ ਮੁੱਖ ਮੁਕਾਬਲਾ

ਜਾਣਕਾਰੀ ਮੁਤਾਬਿਕ ਲੋਕ ਸਭਾ ਹਲਕਾ ਫ਼ਤਿਹਗੜ੍ਹ ਸਾਹਿਬ ਤੋਂ ਮੌਜੂਦਾ ਲੋਕ ਸਭਾ ਚੋਣਾਂ ਦੌਰਾਨ ਚੋਣ ਮੈਦਾਨ 'ਚ ਉੱਤਰੇ ਕਾਂਗਰਸ ਪਾਰਟੀ ਦੇ ਉਮੀਦਵਾਰ ਡਾ. ਅਮਰ ਸਿੰਘ ਬਾਅਦ ਦੁਪਹਿਰ ਤਿੰਨ ਵਜੇ ਤੱਕ ਹੋਈ ਗਿਣਤੀ ਦੌਰਾਨ 9 ਵਿਧਾਨ ਸਭਾ ਹਲਕਿਆਂ ਚੋਂ ਕੁੱਲ 3,64,729 ਵੋਟਾਂ ਹਾਸਲ ਕਰਕੇ ਅੱਗੇ ਚੱਲ ਰਹੇ ਸਨ। ਜਦਕਿ ਅਕਾਲੀ ਦਲ-ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਦਰਬਾਰਾ ਸਿੰਘ ਗੁਰੂ 2,84,231 ਵੋਟਾਂ ਲੈ ਕੇ ਦੂਸਰੇ ਸਥਾਨ ਤੇ ਡਟੇ ਹੋਏ ਸਨ। ਜਿਸਦੇ ਚੱਲਦੇ ਇਸ ਸੀਟ ਤੋਂ ਮੁੱਖ ਮੁਕਾਬਲਾ ਕਾਂਗਰਸ ਅਤੇ ਅਕਾਲੀ ਦਲ-ਭਾਜਪਾ ਦਰਮਿਆਨ ਹੀ ਚੱਲ ਰਿਹਾ ਸੀ। ਜਦਕਿ ਪਹਿਲੀ ਦਫ਼ਾ ਲੋਕ ਸਭਾ ਚੋਣਾਂ ਲੜਨ ਵਾਲੇ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਉਮੀਦਵਾਰ ਹੈਰਾਨੀਜਨਕ ਪ੍ਰਦਰਸ਼ਨ ਕਰਦੇ ਹੋਏ 1,28,590 ਵੋਟਾਂ ਹਾਸਲ ਕਰ ਚੁੱਕੇ ਸਨ। ਪਰ ਪ੍ਰਮੁੱਖ ਪਾਰਟੀਆਂ ਚੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬੰਨਦੀਪ ਸਿੰਘ ਦੂਲੋ ਨੂੰ ਮਹਿਜ਼ 54,669 ਵੋਟਾਂ ਹੀ ਹਾਸਲ ਹੋਈਆਂ ਸਨ।

