ਕੱਲ੍ਹ ਨੂੰ ਆਉਣ ਵਾਲੇ ਚੋਣ ਨਤੀਜਿਆਂ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ

Last Updated: May 22 2019 13:58
Reading time: 1 min, 10 secs

ਬੀਤੀ 19 ਮਈ ਨੂੰ ਦੇਸ਼ ਦੀਆਂ ਆਮ ਚੋਣਾਂ ਦੇ ਆਖ਼ਰੀ ਚਰਣ ਦੀ ਸਮਾਪਤੀ ਦੇ ਨਾਲ ਹੀ ਪੂਰੀ ਹੋਈ ਚੋਣ ਪ੍ਰਕਿਰਿਆ ਤੋਂ ਬਾਅਦ ਹੁਣ ਪੂਰੇ ਦੇਸ਼ ਦੀਆਂ ਨਜ਼ਰਾਂ ਕੱਲ੍ਹ ਨੂੰ ਆਉਣ ਵਾਲੇ ਚੋਣ ਨਤੀਜਿਆਂ 'ਤੇ ਟਿਕੀਆਂ ਹੋਈਆਂ ਹਨ। ਮੌਜੂਦਾ ਸਮੇਂ ਜਿੱਥੇ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਪਾਰਟੀ ਵਰਗੀਆਂ ਪ੍ਰਮੁੱਖ ਦਾਅਵੇਦਾਰ ਪਾਰਟੀਆਂ ਦਾ ਸਾਰਾ ਧਿਆਨ ਕੱਲ੍ਹ ਨੂੰ ਹੋਣ ਵਾਲੇ ਚੋਣ ਨਤੀਜਿਆਂ ਦੇ ਐਲਾਨ 'ਤੇ ਕੇਂਦਰਿਤ ਹੈ, ਉੱਥੇ ਦੇਸ਼ ਦੀ ਸਵਾ ਸੌ ਕਰੋੜ ਜਨਤਾ ਵੀ ਲੋਕਸਭਾ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਕਾਫੀ ਉਤਸੁਕ ਨਜ਼ਰ ਆ ਰਹੀ ਹੈ। ਲੋਕਸਭਾ ਚੋਣਾਂ ਦੇ ਇਸ ਮਹਾਂਦੰਗਲ ਨੂੰ ਲੈ ਕੇ ਪਿਛਲੇ ਇੱਕ-ਡੇਢ ਮਹੀਨੇ ਤੋਂ ਦੇਸ਼ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਵੱਡੇ-ਵੱਡੇ ਰਾਜਨੀਤਿਕ ਆਗੂ ਅਤੇ ਉਨ੍ਹਾਂ ਦੇ ਸਮਰਥਕ ਪੂਰੀ ਸਰਗਰਮੀ ਨਾਲ ਚੋਣ ਪ੍ਰਚਾਰ ਕਰਦੇ ਰਹੇ ਹਨ, ਜੋ ਹੁਣ ਕੱਲ੍ਹ ਦੇ ਚੋਣ ਨਤੀਜਿਆਂ ਦਾ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

ਇਹਨਾਂ ਚੋਣ ਨਤੀਜਿਆਂ ਨੂੰ ਲੈ ਕੇ ਹਰੇਕ ਜਗ੍ਹਾ ਚਰਚਾਵਾਂ ਦਾ ਬਜ਼ਾਰ ਪੂਰੀ ਤਰ੍ਹਾਂ ਗਰਮ ਹੈ। ਉਂਝ ਭਾਵੇਂ ਐਗਜ਼ਿਟ ਪੋਲ ਵੱਲੋਂ ਲਗਾਏ ਗਏ ਅਨੁਮਾਨ ਨੂੰ ਵੇਖਦੇ ਹੋਏ ਭਾਜਪਾ ਅਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਦੇ ਸਮਰਥਕਾਂ ਵਿੱਚ ਭਾਰੀ ਖ਼ੁਸ਼ੀ ਪਾਈ ਜਾ ਰਹੀ ਹੈ, ਪਰ ਦੂਜੀਆਂ ਪਾਰਟੀਆਂ ਦੇ ਸਮਰਥਕ ਵੀ ਆਪਣੀ ਪਾਰਟੀ ਦੀ ਜਿੱਤ ਨੂੰ ਲੈ ਕੇ ਕਾਫੀ ਆਸਵੰਦ ਹਨ। ਇਹਨਾਂ ਚੋਣ ਨਤੀਜਿਆਂ ਨੂੰ ਲੈ ਕੇ ਕਈ ਸਿਆਸੀ ਪਾਰਟੀਆਂ ਦੇ ਸਮਰਥਕਾਂ ਵੱਲੋਂ ਇੱਕ-ਦੂਜੇ ਨਾਲ ਸ਼ਰਤਾਂ ਵੀ ਲਗਾਈਆਂ ਜਾ ਰਹੀਆਂ ਹਨ, ਪਰ ਜਿੰਨੀ ਦੇਰ ਤੱਕ ਚੋਣ ਨਤੀਜਿਆਂ ਦਾ ਐਲਾਨ ਨਹੀਂ ਹੁੰਦਾ ਓਨੀ ਦੇਰ ਇਹ ਭੇਦ ਬਰਕਰਾਰ ਹੀ ਰਹੇਗਾ ਕਿ ਅਗਲੀ ਸਰਕਾਰ ਕਿਸ ਪਾਰਟੀ ਦੀ ਆ ਰਹੀ ਹੈ।