13 ਲੋਕ ਸਭਾ ਹਲਕਿਆਂ ਦੀਆਂ ਵੋਟਾਂ ਦੀ ਗਿਣਤੀ ਲਈ 3.5 ਲੱਖ ਕਾਉਂਟਿੰਗ ਸਟਾਫ਼ ਤਾਇਨਾਤ: ਡਾ.ਰਾਜੂ

Last Updated: May 22 2019 19:16
Reading time: 2 mins, 37 secs

ਸੂਬੇ 'ਚ 13 ਲੋਕ ਸਭਾ ਹਲਕਿਆਂ ਲਈ ਵੋਟਾਂ ਦੀ ਗਿਣਤੀ ਭਲਕੇ 23 ਮਈ ਵੀਰਵਾਰ ਨੂੰ 21 ਸਥਾਨਾਂ 'ਤੇ ਕੀਤੀ ਜਾ ਰਹੀ ਹੈ, ਜਿਸ ਲਈ ਮੁੱਖ ਚੋਣ ਅਫ਼ਸਰ ਪੰਜਾਬ ਦੇ ਦਫ਼ਤਰ ਵੱਲੋਂ ਪੂਰੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਇਹ ਜਾਣਕਾਰੀ ਪੰਜਾਬ ਦੇ ਮੁੱਖ ਚੋਣ ਅਫ਼ਸਰ ਡਾ. ਐੱਸ ਕਰੁਣਾ ਰਾਜੂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਵੱਖ-ਵੱਖ ਗਿਣਤੀ ਕੇਂਦਰਾਂ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਉਪਰੰਤ ਪੱਤਰਕਾਰਾਂ ਨਾਲ ਗ਼ੈਰਰਸਮੀ ਗੱਲਬਾਤ ਕਰਦੇ ਹੋਏ ਸਾਂਝੀ ਕੀਤੀ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੁੱਖ ਚੋਣ ਅਫ਼ਸਰ, ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਦੱਸਿਆ ਕਿ ਸੂਬੇ ਦੇ 13 ਲੋਕ ਸਭਾ ਹਲਕਿਆਂ 'ਚ ਪਈਆਂ ਵੋਟਾਂ ਦੀ ਗਿਣਤੀ ਲਈ ਕੁੱਲ 21 ਥਾਵਾਂ 'ਤੇ ਕੀਤੀ ਜਾਵੇਗੀ। ਗਿਣਤੀ ਸਵੇਰੇ 8 ਵਜੇ ਸ਼ੁਰੂ ਹੋ ਜਾਵੇਗੀ। ਗਿਣਤੀ ਕੇਂਦਰਾਂ ਦੇ ਆਲ਼ੇ ਦੁਆਲੇ ਥ੍ਰੀ-ਟਾਇਰ ਸਕਿਉਰਿਟੀ ਦੇ ਪ੍ਰਬੰਧ ਕੀਤੇ ਗਏ ਹਨ। ਗਿਣਤੀ ਕੇਂਦਰਾਂ ਵਿੱਚ ਕਿਸੇ ਵੀ ਆਮ ਵਿਅਕਤੀ ਦੀ ਐਂਟਰੀ ਨਹੀਂ ਹੋ ਸਕਦੀ। ਉੱਥੇ ਸਿਰਫ਼ ਗਿਣਤੀ ਕਰਨ ਵਾਲਾ ਸਟਾਫ਼, ਸੁਰੱਖਿਆ ਕਰਮੀਂ, ਚੋਣ ਅਫ਼ਸਰ, ਆਬਜ਼ਰਵਰ, ਮੀਡੀਆ ਕਰਮੀਂ, ਉਮੀਦਵਾਰ, ਪੋਲਿੰਗ ਏਜੰਟ ਹੀ ਜਾ ਸਕਦੇ ਹਨ, ਜਿਨ੍ਹਾਂ ਲਈ ਵੀ ਆਪਣਾ ਐਂਟਰੀ ਪਾਸ ਦਿਖਾਉਣਾ ਬਹੁਤ ਜ਼ਰੂਰੀ ਹੋਵੇਗਾ।