2014 'ਚ ਆਪ ਉਮੀਦਵਾਰ ਖ਼ਾਲਸਾ 52 ਹਜ਼ਾਰ ਵੋਟਾਂ ਤੋਂ ਵੱਧ ਤੇ ਸਨ ਜਿੱਤੇ

ਹਾਲਾਂਕਿ, ਲੋਕ ਸਭਾ ਹਲਕਾ ਫ਼ਤਿਹਗੜ੍ਹ ਸਾਹਿਬ ਤੋਂ ਮੌਜੂਦਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਬੰਨਦੀਪ ਸਿੰਘ ਦੂਲੋ ਕੁਝ ਖ਼ਾਸ ਪ੍ਰਦਰਸ਼ਨ ਨਹੀਂ ਕਰ ਸਕੇ ਹਨ। ਤਿੰਨ ਵਜੇ ਤੱਕ ਹੋਈ ਗਿਣਤੀ ਦੌਰਾਨ ਬੰਨਦੀਪ ਦੂਲੋ ਦੇ ਖਾਤੇ 'ਚ 54,669 ਵੋਟਾਂ ਆਈਆਂ ਸਨ। ਪਰ ਜੇਕਰ ਗੱਲ 2014 ਦੀਆਂ ਲੋਕ ਸਭਾ ਚੋਣਾਂ ਦੀ ਕੀਤੀ ਜਾਵੇ ਤਾਂ ਉਸ ਸਮੇਂ ਬੇਹੱਦ ਮਜ਼ਬੂਤ ਸਥਿਤੀ 'ਚ ਹੋਣ ਦੇ ਬਾਵਜੂਦ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਧੂ ਸਿੰਘ ਧਰਮਸੋਤ ਕੁਝ ਕਾਂਗਰਸ ਆਗੂਆਂ ਵੱਲੋਂ ਅੰਦਰ ਖਾਤੇ ਲਗਾਏ ਗਏ ਖੋਰੇ ਦੇ ਚੱਲਦੇ ਚੋਣ ਹਾਰ ਗਏ ਸਨ। ਜਦਕਿ ਸੂਬੇ ਅੰਦਰ ਪਹਿਲੀ ਵਾਰ ਲੋਕ ਸਭਾ ਚੋਣਾਂ ਲੜ ਰਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਿੰਦਰ ਸਿੰਘ ਖ਼ਾਲਸਾ ਕਰੀਬ 52 ਹਜ਼ਾਰ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਚੋਣ ਜਿੱਤ ਗਏ ਸਨ।

ਪੀਡੀਏ ਉਮੀਦਵਾਰ ਮਨਵਿੰਦਰ ਗਿਆਸਪੁਰਾ ਨੇ ਪਹਿਲੀ ਵਾਰ ਦਿੱਤੀ ਚੋਣ ਪ੍ਰੀਖਿਆ

ਗੁੜਗਾਉਂ ਦੀ ਮਲਟੀਨੈਸ਼ਨਲ ਕੰਪਨੀ 'ਚ ਪੇਸ਼ੇ ਤੋਂ ਬਤੌਰ ਇੰਜੀਨੀਅਰ ਨੌਕਰੀ ਕਰ ਚੁੱਕੇ ਅਤੇ ਹਰਿਆਣਾ ਦੇ ਹੌਂਦ-ਚਿੱਲੜ ਇਲਾਕੇ 'ਚ 79 ਸਿੱਖਾਂ ਦੇ ਕੀਤੇ ਕਤਲੇਆਮ ਸਬੰਧੀ ਆਵਾਜ਼ ਬੁਲੰਦ ਕਰ ਚੁੱਕੇ ਪੰਜਾਬ ਡੈਮੋਕ੍ਰੇਟਿਕ ਅਲਾਇੰਸ (ਪੀਡੀਏ) ਦੇ ਉਮੀਦਵਾਰ ਮਨਵਿੰਦਰ ਸਿੰਘ ਗਿਆਸਪੁਰਾ ਨੇ ਲੋਕ ਸਭਾ ਹਲਕਾ ਫ਼ਤਿਹਗੜ੍ਹ ਸਾਹਿਬ ਤੋਂ ਪਹਿਲੀ ਵਾਰ ਚੋਣ ਪ੍ਰੀਖਿਆ ਦਿੱਤੀ ਹੈ। ਮਨਵਿੰਦਰ ਸਿੰਘ ਜ਼ਿਲ੍ਹਾ ਲੁਧਿਆਣਾ ਦੇ ਗਿਆਸਪੁਰਾ ਇਲਾਕੇ ਦੇ ਰਹਿਣ ਵਾਲੇ ਹਨ। ਹੌਂਦ-ਚਿੱਲੜ 'ਚ ਹੋਏ 79 ਸਿੱਖਾਂ ਦੇ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਦੀ ਲੜਾਈ ਲੜਨ ਵਾਲੇ ਮਨਵਿੰਦਰ ਸਿੰਘ ਨੂੰ ਲੋਕ ਇਨਸਾਫ਼ ਪਾਰਟੀ (ਬੈਂਸ ਬ੍ਰਦਰਜ਼) ਦੇ ਹਿੱਸੇ ਆਈ ਫ਼ਤਿਹਗੜ੍ਹ ਸਾਹਿਬ ਸੀਟ ਤੋਂ ਪੀਡੀਏ ਦਾ ਉਮੀਦਵਾਰ ਬਣਾਇਆ ਗਿਆ ਸੀ। ਇਸ ਹਲਕੇ ਤੋਂ ਉਨ੍ਹਾਂ ਨੇ ਪੰਥਕ ਵੋਟ ਬੈਂਕ ਤੇ
ਸ਼ੁਰੂ ਤੋਂ ਹੀ ਆਪਣਾ ਪ੍ਰਭਾਵ ਛੱਡਿਆ।

ਅਕਾਲੀ ਦਲ ਦੀ ਝੋਲੀ ਲਗਾਤਾਰ ਚੱਲ ਰਹੀ ਹੈ ਖਾਲੀ

ਜਦੋਂ ਤੋਂ ਲੋਕ ਸਭਾ ਹਲਕਾ ਫ਼ਤਿਹਗੜ੍ਹ ਸਾਹਿਬ ਹੋਂਦ 'ਚ ਆਇਆ ਹੈ, ਉਸ ਸਮੇਂ ਤੋਂ ਹੀ ਅਕਾਲੀ ਦਲ-ਬੀਜੇਪੀ ਗੱਠਜੋੜ ਦੀ ਝੋਲੀ ਖਾਲੀ ਚੱਲ ਰਹੀ ਹੈ। ਸਾਲ 2007 ਤੋਂ ਲੈ ਕੇ 2017 ਤੱਕ 10 ਸਾਲਾਂ ਦੇ ਅਰਸੇ ਦੌਰਾਨ ਸੂਬੇ ਅੰਦਰ ਸੱਤਾ 'ਚ ਰਿਹਾ ਅਕਾਲੀ ਦਲ-ਬੀਜੇਪੀ ਗੱਠਜੋੜ ਫ਼ਤਿਹਗੜ੍ਹ ਸਾਹਿਬ ਸੀਟ ਜਿੱਤ ਨਹੀਂ ਸਕਿਆ ਹੈ। ਸਾਲ 2009 'ਚ ਹੋਈ ਨਵੀਂ ਹੱਦਬੰਦੀ ਤੋਂ ਪਹਿਲਾਂ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਅਤੇ ਪੁਲਿਸ ਜ਼ਿਲ੍ਹਾ ਖੰਨਾ ਦੇ ਤਿੰਨ ਵਿਧਾਨ ਸਭਾ ਹਲਕੇ ਲੋਕ ਸਭਾ ਹਲਕਾ ਰੋਪੜ ਅਧੀਨ ਆਉਂਦੇ ਸਨ।

ਸਾਲ 2004 'ਚ ਹਲਕਾ ਰੋਪੜ ਦੀ ਹੋਈ ਚੋਣ 'ਚ ਅਕਾਲੀ ਦਲ ਦੇ ਉਮੀਦਵਾਰ ਸੁਖਦੇਵ ਸਿੰਘ ਲਿਬੜਾ ਇਸ ਸੀਟ ਤੋਂ ਜਿੱਤ ਕੇ ਸੰਸਦ 'ਚ ਪਹੁੰਚੇ ਸਨ। ਬਾਅਦ 'ਚ ਲਿਬੜਾ ਅਕਾਲੀ ਦਲ ਨੂੰ ਅਲਵਿਦਾ ਕਹਿਕੇ ਕਾਂਗਰਸ 'ਚ ਸ਼ਾਮਲ ਹੋ ਗਏ ਸਨ ਅਤੇ 2009 ਦੀਆਂ ਲੋਕ ਸਭਾ ਚੋਣਾਂ 'ਚ ਹਲਕਾ ਫ਼ਤਿਹਗੜ੍ਹ ਸਾਹਿਬ ਤੋਂ ਕਾਂਗਰਸ ਦੀ ਟਿਕਟ ਤੇ ਜਿੱਤ ਗਏ ਸਨ। ਉਸ ਸਮੇਂ ਤੋਂ ਲੈ ਕੇ ਹੁਣ ਤੱਕ ਪੰਥਕ ਵੋਟ ਬੈਂਕ ਹੋਣ ਦੇ ਬਾਵਜੂਦ ਅਕਾਲੀ ਦਲ ਇਸ ਸੀਟ ਤੇ ਦੁਬਾਰਾ ਆਪਣੇ ਪੈਰ ਨਹੀਂ ਜਮ੍ਹਾ ਸਕਿਆ ਹੈ।