ਕਿਤੇ ਬੇਭਰੋਸਗੀ ਦੀ ਨਿਸ਼ਾਨੀ ਤਾਂ ਨਹੀਂ, ਜਨਤਾ ਵੱਲੋਂ ਵੋਟਾਂ ਨੂੰ ਨਕਾਰ ਦੇਣਾ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: May 22 2019 18:02
Reading time: 2 mins, 29 secs

ਵੋਟਾਂ ਪੈ ਚੁੱਕੀਆਂ ਹਨ, ਇੱਕ ਦਿਨ ਵਿਚਾਲੇ ਹੈ, ਨਤੀਜਾ ਵੀ ਆ ਹੀ ਜਾਵੇਗਾ ਪਰ, ਇਸ ਸਭ ਦੇ ਦਰਮਿਆਨ ਵੱਡਾ ਸਵਾਲ ਇੱਕ ਉੱਭਰ ਕੇ ਸਾਹਮਣੇ ਆ ਰਿਹਾ ਹੈ ਕਿ, ਆਖ਼ਰ ਵੋਟਰ, ਵੋਟ ਪਾਉਣੋਂ ਇੰਨਾ ਗੁਰੇਜ਼ ਕਿਉਂ ਕਰਨ ਲੱਗ ਪਏ ਹਨ? ਕਿਉਂ ਉਹ ਵੋਟਾਂ ਵਾਲੇ ਦਿਨ ਘਰੋਂ ਨਿਕਲਣਾ ਪਸੰਦ ਨਹੀਂ ਕਰਦੇ? ਕਿਉਂ ਉਹ ਵੋਟਾਂ ਵਾਲੇ ਦਿਨ ਨੂੰ ਵੀ ਇੱਕ ਆਮ ਛੁੱਟੀ ਵਾਂਗ ਹੀ ਆਪਣੇ ਪਰਿਵਾਰ ਵਿੱਚ ਰਹਿ ਕੇ ਬਿਤਾਉਣਾ ਲੋਚਣ ਲੱਗ ਪਏ ਹਨ? ਕਿਤੇ ਬੇਭਰੋਸਗੀ ਦੀ ਨਿਸ਼ਾਨੀ ਤਾਂ ਨਹੀਂ ਲੋਕਾਂ ਵੱਲੋਂ ਵੋਟਾਂ ਨੂੰ ਨਕਾਰ ਦੇਣਾ?

ਦੋਸਤੋ, ਬਿਨਾਂ ਸ਼ੱਕ ਇਹ ਇੱਕ ਬੇਹੱਦ ਮਾੜਾ ਚੱਲਣ ਹੈ, ਜਿਸ ਦੇ ਮਾੜੇ ਨਤੀਜੇ ਨਿਕਲ ਵੀ ਚੁੱਕੇ ਹਨ, ਤੇ ਭਵਿੱਖ ਵਿੱਚ ਵੀ ਮਾੜੇ ਨਹੀਂ ਨਿਕਲਣਗੇ, ਯਕੀਨ ਨਾਲ ਨਹੀਂ ਕਿਹਾ ਜਾ ਸਕਦਾ। ਜੇਕਰ ਸੂਬਾ ਪੰਜਾਬ ਦੀ ਹੀ ਗੱਲ ਕਰੀਏ ਤਾਂ, ਸਾਲ 2014 ਦੌਰਾਨ ਪੰਜਾਬ ਵਿੱਚ 70. 89 ਫ਼ੀਸਦੀ ਵੋਟਾਂ ਪਈਆਂ ਸਨ ਜਦਕਿ ਇਸ ਵਾਰ ਵੋਟ ਪ੍ਰਤੀਸ਼ਤ ਘਟ ਕੇ ਮਹਿਜ਼ 65.96 ਪ੍ਰਤੀਸ਼ਤ ਹੀ ਰਹਿ ਗਿਆ ਹੈ, ਜਿਸਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ, ਸੂਬੇ ਦੇ ਲਗਭਗ 5 ਪ੍ਰਤੀਸ਼ਤ ਵੋਟਰਾਂ ਨੇ ਇਸ ਵਾਰ ਖ਼ੁਦ ਨੂੰ ਈ. ਵੀ. ਐੱਮ. ਮਸ਼ੀਨਾਂ ਦੇ ਬਟਨਾਂ ਤੋਂ ਦੂਰ ਹੀ ਰੱਖਿਆ ਹੈ। 

