54 ਮੈਂਬਰਾਂ ਦੀ ਟੀਮ ਹੇਠ ਹੋਵੇਗੀ ਜ਼ਿਲ੍ਹਾ ਫ਼ਾਜ਼ਿਲਕਾ ਚ ਗਿਣਤੀ

Last Updated: May 22 2019 19:17
Reading time: 2 mins, 12 secs

ਲੋਕ ਸਭਾ ਹਲਕਾ ਫ਼ਿਰੋਜ਼ਪੁਰ ਅਧੀਨ ਪੈਂਦੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਚਾਰ ਵਿਧਾਨ ਸਭਾ ਹਲਕਿਆਂ ਫ਼ਾਜ਼ਿਲਕਾ, ਜਲਾਲਾਬਾਦ, ਅਬੋਹਰ ਅਤੇ ਬੱਲੂਆਣਾ ਲਈ 19 ਮਈ ਨੂੰ ਪਈਆਂ ਵੋਟਾਂ ਦੀ ਗਿਣਤੀ 23 ਮਈ ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗੀ। ਜ਼ਿਲ੍ਹੇ ਵਿੱਚ ਗਿਣਤੀ ਦੋ ਥਾਵਾਂ 'ਤੇ ਕੀਤੀ ਜਾਵੇਗੀ, ਜਿਨ੍ਹਾਂ ਵਿੱਚ ਵਿਧਾਨ ਸਭਾ ਹਲਕਾ ਫ਼ਾਜ਼ਿਲਕਾ ਅਤੇ ਜਲਾਲਾਬਾਦ ਲਈ ਗਿਣਤੀ ਕੇਂਦਰ ਐਸ.ਕੇ.ਬੀ. ਡੀ.ਏ.ਵੀ. ਸਕੂਲ ਪੈਂਚਾਂ ਵਾਲੀ ਵਿਖੇ ਸਥਾਪਤ ਕੀਤੇ ਗਏ ਹਨ ਜਦਕਿ ਵਿਧਾਨ ਸਭਾ ਹਲਕਾ ਅਬੋਹਰ ਅਤੇ ਬੱਲੂਆਣਾ ਲਈ ਗਿਣਤੀ ਕੇਂਦਰ ਐਮ.ਆਰ. ਸਰਕਾਰੀ ਕਾਲਜ ਫ਼ਾਜ਼ਿਲਕਾ ਵਿੱਚ ਬਣਾਏ ਗਏ ਹਨ।

ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਛੱਤਵਾਲ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਿਣਤੀ ਲਈ ਪੁਖ਼ਤਾ ਇੰਤਜ਼ਾਮ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੇਂਦਰ ਵਿੱਚ ਪੁਲਿਸ ਅਤੇ ਨੀਮ ਫ਼ੌਜੀ ਬਲਾਂ ਦੀ ਸੁਰੱਖਿਆ ਛੱਤਰੀ ਹੇਠ ਗਿਣਤੀ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 54 ਗਿਣਤੀ ਟੀਮਾਂ ਬਣਾਈਆਂ ਗਈਆਂ ਹਨ। ਹਰੇਕ ਹਲਕੇ ਲਈ 14 ਗਿਣਤੀ ਟੀਮਾਂ ਬਣਾਈ ਗਈਆਂ ਹਨ ਅਤੇ ਹਰੇਕ ਟੀਮ ਵਿੱਚ 4 ਮੈਂਬਰ ਹੋਣਗੇ। ਉਨ੍ਹਾਂ ਦੱਸਿਆ ਕਿ ਬੱਲੂਆਣਾ ਹਲਕੇ ਲਈ 12 ਟੀਮਾਂ ਸਥਾਪਤ ਕੀਤੀਆਂ ਗਈਆਂ ਹਨ।

