ਪੰਜਾਬ ਕਾਂਗਰਸ ਵਿੱਚ ਫੁੱਟ ਦੀ ਚਿੰਗਾਰੀ ਭੜਕੀ, ਭਾਂਬੜ ਮੱਚਣ ਦੇ ਆਸਾਰ ?

Last Updated: May 22 2019 13:27
Reading time: 3 mins, 52 secs

ਪੰਜਾਬ ਕਾਂਗਰਸ ਵਿੱਚ ਇਸ ਵੇਲੇ ਪਿਛਲੇ ਦੋ ਸਾਲਾਂ ਤੋ ਦੱਬੀ ਆ ਰਹੀ ਫੁੱਟ ਦੀ ਚਿੰਗਾਰੀ ਭੜਕਦੀ ਜਾ ਰਹੀ ਹੈ ਜਿਸ ਕਰਕੇ ਕਿਸੇ ਵੇਲੇ ਵੀ ਪੰਜਾਬ ਦੀ ਸਿਆਸਤ ਵਿੱਚ ਵੱਡਾ ਭੂਚਾਲ ਆ ਸਕਦਾ ਹੈ। ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਿੱਚ ਅੰਦਰਖਾਤੇ ਧੁਖਦੀ ਆ ਰਹੀ ਫੁੱਟ ਦੀ ਚਿੰਗਾਰੀ ਹੁਣ ਮਘਣ ਲੱਗ ਪਈ ਹੈ ਤੇ ਲੋਕਸਭਾ ਚੋਣਾ ਦੇ ਨਤੀਜਿਆਂ ਦੇ ਆਉਣ ਤੋਂ ਬਾਅਦ ਇਹ ਕਿਸੇ ਵੇਲੇ ਵੀ ਵਿਸਫੋਟਕ ਰੂਪ ਧਾਰਨ ਕਰ ਸਕਦੀ ਹੈ ਜਿਸ ਨਾਲ ਪੰਜਾਬ ਵਿੱਚ ਸਿਆਸੀ ਸਮੀਕਰਨ ਬਦਲਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਦੱਸਣਾ ਬਣਦਾ ਹੈ ਕਿ ਨਵਜੋਤ ਸਿੰਘ ਸਿੱਧੂ ਜੋ ਪਹਿਲਾਂ ਭਾਜਪਾ ਦੇ ਕਦਾਵਰ ਲੀਡਰ ਸਨ ਪਰ ਉਸ ਸਮੇਂ ਭਾਜਪਾ ਦੀ ਭਾਈਵਾਲ ਪਾਰਟੀ ਅਕਾਲੀ ਦਲ ਨਾਲ ਮਤਭੇਦਾਂ ਦੇ ਚਲਦਿਆਂ ਭਾਜਪਾ ਨੇ ਸਿੱਧੂ ਨੂੰ ਸਿਆਸਤ ਵਿੱਚ ਨੁੱਕਰੇ ਲਗਾਉਣਾ ਸ਼ੁਰੂ ਕਰ ਦਿੱਤਾ ਸੀ ਜਿਸ ਤੋਂ 2016 ਵਿੱਚ ਇਹ ਸਮੀਕਰਨ ਤੇਜ਼ੀ ਨਾਲ ਬਣਨ ਲੱਗ ਪਏ ਸਨ ਤੇ ਚਰਚਾਵਾਂ ਪੂਰੀ ਤਰਾਂ ਗਰਮਾ ਗਈਆਂ ਸਨ ਕਿ ਸਿੱਧੂ ਹੁਣ ਭਾਜਪਾ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਜਾਣਗੇ। ਜਦੋਂ ਸਿੱਧੂ ਨੇ ਭਾਜਪਾ ਨੂੰ ਅਲਵਿਦਾ ਕਿਹਾ ਸੀ ਤਾਂ ਉਸ ਵੇਲੇ ਉਹ ਰਾਜ ਸਭਾ ਮੈਂਬਰ ਸਨ ਜਿਸ ਤੋਂ ਬਾਅਦ ਇਹ ਚਰਚਾ ਚਲਦੀ ਰਹੀ ਸੀ ਕਿ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਕੇ ਹੀ 2017 ਦੀਆਂ ਵਿਧਾਨ ਸਭਾ ਦੀਆਂ ਚੋਣਾ ਲੜਨਗੇ 'ਤੇ ਹੋ ਸਕਦਾ ਹੈ ਕਿ ਪਾਰਟੀ  ਉਨ੍ਹਾਂ ਨੂੰ ਮੁੱਖ ਮੰਤਰੀ ਜਾਂ ਉਪ ਮੁੱਖ ਮੰਤਰੀ ਦੇ ਰੂਪ ਵਿੱਚ ਪੇਸ਼ ਕਰੇ ਪਰ ਅਜਿਹੀਆਂ ਸਾਰੀਆਂ ਹੀ ਸੰਭਾਵਨਾਵਾਂ ਨੂੰ ਉਸ ਵੇਲੇ ਵਿਰਾਮ ਲੱਗ ਗਿਆ ਸੀ ਜਦੋਂ 2017 ਦੀਆਂ ਵਿਧਾਨ ਸਭਾ ਚੋਣਾ ਤੋਂ ਐਨ ਪਹਿਲਾਂ ਸਿੱਧੂ ਨੇ ਕਾਂਗਰਸ ਦਾ ਹੱਥ ਫੜ ਲਿਆ ਸੀ ਤੇ ਉਸ ਵੇਲੇ ਵੀ ਇਹ ਚਰਚਾਵਾਂ ਚਲਦੀਆਂ ਰਹੀਆਂ ਸਨ ਕਿ ਸਿੱਧੂ ਨੂੰ ਰਾਹੁਲ ਗਾਂਧੀ ਨੇ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਨ ਤੇ ਉਪ ਮੁੱਖ ਮੰਤਰੀ ਬਣਾਉਣ ਦੀ ਗੱਲ ਮੰਨੀ ਹੈ। ਜਿਸ ਤੋਂ ਬਾਅਦ ਸਿੱਧੂ ਨੇ ਵਿਧਾਨ ਸਭਾ ਚੋਣਾ ਵਿੱਚ ਖ਼ੂਬ ਪ੍ਰਚਾਰ ਕੀਤਾ ਸੀ ਤੇ ਇੱਕ ਸਮਾਂ ਅਜਿਹਾ ਆਇਆ ਜਦੋਂ 2017 ਵਿੱਚ ਪੰਜਾਬ ਵਿੱਚ ਸੱਤਾ ਪਲਟੀ ਹੋਈ ਅਤੇ ਅਕਾਲੀਆਂ ਨੂੰ ਰਾਜਭਾਗ ਛੱਡਣਾ ਪਿਆ ਤੇ ਸੱਤਾ ਦੀ ਵਾਗਡੋਰ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਆ ਗਈ। ਜਦੋਂ ਸਰਕਾਰ ਦਾ ਸਹੁੰ ਚੁੱਕ ਸਮਾਗਮ ਹੋਣਾ ਸੀ ਤਾਂ ਉਸ ਵੇਲੇ ਤੱਕ ਵੀ ਇਹ ਕਿਆਸ ਲੱਗ ਰਹੇ ਸਨ ਕਿ ਸਿੱਧੂ ਨੂੰ ਉਪ ਮੁੱਖ ਮੰਤਰੀ ਵਜੋਂ ਸਹੁੰ ਚੁਕਾਈ ਜਾਵੇਗੀ ਪਰ ਅਜਿਹਾ ਕੈਪਟਨ ਅਮਰਿੰਦਰ ਸਿੰਘ ਦੀ ਦਖ਼ਲਅੰਦਾਜ਼ੀ ਕਰਕੇ ਨਹੀਂ ਸੀ ਹੋ ਸਕਿਆ ਤੇ ਸਿੱਧੂ ਨੂੰ ਬਾਕੀਆਂ ਵਾਂਗ ਕੈਬਨਿਟ ਮੰਤਰੀ ਵੱਜੋ ਸਹੁੰ ਚੁੱਕ ਕੇ ਹੀ ਗੁਜ਼ਾਰਾ ਕਰਨਾ ਪਿਆ ਸੀ ਜਿਸ ਤੋਂ ਬਾਅਦ ਸਿੱਧੂ ਵੱਲੋਂ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਗਾਹੇ ਬਗਾਹੇ ਬਿਆਨਬਾਜ਼ੀ ਕੀਤੀ ਜਾਂਦੀ ਰਹੀ ਹੈ।