ਉਨ੍ਹਾਂ ਕਿਹਾ ਕਿ ਗਿਣਤੀ ਦੌਰਾਨ ਹਰੇਕ ਵਿਧਾਨ ਸਭਾ ਹਲਕਿਆਂ ਦੇ ਪੰਜ ਵੀ.ਵੀ.ਪੈਟ ਮਸ਼ੀਨਾਂ ਦੀਆਂ ਪਰਚੀਆਂ ਦੀ ਗਿਣਤੀ ਮੈਨੂੰਅਲੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਗਿਣਤੀ ਕੇਂਦਰਾਂ ਦੇ 100 ਮੀਟਰ ਦੇ ਘੇਰੇ ਅੰਦਰ ਆਮ ਨਾਗਰਿਕਾਂ ਅਤੇ ਵਾਹਨਾਂ ਦੀ ਆਵਾਜਾਈ 'ਤੇ ਰੋਕ ਰਹੇਗੀ। ਇਸ ਦੇ ਨਾਲ ਹੀ ਸੂਬੇ ਭਰ ਵਿੱਚ ਧਾਰਾ 144 ਤਹਿਤ ਪਾਬੰਦੀ ਦੇ ਹੁਕਮ ਵੀ ਲਾਗੂ ਹਨ। ਸੂਬੇ ਭਰ 'ਚ ਗਿਣਤੀ ਲਈ ਕੁੱਲ 3.5 ਲੱਖ ਗਿਣਤੀ ਸਟਾਫ਼ ਲਗਾਇਆ ਗਿਆ ਹੈ, ਇਸ ਤੋਂ ਇਲਾਵਾ ਸੁਰੱਖਿਆ ਪ੍ਰਬੰਧਾਂ ਤੇ ਵੀ ਲੋੜੀਂਦੀ ਗਿਣਤੀ ਵਿੱਚ ਸੁਰੱਖਿਆ ਸਟਾਫ਼ ਲਗਾਇਆ ਗਿਆ ਹੈ।

ਇਸ ਮੌਕੇ ਜ਼ਿਲ੍ਹਾ ਚੋਣ ਅਫ਼ਸਰ ਕਮ ਰਿਟਰਨਿੰਗ ਅਫ਼ਸਰ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਗਿਣਤੀ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਲੋਕ ਸਭਾ ਹਲਕਾ ਲੁਧਿਆਣਾ ਦੇ ਸਮੂਹ 9 ਵਿਧਾਨ ਸਭਾ ਹਲਕਿਆਂ ਦੀ ਗਿਣਤੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਵੱਖ-ਵੱਖ ਗਿਣਤੀ ਕੇਂਦਰਾਂ 'ਚ ਕੀਤੀ ਜਾਵੇਗੀ। ਜਦਕਿ ਜ਼ਿਲ੍ਹਾ ਲੁਧਿਆਣਾ ਦੇ ਜੋ ਪੰਜ ਵਿਧਾਨ ਸਭਾ ਹਲਕੇ (ਖੰਨਾ, ਪਾਇਲ, ਰਾਏਕੋਟ, ਸਮਰਾਲਾ ਅਤੇ ਸਾਹਨੇਵਾਲ) ਲੋਕ ਸਭਾ ਹਲਕਾ ਸ੍ਰੀ ਫਤਹਿਗੜ ਸਾਹਿਬ 'ਚ ਪੈਂਦੇ ਹਨ, ਦੀ ਗਿਣਤੀ ਸਥਾਨਕ ਗੁਰੂ ਨਾਨਕ ਇੰਜੀਨੀਅਰਿੰਗ ਐਂਡ ਪੋਲੀਟੈਕਨਿਕ ਕਾਲਜ (ਜੀ. ਐੱਨ. ਈ.) ਵਿਖੇ ਹੋਵੇਗੀ।