ਦੋਸਤੋ, ਗੱਲ ਕਰੀਏ ਜੇਕਰ ਸਿਆਸੀ ਮਾਹਿਰਾਂ ਦੀ ਤਾਂ, ਇਸ ਵਾਰ ਅੰਮ੍ਰਿਤਸਰ, ਖਡੂਰ ਸਾਹਿਬ, ਜਲੰਧਰ, ਹੁਸ਼ਿਆਰਪੁਰ, ਅਨੰਦਪੁਰ ਸਾਹਿਬ, ਲੁਧਿਆਣਾ ਤੇ ਫ਼ਰੀਦਕੋਟ ਹਲਕਿਆਂ ਵਿੱਚ ਸਾਲ 2014 ਦੇ ਮੁਕਾਬਲੇ ਵੱਧ ਵੋਟਾਂ ਪੈਣ ਦੀ ਉਮੀਦ ਜਤਾਈ ਜਾ ਰਹੀ ਸੀ, ਪਰ ਅਜਿਹਾ ਹੋਇਆ ਨਹੀਂ। 

ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ, ਇਸ ਵਾਰ, ਸੂਬਾ ਪੰਜਾਬ ਦੇ 13 ਲੋਕ ਸਭਾ ਹਲਕਿਆਂ ਵਿੱਚ 278 ਉਮੀਦਵਾਰ ਚੋਣ ਮੈਦਾਨ ਵਿੱਚ ਸਨ। ਗੱਲ ਕਰੀਏ ਜੇਕਰ ਹਲਕਾ ਪਟਿਆਲਾ ਦੀ ਤਾਂ ਭਾਵੇਂ ਕਿ, ਇੱਥੇ ਕੁੱਲ 67.77 ਫ਼ੀਸਦੀ ਵੋਟਾਂ ਹੀ ਪਈਆਂ ਪਰ, ਬਾਵਜੂਦ ਇਸ ਦੇ ਇਹ ਵੋਟ ਪ੍ਰਤੀਸ਼ਤ ਸੂਬੇ ਦੀਆਂ ਔਸਤਨ ਵੋਟਾਂ ਤੋਂ ਵੱਧ ਹੈ। ਸਿਆਸੀ ਮਾਹਿਰ ਪਟਿਆਲਾ ਵਿੱਚ ਇਸ ਤੋਂ ਕਿਤੇ ਵੱਧ ਵੋਟਾਂ ਪੈਣ ਦੀ ਉਮੀਦ ਲਗਾਈ ਬੈਠੇ ਸਨ। 

ਦੂਜੇ ਪਾਸੇ ਗੱਲ ਕਰੀਏ ਜੇਕਰ ਚੋਣ ਹਲਕਾ ਬਠਿੰਡਾ ਦੀ ਤਾਂ ਉੱਥੇ, ਪਟਿਆਲਾ ਦੇ ਮੁਕਾਬਲੇ ਵੋਟ ਪ੍ਰਤੀਸ਼ਤ ਕਿਤੇ ਵਧ ਦਰਜ ਕੀਤਾ ਗਿਆ, ਇੱਥੇ 74.10 ਫ਼ੀਸਦੀ ਵੋਟਾਂ ਪਈਆਂ, ਜੋਕਿ ਸਮੁੱਚੇ ਸੂਬੇ ਵਿੱਚ ਸਭ ਤੋਂ ਦਰਜ ਕੀਤਾ ਗਿਆ ਜੋ ਕਿ ਸਿਆਸੀ ਮਾਹਿਰਾਂ ਅਨੁਸਾਰ ਆਮ ਵਰਤਾਰਾ ਨਹੀਂ ਹੈ। 