ਉਨ੍ਹਾਂ ਦੱਸਿਆ ਕਿ ਗਿਣਤੀ ਵਾਸਤੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਵੋਟਾਂ ਦੀ ਗਿਣਤੀ ਪੂਰੀ ਨਿਰਪੱਖਤਾ ਅਤੇ ਸਾਵਧਾਨੀ ਨਾਲ ਕਰਾਉਣ ਲਈ ਚੋਣ ਕਮਿਸ਼ਨ ਵੱਲੋਂ ਜ਼ਿਲ੍ਹੇ ਵਿੱਚ ਦੋ ਗਿਣਤੀ ਨਿਗਰਾਨ ਸ਼੍ਰੀ ਪੌਲੇਨਥੇਂਗ ਵਾਈਫ਼ੇਈ ਅਤੇ ਸ਼੍ਰੀ ਕਮਲੇਸ਼ ਕੁਮਾਰ ਸਿੰਘ ਨੂੰ ਤੈਨਾਤ ਕੀਤਾ ਗਿਆ ਹੈ। ਸ. ਛੱਤਵਾਲ ਨੇ ਦੱਸਿਆ ਕਿ ਗਿਣਤੀ ਨਿਗਰਾਨ ਸ਼੍ਰੀ ਕਮਲੇਸ਼ ਕੁਮਾਰ ਸਿੰਘ ਵਿਧਾਨ ਸਭਾ ਹਲਕਾ ਫ਼ਾਜ਼ਿਲਕਾ ਅਤੇ ਜਲਾਲਾਬਾਦ ਦੇ ਗਿਣਤੀ ਕੇਂਦਰਾਂ ਦੀ ਨਿਗਰਾਨੀ ਕਰਨਗੇ ਜਦਕਿ ਸ਼੍ਰੀ ਪੌਲੇਨਥੇਂਗ ਵਾਈਫ਼ੇਈ ਵਿਧਾਨ ਸਭਾ ਹਲਕਾ ਅਬੋਹਰ ਅਤੇ ਬੱਲੂਆਣਾ ਦੇ ਗਿਣਤੀ ਕੇਂਦਰਾਂ 'ਤੇ ਬਾਜ਼ ਅੱਖ ਰੱਖਣਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਗਿਣਤੀ ਸਟਾਫ਼ ਦੀ ਤੈਨਾਤੀ ਲਈ ਅੱਜ ਸਵੇਰੇ ਉਕਤ ਦੋਵਾਂ ਗਿਣਤੀ ਨਿਗਰਾਨਾਂ ਦੀ ਮੌਜੂਦਗੀ ਵਿੱਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਰੈਂਡੇਮਾਈਜ਼ੇਸ਼ਨ (ਕੰਪਿਊਟ੍ਰੀਕਿਤ ਵੰਡ) ਕਰਵਾ ਕੇ ਡਿਊਟੀਆਂ ਲਾਈਆਂ ਗਈਆਂ।

ਜ਼ਿਲ੍ਹਾ ਚੋਣ ਅਫ਼ਸਰ ਸ. ਛੱਤਵਾਲ ਨੇ ਗਿਣਤੀ ਟੀਮਾਂ ਨੂੰ ਹਦਾਇਤ ਕੀਤੀ ਕਿ ਉਹ ਸਵੇਰੇ 6 ਵਜੇ ਆਪਣੇ ਹਲਕੇ ਨਾਲ ਸਬੰਧਿਤ ਕਾਊਂਟਿੰਗ ਹਾਲ ਵਿਖੇ ਰਿਪੋਰਟ ਕਰਨ, ਜਿੱਥੇ ਸਬੰਧਿਤ ਏ.ਆਰ.ਓਜ਼. ਵੱਲੋਂ ਉਨ੍ਹਾਂ ਨੂੰ ਗਿਣਤੀ ਟੇਬਲ ਦਾ ਨੰਬਰ ਅਲਾਟ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਐਸ.ਐਸ.ਪੀ. ਸ਼੍ਰੀ ਦੀਪਕ ਹਿਲੋਰੀ ਸਮੁੱਚੇ ਗਿਣਤੀ ਕੇਂਦਰਾਂ ਦਾ ਸੁਰੱਖਿਆ ਪ੍ਰਬੰਧ ਵੇਖਣਗੇ ਅਤੇ ਕਿਸੇ ਨੂੰ ਵੀ ਸ਼ਾਂਤੀ ਅਤੇ ਕਾਨੂੰਨ ਵਿਵਸਥਾ 'ਚ ਵਿਘਨ ਪਾਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਦੱਸਣਯੋਗ ਹੈ ਕਿ 19 ਮਈ ਨੂੰ ਫ਼ਾਜ਼ਿਲਕਾ ਜ਼ਿਲ੍ਹੇ ਦੇ 782 ਬੂਥਾਂ 'ਤੇ 74.85 ਫ਼ੀਸਦੀ ਵੋਟਿੰਗ ਹੋਈ ਸੀ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ ਦੇ ਮੱਦੇਨਜ਼ਰ ਜ਼ਿਲ੍ਹੇ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਲੋਕ ਪ੍ਰਤੀਨਿਧਤਾ ਐਕਟ, 1951 ਦੀ ਧਾਰਾ 135 (ਸੀ) ਤਹਿਤ 23 ਮਈ ਨੂੰ ਜ਼ਿਲ੍ਹੇ ਵਿੱਚ ਮੁਕੰਮਲ ਸ਼ਰਾਬਬੰਦੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਡਰਾਈ-ਡੇ ਦੇ ਮੱਦੇਨਜ਼ਰ ਆਬਕਾਰੀ ਐਕਟ 1914 ਦੀ ਧਾਰਾ 34 ਅਧੀਨ ਜ਼ਿਲ੍ਹੇ ਦੀ ਹਦੂਦ ਅੰਦਰ ਹੋਟਲਾਂ, ਮੈਰਿਜ ਪੈਲੇਸਾਂ, ਢਾਬਿਆਂ, ਸ਼ਰਾਬ ਦੇ ਹਾਤਿਆਂ ਆਦਿ ਵਿੱਚ ਸ਼ਰਾਬ ਵਰਤਾਉਣ, ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਅਤੇ ਜ਼ਿਲ੍ਹੇ ਦੀਆਂ ਸ਼ਰਾਬ ਦੀਆਂ ਦੁਕਾਨਾਂ ਤੋਂ ਸ਼ਰਾਬ ਵੇਚਣ 'ਤੇ ਮੁਕੰਮਲ ਪਾਬੰਦੀ ਰਹੇਗੀ।