ਚੋਣ ਨਤੀਜਿਆਂ ਦੇ ਬਾਅਦ ਸੂਬੇ 'ਚ ਖੁੱਸ ਸਕਦੀ ਹੈ ਕੈਪਟਨ ਦੀ ਕੁਰਸੀ: ਸਿਮਰਜੀਤ ਬੈਂਸ

Last Updated: May 22 2019 13:19
Reading time: 2 mins, 9 secs

ਲੋਕ ਸਭਾ ਚੋਣਾਂ-2019 ਦੇ ਸੱਤਵੇਂ ਤੇ ਆਖ਼ਰੀ ਪੜਾਅ ਦੌਰਾਨ ਪੰਜਾਬ ਸੂਬੇ ਅੰਦਰ ਬੀਤੀ 19 ਮਈ ਨੂੰ ਚੋਣ ਪ੍ਰਕਿਰਿਆ ਸੰਪੰਨ ਹੋ ਗਈ ਹੈ। ਭਲਕੇ 23 ਮਈ ਨੂੰ ਲੋਕ ਸਭਾ ਚੋਣਾਂ ਲਈ ਪਈਆਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ। ਹਰੇਕ ਪਾਰਟੀ ਦੇ ਸਿਆਸੀ ਆਗੂਆਂ ਵੱਲੋਂ ਆਪੋ-ਆਪਣੇ ਉਮੀਦਵਾਰਾਂ ਦੀ ਜਿੱਤ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ। ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ (ਪੀ.ਪੀ.ਸੀ.ਬੀ) ਵੱਲੋਂ ਲੋਕ ਸਭਾ ਚੋਣਾਂ ਦੌਰਾਨ ਮਿਸ਼ਨ-13 ਪੰਜਾਬ ਲੈ ਕੇ ਚੋਣਾਂ ਲੜੀਆਂ ਗਈਆਂ। ਸੂਬੇ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣਾਂ ਤੋਂ ਪਹਿਲਾਂ ਐਲਾਨ ਕੀਤਾ ਗਿਆ ਸੀ ਕਿ ਕਾਂਗਰਸ ਪਾਰਟੀ ਸੂਬੇ ਵਿੱਚੋਂ 13 ਦੀਆਂ 13 ਲੋਕ ਸਭਾ ਸੀਟਾਂ ਜਿੱਤ ਕੇ ਹਾਈਕਮਾਂਡ ਦੀ ਝੋਲੀ 'ਚ ਪਾਵੇਗੀ।

ਪਰ ਸੂਬੇ 'ਚ ਬਣੇ ਮੌਜੂਦਾ ਹਾਲਾਤ ਮੁਤਾਬਿਕ ਅਜਿਹਾ ਹੁੰਦਾ ਦਿਖਾਈ ਨਹੀਂ ਦੇ ਰਿਹਾ ਹੈ। ਦੂਜੇ ਪਾਸੇ, ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਅਤੇ ਉਸ ਤੋਂ ਪਹਿਲਾਂ ਬਾਅਦਲਕਿਆਂ ਦੀ ਨੱਕ 'ਚ ਦਮ ਕਰਨ ਵਾਲੇ ਆਜ਼ਾਦ ਵਿਧਾਇਕ ਤੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਸਖ਼ਤ ਬਿਆਨ ਦਿੱਤਾ ਹੈ। ਸਿਮਰਜੀਤ ਸਿੰਘ ਬੈਂਸ ਦਾ ਕਹਿਣਾ ਹੈ ਕਿ 23 ਮਈ ਨੂੰ ਵੋਟਾਂ ਦੀ ਗਿਣਤੀ ਦੇ ਬਾਅਦ ਜੇਕਰ ਕਾਂਗਰਸ ਪਾਰਟੀ ਚੰਗਾ ਪ੍ਰਦਰਸ਼ਨ ਕਰਦੇ ਹੋਏ ਸਾਹਮਣੇ ਨਾ ਆਈ ਤਾਂ ਪੰਜਾਬ ਸਰਕਾਰ 'ਚ ਵੱਡਾ ਬਦਲਾਅ ਹੋ ਸਕਦਾ ਹੈ।

