ਸਰਕਾਰੀ ਪਿਸਟਲ ਨਾਲ ਹਵਾਈ ਫਾਇਰ ਕਰਨਾ ਛੋਟੇ ਥਾਣੇਦਾਰ ਨੂੰ ਪਿਆ ਮਹਿੰਗਾ

Last Updated: May 22 2019 12:39
Reading time: 2 mins, 0 secs

ਸੱਤਾ ਦਾ ਨਸ਼ਾ ਹੀ ਐਸਾ ਹੈ ਜੋ ਸਿਆਸੀ ਆਗੂਆਂ ਦੇ ਸਿਰ ਚੜ ਕੇ ਬੋਲਦਾ ਹੈ। ਹੱਥ 'ਚ ਆਈ ਪਾਵਰ ਦਾ ਸਿਆਸੀ ਲੀਡਰਾਂ ਅਤੇ ਸਮਰਥਕਾਂ ਵੱਲੋਂ ਗਾਹੇ-ਬੇਗਾਹੇ ਗਲਤ ਇਸਤੇਮਾਲ ਕੀਤਾ ਜਾਂਦਾ ਰਹਿੰਦਾ ਹੈ। ਅਜਿਹੀਆਂ ਅਨੇਕਾਂ ਘਟਨਾਵਾਂ ਆਏ ਦਿਨ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਦੂਜੇ ਪਾਸੇ ਸਿਆਸੀ ਆਗੂਆਂ ਦੇ ਮੁਕਾਬਲੇ ਪੁਲਿਸ ਮੁਲਾਜ਼ਮ ਵੀ ਆਪਣੇ ਆਪ ਨੂੰ ਕਿਸੇ ਸਿਆਸੀ ਲੀਡਰਾਂ ਤੋਂ ਘੱਟ ਨਹੀਂ ਸਮਝਦੇ ਹਨ। ਤਦ ਹੀ ਤਾਂ ਕਈ ਪੁਲਿਸ ਅਧਿਕਾਰੀ ਤੇ ਮੁਲਾਜ਼ਮ ਜਦੋਂ ਮਨ ਆਏ ਕਾਨੂੰਨ ਨੂੰ ਹੱਥ 'ਚ ਲੈਂਦੇ ਹੋਏ ਸ਼ਰੇਆਮ ਇਸਦੀ ਉਲੰਘਣਾ ਕਰਨਾ ਆਪਣਾ ਜਨਮ ਸਿੱਧ ਅਧਿਕਾਰ ਸਮਝਦੇ ਹਨ। ਅਜਿਹੇ ਹੀ ਇੱਕ ਮਾਮਲੇ 'ਚ ਇੱਕ ਛੋਟੇ ਥਾਣੇਦਾਰ ਨੂੰ ਕਾਨੂੰਨ ਹੱਥ 'ਚ ਲੈਂਦੇ ਹੋਏ ਸਰਕਾਰੀ ਪਿਸਟਲ ਨਾਲ ਸ਼ਰੇਆਮ ਮੁਹੱਲੇ 'ਚ ਹਵਾਈ ਫਾਇਰ ਕਰਨਾ ਮਹਿੰਗਾ ਪੈ ਗਿਆ ਹੈ। ਜ਼ਿਲ੍ਹਾ ਦਿਹਾਤੀ ਪੁਲਿਸ ਨੇ ਬਿਨਾਂ ਵਜ੍ਹਾ ਸਰਕਾਰੀ ਅਸਲੇ ਨਾਲ ਹਵਾਈ ਫਾਇਰ ਕਰਕੇ ਦਹਿਸ਼ਤ ਫੈਲਾਉਣ ਵਾਲੇ ਇਸ ਥਾਣੇਦਾਰ ਖ਼ਿਲਾਫ਼ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਮਾਮਲਾ ਇਹ ਹੈ ਕਿ ਹਵਾਈ ਫਾਇਰ ਕਰਨ ਵਾਲਾ ਏਐਸਆਈ ਮੇਜਰ ਸਿੰਘ ਮੌਜੂਦਾ ਸਮੇਂ ਪੁਲਿਸ ਜ਼ਿਲ੍ਹਾ ਦਿਹਾਤੀ (ਲੁਧਿਆਣਾ) ਤਹਿਤ ਪੈਂਦੇ ਥਾਣਾ ਸਿੱਧਵਾਂ ਬੇਟ 'ਚ ਤਾਇਨਾਤ ਹੈ। ਜਦਕਿ ਉਹ ਜਗਰਾਉਂ ਸ਼ਹਿਰ ਦੇ ਕੱਚਾ ਮਲਕ ਰੋਡ ਤੇ ਸਥਿਤ ਗੋਲਡਨ ਬਾਗ ਇਲਾਕੇ 'ਚ ਰਹਿ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨ ਉਕਤ ਛੋਟਾ ਥਾਣੇਦਾਰ ਆਪਣੀ ਘਰ 'ਚ ਮੌਜੂਦ ਸੀ ਕਿ ਇਸੇ ਦੌਰਾਨ ਉਹ ਆਪਣੀ ਸਰਕਾਰੀ ਪਿਸਟਲ ਹੱਥ 'ਚ ਫੜ ਕੇ ਘਰ ਤੋਂ ਬਾਹਰ ਗਲੀ 'ਚ ਆ ਗਿਆ। ਬਾਅਦ 'ਚ ਉਸਨੇ ਬਿਨਾਂ ਵਜ੍ਹਾ ਸਰਕਾਰੀ ਅਸਲੇ ਦੇ ਨਾਲ ਇੱਕ ਦੇ ਬਾਅਦ ਇੱਕ ਹਵਾਈ ਫਾਇਰ ਕਰਨੇ ਸ਼ੁਰੂ ਕਰ ਦਿੱਤੇ। ਗੋਲੀਆਂ ਚੱਲਣ ਦੀ ਆਵਾਜ਼ ਸੁਣ ਕੇ ਮੁਹੱਲਾ ਵਾਸੀਆਂ 'ਚ ਦਹਿਸ਼ਤ ਫੈਲ ਗਈ।