ਰਾਜਸਥਾਨ, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਦੀਆਂ ਚੋਣਾ ਵੇਲੇ ਜੱਦੋ ਸਿੱਧੂ ਨੂੰ ਪਾਰਟੀ ਨੇ ਸਟਾਰ ਪ੍ਰਚਾਰਕ ਬਣਾਇਆ ਸੀ ਤਾਂ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖ਼ਿਲਾਫ਼ ਹੀ ਇੱਕ ਵਾਰ ਮੁੜ ਮੋਰਚਾ ਖੋਲ੍ਹ ਦਿੱਤਾ ਸੀ ਤੇ ਕਿਹਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਤਾਂ ਆਰਮੀ ਦੇ ਕੈਪਟਨ ਹਨ ਪਾਰਟੀ ਦੇ ਕੈਪਟਨ ਤਾਂ ਰਾਹੁਲ ਗਾਂਧੀ ਹਨ। ਸਿੱਧੂ ਦੇ ਅਜਿਹੇ ਬਿਆਨ ਤੋਂ ਬਾਅਦ ਵੀ ਪੰਜਾਬ ਦੇ ਕਈ ਮੰਤਰੀਆਂ ਨੇ ਸਿੱਧੂ ਦੇ ਖ਼ਿਲਾਫ਼ ਮੋਰਚਾ ਖੋਲ੍ਹਿਆ ਸੀ ਪਰ ਹਾਈਕਮਾਨ ਦੇ ਦਖ਼ਲ ਤੋਂ ਬਾਅਦ ਸਾਰੇ ਖ਼ਾਮੋਸ਼ ਹੋ ਕੇ ਬੈਠ ਗਏ ਸਨ। ਹੁਣ ਜਦ ਕਿ ਲੋਕ ਸਭਾ ਦੀਆ ਚੋਣਾ ਵਿੱਚ ਇੱਕ ਵਾਰ ਮੁੜ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਨੂੰ ਪਾਰਟੀ ਵਿੱਚ ਉਸ ਦੀ ਜਗ੍ਹਾ ਵਿਖਾਉਣ ਲਈ ਪਹਿਲਾਂ ਤਾਂ ਸਿੱਧੂ ਦੀ ਪਤਨੀ ਦੀ ਲੋਕਸਭਾ ਦੀ ਟਿਕਟ ਕਟਵਾ ਦਿੱਤੀ ਸੀ ਜਿਸ ਬਾਰੇ ਮੈਡਮ ਸਿੱਧੂ ਜਨਤਕ ਤੌਰ ਬਿਆਨਬਾਜ਼ੀ ਵੀ ਕਰ ਚੁੱਕੇ ਹਨ ਤੇ ਦੂਸਰਾ ਸਟਾਰ ਪ੍ਰਚਾਰਕ ਹੋਣ ਦੇ ਬਾਵਜੂਦ ਵੀ ਸਿੱਧੂ ਨੂੰ ਪੰਜਾਬ ਵਿੱਚ ਕਿਤੇ ਪ੍ਰਚਾਰ ਨਹੀਂ ਕਰਨ ਦਿੱਤਾ ਗਿਆ ਸੀ ਜਿਸ ਤੋਂ ਵੀ ਸਿੱਧੂ ਕਾਫ਼ੀ ਨਾਰਾਜ਼ ਦਿਖਾਈ ਦਿੱਤੇ ਸਨ। ਜਿਸ ਕਰਕੇ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਵਿੱਚ ਸਿਆਸੀ ਕੱਦ ਨੂੰ ਲੈ ਕੇ ਪੇਚੇ ਪੈ ਗਿਆ ਸੀ ਪਰ ਪ੍ਰਿਅੰਕਾ ਗਾਂਧੀ ਦੀ ਪੰਜਾਬ ਫੇਰੀ ਦੌਰਾਨ ਜੱਦੋ ਸਿੱਧੂ ਨੇ ਇੱਕ ਰੈਲੀ ਨੂੰ ਸੰਬੋਧਨ ਕੀਤਾ ਸੀ ਅਤੇ ਉਸ ਤੋਂ ਬਾਅਦ ਬਠਿੰਡਾ ਰੈਲੀ ਵਿੱਚ ਤਾਂ ਸਿੱਧੂ ਨੇ ਸਿੱਧਾਂ ਹੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਕਾਰਗੁਜ਼ਾਰੀ ਤੇ ਹੀ ਨਿਸ਼ਾਨਾਂ ਸਾਧ ਦਿੱਤਾ ਸੀ ਤੇ ਕਹਿ ਦਿੱਤਾ ਸੀ ਕਿ ਕੈਪਟਨ ਦੀ ਅਕਾਲੀਆਂ ਨਾਲ ਇੱਟੀ ਸਿੱਟੀ ਫਿੱਟ ਹੋ ਚੁੱਕੀ ਹੈ ਜਿਸ ਕਰਕੇ ਬੇਅਦਬੀਆਂ ਦੇ ਮਾਮਲੇ ਵਿੱਚ ਅਕਾਲੀਆਂ ਨੂੰ ਹੱਥ ਨਹੀਂ ਪਾਇਆ ਜਾ ਰਿਹਾ ਹੈ। 

ਕੈਪਟਨ ਖ਼ਿਲਾਫ਼ ਦਿੱਤੀ ਗਈ ਇਸ ਬਿਆਨ ਨਾਲ ਪੰਜਾਬ ਦੀ ਸਿਆਸਤ ਵਿੱਚ ਇੱਕ ਤਰਾਂ ਨਾਲ ਭੂਚਾਲ ਆਇਆ ਹੋਇਆ ਹੈ ਤੇ ਹੁਣ ਕੈਬਨਿਟ ਦੇ ਕਈ ਵਜ਼ੀਰਾਂ ਨੇ ਸਿੱਧੂ ਦੇ ਖ਼ਿਲਾਫ਼ ਸਿੱਧਾ ਮੋਰਚਾ ਖੋਲ੍ਹ ਦਿੱਤਾ ਤੇ ਹਾਈਕਮਾਨ ਨੂੰ ਸਿੱਧੂ ਤੇ ਕਾਰਵਾਈ ਕਰਨ ਲਈ ਕਿਹਾ ਹੈ। ਹੁਣ ਜਾਣਕਾਰੀ ਮਿਲ ਰਹੀ ਹੈ ਕਿ ਹਾਈਕਮਾਨ ਵੱਲੋਂ ਸਿੱਧੂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਜਿਸ ਤੋਂ ਸੰਕੇਤ ਮਿਲ ਰਹੇ ਹਨ ਕਿ ਹੋ ਸਕਦਾ ਹੈ ਕਿ ਆਉਂਦੇ ਦਿਨਾ ਵਿੱਚ ਇਹ ਲੜਾਈ ਦਿੱਲੀ ਦਰਬਾਰ ਵਿੱਚ ਪਹੁੰਚ ਜਾਵੇਗੀ ਤੇ ਜੇਕਰ ਕੈਪਟਨ ਖੇਮੇ ਦਾ ਜ਼ੋਰ ਪੈ ਗਿਆ ਤਾਂ ਸਿੱਧੂ ਦੇ ਖ਼ਿਲਾਫ਼ ਕਾਰਵਾਈ ਵੀ ਹੋ ਸਕਦੀ ਹੈ। ਅਜਿਹੇ ਵਿੱਚ ਸਿੱਧੂ ਦਾ ਸਿਆਸੀ ਭਵਿੱਖ ਕੀ ਹੋਵੇਗਾ ਇਹ ਤਾਂ ਆਉਣ ਵਾਲ ਸਮਾ ਹੀ ਤੈਅ ਕਰੇਗਾ ਪਰ ਫ਼ਿਲਹਾਲ ਪੰਜਾਬ ਕਾਂਗਰਸ ਵਿੱਚ ਫੁੱਟ ਦੀ ਲੱਗੀ ਚਿੰਗਾਰੀ ਪੂਰੀ ਤਰਾਂ ਭਾਂਬੜ ਦਾ ਰੂਪ ਧਾਰਨ ਕਰ ਚੁੱਕੀ ਹੈ।