ਉਨ੍ਹਾਂ ਨੇ ਅੱਗੇ ਦੱਸਿਆ ਕਿ ਲੋਕ ਸਭਾ ਹਲਕਾ ਲੁਧਿਆਣਾ ਲਈ 22 ਉਮੀਦਵਾਰ ਚੋਣ ਮੈਦਾਨ ਵਿੱਚ ਹਨ, ਜਿਨ੍ਹਾਂ ਦੀ ਕਿਸਮਤ ਦਾ ਫ਼ੈਸਲਾ 10 ਲੱਖ 44 ਹਜ਼ਾਰ, 823 ਵੋਟਰਾਂ ਨੇ ਕਰਨਾ ਹੈ। ਸਾਰੇ ਨਤੀਜੇ ਦੁਪਹਿਰ 12 ਵਜੇ ਤੱਕ ਸਪਸ਼ਟ ਹੋ ਜਾਣ ਦੀ ਸੰਭਾਵਨਾ ਹੈ। ਸਮੂਹ 9 ਹਲਕਿਆਂ ਲਈ 17-17 ਗਿਣਤੀ ਟੀਮਾਂ ਲਗਾਈਆਂ ਗਈਆਂ ਹਨ, ਜਦਕਿ ਲੋੜੀਂਦੀ ਮਾਤਰਾ ਵਿੱਚ ਵਾਧੂ ਰਿਜ਼ਰਵ ਟੀਮਾਂ ਦਿੱਤੀਆਂ ਗਈਆਂ ਹਨ। ਇੱਕ ਟੀਮ ਵਿੱਚ ਇੱਕ ਮਾਈਕਰੋ ਆਬਜ਼ਰਵਰ, ਇੱਕ ਕਾਊਂਟਿੰਗ ਸੁਪਰਵਾਈਜ਼ਰ, ਇੱਕ ਸਹਾਇਕ ਕਾਊਂਟਿੰਗ ਸੁਪਰਵਾਈਜ਼ਰ ਲਗਾਏ ਗਏ ਹਨ। ਪੋਸਟਲ ਬੈਲਟ ਪੇਪਰਾਂ ਦੀ ਗਿਣਤੀ ਲਈ ਵਿਸ਼ੇਸ਼ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।

ਡੀ.ਸੀ ਪ੍ਰਦੀਪ ਅਗਰਵਾਲ ਨੇ ਦੱਸਿਆ ਕਿ ਮੀਡੀਆ ਕਰਮਚਾਰੀਆਂ ਦੀ ਸਹੂਲਤ ਲਈ ਯੂਨੀਵਰਸਿਟੀ ਸਥਿਤ ਸੁਖਦੇਵ ਭਵਨ ਵਿਖੇ ਅਤੇ ਜੀ. ਐੱਨ. ਈ ਕਾਲਜ ਸਥਿਤ ਡਿਪਲੋਮਾ ਵਰਕਸ਼ਾਪ ਵਿਖੇ ਮੀਡੀਆ ਸੈਂਟਰ ਸਥਾਪਤ ਕੀਤੇ ਗਏ ਹਨ। ਗਿਣਤੀ ਕੇਂਦਰਾਂ ਵਿੱਚ ਕਿਸੇ ਵੀ ਆਮ ਵਿਅਕਤੀ ਦੀ ਐਂਟਰੀ ਨਹੀਂ ਹੋ ਸਕਦੀ। ਉੱਥੇ ਸਿਰਫ਼ ਗਿਣਤੀ ਕਰਨ ਵਾਲਾ ਸਟਾਫ਼, ਸੁਰੱਖਿਆ ਮੁਲਾਜ਼ਮ, ਚੋਣ ਅਫ਼ਸਰ, ਆਬਜ਼ਰਵਰ, ਮੀਡੀਆ ਕਰਮੀਂ, ਉਮੀਦਵਾਰ, ਪੋਲਿੰਗ ਏਜੰਟ ਹੀ ਜਾ ਸਕਦੇ ਹਨ, ਜਿਨ੍ਹਾਂ ਲਈ ਵੀ ਆਪਣਾ ਐਂਟਰੀ ਪਾਸ ਦਿਖਾਉਣਾ ਬਹੁਤ ਜ਼ਰੂਰੀ ਹੋਵੇਗਾ।

ਇਸ ਮੌਕੇ 'ਤੇ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ, ਐੱਸਐੱਸਪੀ. ਲੁਧਿਆਣਾ ਦਿਹਾਤੀ ਵਰਿੰਦਰ ਸਿੰਘ ਬਰਾੜ, ਏਡੀਸੀ ਇਕਬਾਲ ਸਿੰਘ ਸੰਧੂ ਅਤੇ ਏਡੀਸੀ ਨੀਰੂ ਕਤਿਆਲ ਗੁਪਤਾ ਆਦਿ ਤੋਂ ਇਲਾਵਾ ਹੋਰ ਸਹਾਇਕ ਰਿਟਰਨਿੰਗ ਅਧਿਕਾਰੀ ਵੀ ਮੌਜੂਦ ਸਨ।