ਨਤੀਜਿਆਂ ਦੌਰਾਨ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਪੁਲਿਸ ਤਿਆਰ, ਸ਼ਰਾਬ ਠੇਕੇ ਰਹਿਣਗੇ ਬੰਦ

Last Updated: May 22 2019 18:42
Reading time: 1 min, 35 secs

ਕੱਲ੍ਹ 23 ਮਈ ਨੂੰ ਚੋਣ ਨਤੀਜਿਆਂ ਦਾ ਜਿੱਥੇ ਸਾਰਿਆਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ ਉੱਥੇ ਹੀ ਪ੍ਰਸ਼ਾਸਨ ਵੱਲੋਂ ਇਸ ਦੌਰਾਨ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਪ੍ਰਬੰਧ ਕਰ ਲਏ ਗਏ ਹਨ। ਮੁੱਖ ਚੋਣ ਕਮਿਸ਼ਨ ਦੀਆਂ ਹਦਾਇਤਾਂ 'ਤੇ ਕੱਲ੍ਹ ਪੂਰਨ ਤੌਰ 'ਤੇ ਡਰਾਈ ਡੇ ਰਹੇਗਾ ਅਤੇ ਇਸ ਦਿਨ ਕੋਈ ਵੀ ਸ਼ਰਾਬ ਠੇਕਾ ਨਹੀਂ ਖੁੱਲ੍ਹੇਗਾ। 23 ਮਈ ਦੀ ਸਵੇਰ 8 ਵਜੇ ਵੋਟਾਂ ਦੀ ਗਿਣਤੀ ਦਾ ਦੌਰ ਸ਼ੁਰੂ ਹੁੰਦੇ ਹੀ ਰੁਝਾਨ ਆਉਣੇ ਸ਼ੁਰੂ ਹੋ ਜਾਣਗੇ ਅਤੇ ਸ਼ਾਮ ਤੱਕ ਪੂਰੇ ਦੇਸ਼ 'ਚ ਲੋਕਸਭਾ ਚੋਣਾਂ ਨੂੰ ਲੈ ਕੇ ਹੋਈ ਵੋਟਿੰਗ ਦੀ ਸਥਿਤੀ ਸਾਫ਼ ਹੋ ਜਾਵੇਗੀ। ਜ਼ਿਆਦਾਤਰ ਸੀਟਾਂ ਦੀ ਸਥਿਤੀ ਦੁਪਹਿਰ ਤੱਕ ਹੀ ਸਪਸ਼ਟ ਹੋਣ ਕਰਕੇ ਪਾਰਟੀ ਵਰਕਰਾਂ ਵੱਲੋਂ ਖ਼ੁਸ਼ੀ ਦਾ ਪ੍ਰਗਟਾਵਾ ਵੀ ਕੀਤਾ ਜਾਵੇਗਾ ਅਤੇ ਅਜਿਹੀ ਸਥਿਤੀ 'ਚ ਕੋਈ ਘਟਨਾ ਨਾ ਵਾਪਰੇ ਅਤੇ ਵਿਰੋਧੀ ਪਾਰਟੀ ਦੇ ਵਰਕਰਾਂ ਅਤੇ ਆਗੂਆਂ ਵਿਚਕਾਰ ਕੋਈ ਤਣਾਅ ਵਾਲੀ ਸਥਿਤੀ ਨਾ ਬਣੇ ਇਸਦੇ ਲਈ ਪ੍ਰਸ਼ਾਸਨ ਅਤੇ ਪੁਲਿਸ ਸਣੇ ਸੁਰੱਖਿਆ ਬਲਾਂ ਵੱਲੋਂ ਪੂਰੀ ਸਾਵਧਾਨੀ ਵਰਤੀ ਜਾਵੇਗੀ।

ਪੂਰੇ ਭਾਰਤ 'ਚ ਇਸ ਦਿਨ ਸ਼ਰਾਬ ਦੇ ਠੇਕੇ ਬੰਦ ਰੱਖੇ ਜਾਣਗੇ ਅਤੇ ਠੇਕਾ ਖੁੱਲ੍ਹਿਆ ਪਾਏ ਜਾਣ 'ਤੇ ਸ਼ਰਾਬ ਠੇਕੇਦਾਰ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਠੇਕੇ ਬੰਦ ਰੱਖਣ ਪਿੱਛੇ ਕਾਰਨ ਹੈ ਕਿ ਵਰਕਰ ਸ਼ਰਾਬ ਪੀ ਕੇ ਆਪਣਾ ਹੋਸ਼ ਨਾ ਗਵਾਉਣ ਅਤੇ ਆਪਣੇ ਵਿਰੋਧੀਆਂ ਨਾਲ ਕਿਸੇ ਗੱਲ 'ਤੇ ਝਗੜਾ ਨਾ ਕਰ ਬੈਠਣ, ਇਸ ਨੂੰ ਧਿਆਨ 'ਚ ਰੱਖਦੀਆਂ ਅਜਿਹਾ ਫ਼ੈਸਲਾ ਕਰਕੇ ਐਕਸਾਈਜ਼ ਵਿਭਾਗ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਅਬੋਹਰ ਦੇ ਡੀ.ਐਸ.ਪੀ ਕੁਲਦੀਪ ਸਿੰਘ ਭੁੱਲਰ ਨੇ ਦੱਸਿਆ ਕਿ ਕੱਲ੍ਹ ਦੀ ਸਥਿਤੀ ਨੂੰ ਲੈ ਕੇ ਪੂਰੀ ਤਿਆਰੀ ਹੋ ਚੁੱਕੀ ਹੈ ਅਤੇ ਨਤੀਜਿਆਂ ਤੋਂ ਬਾਅਦ ਪਾਰਟੀ ਵਰਕਰਾਂ 'ਚ ਖ਼ੁਸ਼ੀ ਲਾਜ਼ਮੀ ਹੈ ਪਰ ਇਸ ਦੌਰਾਨ ਉਨ੍ਹਾਂ ਵੱਲੋਂ ਆਪਣੇ ਵਿਰੋਧੀਆਂ ਨਾਲ ਝਗੜਾ, ਬੋਲਚਾਲ ਜਾਂ ਫਿਰ ਕਿਸੇ ਤਰ੍ਹਾਂ ਦੀ ਟਿੱਪਣੀ ਕਰਨੀ ਜਾਂ ਫਿਰ ਹੁੱਲੜਬਾਜ਼ੀ ਨੂੰ ਕਿਸੀ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਅਮਨ-ਸ਼ਾਂਤੀ ਅਤੇ ਕਾਨੂੰਨ ਵਿਵਸਥਾ ਨੂੰ ਬਣਾਏ ਰੱਖਣ ਲਈ ਉਹ ਪਾਬੰਦ ਹਨ। ਉਨ੍ਹਾਂ ਸਾਰੀਆਂ ਪਾਰਟੀਆਂ ਦੇ ਆਗੂਆਂ ਤੇ ਵਰਕਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੀ ਪ੍ਰਸ਼ਾਸਨ ਦਾ ਸਾਥ ਦੇਣ ਅਤੇ ਅਮਨ ਸ਼ਾਂਤੀ ਦੇ ਨਾਲ-ਨਾਲ ਕਾਨੂੰਨ ਵਿਵਸਥਾ ਨੂੰ ਬਣਾਏ ਰੱਖਣ 'ਚ ਆਪਣਾ ਸਹਿਯੋਗ ਦੇਣ।