ਜਾਣਕਾਰੀ ਮੁਤਾਬਕ ਇਸ ਤੋਂ ਪਹਿਲਾਂ ਕਿ ਮੁਹੱਲਾ ਵਾਸੀ ਕੁਝ ਸਮਝ ਪਾਉਂਦੇ ਹਵਾਈ ਫਾਇਰ ਕਰਨ ਵਾਲਾ ਏਐਸਆਈ ਮੇਜਰ ਸਿੰਘ ਮੌਕੇ ਤੋਂ ਖਿਸਕ ਗਿਆ। ਬਾਅਦ 'ਚ ਕਿਸੇ ਮੁਹੱਲਾ ਵਾਸੀ ਨੇ ਇਸ ਘਟਨਾ ਸਬੰਧੀ ਥਾਣਾ ਸਿਟੀ ਜਗਰਾਉਂ ਪੁਲਿਸ ਨੂੰ ਸੂਚਨਾ ਦੇ ਦਿੱਤੀ। ਗੋਲੀਆਂ ਚੱਲਣ ਦੀ ਸੂਚਨਾ ਮਿਲਣ ਬਾਅਦ ਬੱਸ ਅੱਡਾ ਪੁਲਿਸ ਚੌਂਕੀ ਦੇ ਇੰਚਾਰਜ਼ ਏਐਸਆਈ ਸਈਅਦ ਸ਼ਕੀਲ ਨੇ ਪੁਲਿਸ ਮੁਲਾਜ਼ਮਾਂ ਨਾਲ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਅਤੇ ਮੁਹੱਲੇ 'ਚ ਰਹਿੰਦੇ ਲੋਕਾਂ ਤੋਂ ਘਟਨਾ ਸਬੰਧੀ ਜਾਣਕਾਰੀ ਹਾਸਲ ਕੀਤੀ।

ਦੂਜੇ ਪਾਸੇ, ਇਸ ਮਾਮਲੇ ਦੀ ਤਫਤੀਸ਼ ਕਰ ਰਹੇ ਏਐਸਆਈ ਸਈਅਦ ਸ਼ਕੀਲ ਨੇ ਦੱਸਿਆ ਕਿ ਸ਼ਰੇਆਮ ਮੁਹੱਲੇ 'ਚ ਹਵਾਈ ਫਾਇਰ ਕਰਕੇ ਦਹਿਸ਼ਤ ਫੈਲਾਉਣ ਅਤੇ ਸਰਕਾਰੀ ਅਸਲੇ ਦਾ ਨਜਾਇਜ਼ ਇਸਤੇਮਾਲ ਕਰਨ ਵਾਲੇ ਏਐਸਆਈ ਮੇਜਰ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਏਐਸਆਈ ਵੱਲੋਂ ਹਵਾਈ ਫਾਇਰ ਕੀਤੇ ਜਾਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਫਿਲਹਾਲ, ਆਰੋਪੀ ਏਐਸਆਈ ਮੇਜਰ ਸਿੰਘ ਆਪਣੇ ਘਰ ਤੋਂ ਫਰਾਰ ਦੱਸਿਆ ਜਾ ਰਿਹਾ ਹੈ ਅਤੇ ਪੁਲਿਸ ਉਸਦੀ ਭਾਲ ਕਰ ਰਹੀ ਹੈ।