ਉਨ੍ਹਾਂ ਕਿਹਾ ਕਿ ਚੋਣ ਨਤੀਜਿਆਂ ਬਾਅਦ ਜੇਕਰ ਕਾਂਗਰਸ ਦੇਸ਼ ਵਿੱਚ 150 ਸੀਟਾਂ ਤੱਕ ਪਹੁੰਚ ਜਾਂਦੀ ਹੈ ਤਾਂ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੁਰਸੀ ਨੂੰ ਖ਼ਤਰਾ ਹੀ ਖ਼ਤਰਾ ਹੈ। ਇੰਨਾ ਹੀ ਨਹੀਂ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ਦਰਮਿਆਨ ਨਜ਼ਦੀਕੀਆਂ ਨੂੰ ਲੈ ਕੇ ਪ੍ਰਦੇਸ਼ ਕਾਂਗਰਸ ਅੰਦਰ ਵੀ ਇੱਕ ਵੱਡਾ ਧੜਾ ਕੈਪਟਨ ਦੇ ਖ਼ਿਲਾਫ਼ ਚੱਲ ਰਿਹਾ ਹੈ ਅਤੇ ਕਿਸੇ ਵੀ ਵੇਲੇ ਕਾਂਗਰਸ ਅੰਦਰ ਕੋਈ ਵੱਡਾ ਧਮਾਕਾ ਹੋ ਸਕਦਾ ਹੈ। ਉਨ੍ਹਾਂ ਇਸ਼ਾਰਾ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖਮੰਤਰੀ ਦੀ ਕੁਰਸੀ ਤੋਂ ਉਤਾਰਿਆ ਵੀ ਸਕਦਾ ਹੈ।

ਸਿਮਰਜੀਤ ਸਿੰਘ ਬੈਂਸ ਵੱਲੋਂ ਕੀਤੇ ਦਾਅਵੇ ਨੂੰ ਉਸ ਸਮੇਂ ਹੋਰ ਵੀ ਬਲ ਮਿਲਦਾ ਨਜ਼ਰ ਆ ਰਿਹਾ ਹੈ ਕਿ ਚੋਣਾਂ ਤੋਂ ਇੱਕ ਦਿਨ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਬਿਆਨ ਦਾਗਿਆ ਸੀ ਕਿ ਜੇਕਰ ਕਾਂਗਰਸ ਪਾਰਟੀ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਅੰਦਰ ਵਧੀਆ ਪ੍ਰਦਰਸ਼ਨ ਨਾ ਕਰ ਪਾਈ ਤਾਂ ਉਹ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਗੇ। ਇਸ ਤੋਂ ਪਹਿਲਾਂ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਚੋਣ ਲੜ ਰਹੇ ਸੁਨੀਲ ਜਾਖੜ ਦੇ ਹੱਕ 'ਚ ਰੱਖੀ ਚੋਣ ਰੈਲੀ 'ਚ ਮੁੱਖਮੰਤਰੀ ਨੇ ਜਨਤਕ ਤੌਰ ਤੇ ਬਿਆਨ ਦਿੱਤਾ ਸੀ ਕਿ ਸੁਨੀਲ ਜਾਖੜ 'ਚ ਕਾਬਲੀਅਤ ਹੈ ਕਿ ਉਹ ਭਵਿੱਖ 'ਚ ਸੂਬੇ ਦੇ ਮੁੱਖਮੰਤਰੀ ਬਣ ਸਕਦੇ ਹਨ। ਇਸ ਤੋਂ ਇਲਾਵਾ ਕੈਪਟਨ ਨੇ ਇਹ ਵੀ ਬਿਆਨ ਦਿੱਤਾ ਸੀ ਕਿ ਨਵਜੋਤ ਸਿੰਘ ਸਿੱਧੂ ਦੀ ਅੱਖ ਪ੍ਰਦੇਸ਼ ਦੇ ਮੁੱਖਮੰਤਰੀ ਦੀ ਕੁਰਸੀ ਤੇ ਟਿਕੀ ਹੋਈ ਹੈ। ਖੈਰ, ਇਨ੍ਹਾਂ ਬਿਆਨ ਬਾਜ਼ੀਆਂ ਦੇ ਕੋਈ ਵੀ ਮਤਲਬ ਕੱਢੇ ਜਾ ਸਕਦੇ ਹਨ, ਪਰ ਅਸਲ ਸਥਿਤੀ ਤਾਂ ਭਲਕੇ 23 ਮਈ ਨੂੰ ਸ਼ੁਰੂ ਹੋਣ ਜਾ ਰਹੀ ਵੋਟਾਂ ਦੀ ਗਿਣਤੀ ਦੇ ਨਤੀਜਿਆਂ ਦੇ ਸਾਹਮਣੇ ਆਉਣ ਦੇ ਬਾਅਦ ਹੀ ਪਤਾ ਲੱਗ ਸਕੇਗੀ।