ਇਸੇ ਤਰਾਂ ਗੱਲ ਕਰੀਏ ਅਟਾਰੀ ਹਲਕੇ ਦੀ ਤਾਂ ਇੱਥੇ ਸਭ ਤੋਂ ਘੱਟ 49 ਫ਼ੀਸਦੀ ਪੋਲਿੰਗ ਹੋਈ ਜਦਕਿ ਅੰਮ੍ਰਿਤਸਰ (ਪੱਛਮੀ) ਵਿੱਚ ਵੀ ਵੋਟ ਪ੍ਰਤੀਸ਼ਤ ਮਹਿਜ਼ 49. 24 ਹੀ ਦਰਜ ਕੀਤਾ ਗਿਆ। ਬਠਿੰਡਾ ਦੇ ਬੁਢਲਾਡਾ ਇਲਾਕੇ ਵਿੱਚ ਇਸ ਵਾਰ 78.8 ਫ਼ੀਸਦੀ ਪੋਲਿੰਗ ਹੋਈ ਜਦਕਿ ਜਲਾਲਾਬਾਦ ਵਿੱਚ 77.97 ਫ਼ੀਸਦੀ ਵੋਟਾਂ ਪਈਆਂ। 

ਦੋਸਤੋ, ਅਜਿਹਾ ਵੀ ਨਹੀਂ ਹੈ ਕਿ, ਸਾਲ 2014 ਦੇ ਮੁਕਾਬਲੇ ਸਾਰੀਆਂ ਥਾਵਾਂ ਤੇ ਵੋਟ ਪ੍ਰਤੀਸ਼ਤ ਘਟਿਆ ਹੈ, ਕਈ ਥਾਵਾਂ ਤੇ ਵਧਿਆ ਵੀ ਹੈ, ਸਿਆਸੀ ਮਾਹਿਰ ਮੰਨਦੇ ਹਨ ਕਿ, ਲੋੜ ਨਾਲੋਂ ਵਧਿਆ ਤੇ ਲੋੜ ਨਾਲੋਂ ਘਟਿਆ, ਵੋਟ ਪ੍ਰਤੀਸ਼ਤ ਅਕਸਰ ਕਈ ਤਰਾਂ ਦੇ ਸ਼ੱਕ ਸੂਬੇ ਪੈਦਾ ਕਰ ਜਾਂਦਾ ਹੈ। 

ਦੋਸਤੋ, ਵੱਧ ਵੋਟਾਂ ਪੈਣ ਬਾਰੇ ਅਸੀਂ ਕੋਈ ਕੁਮੈਂਟ ਨਹੀਂ ਕਰਨਾ ਪਰ, ਸਿਆਸੀ ਮਾਹਿਰਾਂ ਅਨੁਸਾਰ, ਘਟਿਆ ਵੋਟ ਪ੍ਰਤੀਸ਼ਤ ਇਸ ਗੱਲ ਦਾ ਸੰਕੇਤ ਮੰਨਿਆ ਜਾ ਸਕਦੈ ਕਿ, ਜਨਤਾ ਚੋਣ ਪ੍ਰਕਿਰਿਆ ਨੂੰ ਨਕਾਰਦੀ ਜਾ ਰਹੀ ਹੈ, ਜਾਂ ਇੰਝ ਆਖ ਲਓ ਕਿ, ਜਨਤਾ ਦਾ ਚੋਣ ਪ੍ਰਕਿਰਿਆ ਤੋਂ ਵਿਸ਼ਵਾਸ ਉੱਠਦਾ ਜਾ ਰਿਹੈ। ਸਿਆਸੀ ਚੂੰਢਮਾਰਾਂ ਅਨੁਸਾਰ, ਇਹ ਲੋਕਾਂ ਦੇ ਵਿਰੋਧ ਦਾ ਇੱਕ ਗਾਂਧੀਵਾਦੀ ਤਰੀਕਾ ਵੀ ਹੋ ਸਕਦਾ ਹੈ ਪਰ, ਇਹ ਵੀ ਇੱਕ ਕੌੜੀ ਸਚਾਈ ਹੈ ਕਿ, ਇਸ ਨਾਲ ਜਨਤਾ ਤੇ ਅਣਚਾਹੀਆਂ ਸਿਆਸੀ ਪਾਰਟੀਆਂ ਨੂੰ ਰਾਜ ਕਰਨ ਦਾ ਮੌਕਾ ਮਿਲ ਜਾਂਦਾ ਹੈ।