ਪਾਕਿਸਤਾਨੋਂ ਸਤਲੁੱਜ ਦਰਿਆ ਦੇ ਰਸਤੇ ਆਉਂਦੈ ਨਸ਼ਾ ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: May 22 2019 12:52
Reading time: 2 mins, 21 secs

ਸਰਹੱਦੀ ਜ਼ਿਲ੍ਹੇ ਫ਼ਿਰੋਜ਼ਪੁਰ ਦੇ ਨਾਲ ਪਾਕਿਸਤਾਨ ਦੀ ਸਰਹੱਦ ਲੱਗਦੀ ਹੈ ਅਤੇ ਇਸ ਸਰਹੱਦ ਦੇ ਬਿਲਕੁਲ ਨਾਲ ਹਿੰਦ-ਪਾਕ ਦੋਵਾਂ ਪਾਸਿਆਂ 'ਤੇ ਹੀ ਸਤਲੁੱਜ ਦਰਿਆ ਹੈ। ਸਤਲੁੱਜ ਦਰਿਆ ਦੇ ਰਸਤੇ ਹਮੇਸ਼ਾ ਹੀ ਸਮਗਲਰਾਂ ਦੇ ਵੱਲੋਂ ਹੈਰੋਇਨ ਅਤੇ ਹੋਰ ਨਸ਼ਿਆਂ ਦਾ ਕਾਰੋਬਾਰ ਕੀਤਾ ਜਾਂਦਾ ਹੈ, ਜਿਸ ਨੂੰ ਰੋਕਣ ਵਿੱਚ ਪੁਲਿਸ ਅਤੇ ਬੀਐਸਐਫ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਰਹੀਆਂ ਹਨ। ਵੇਖਿਆ ਜਾਵੇ ਤਾਂ ਸਰਹੱਦ ਤੋਂ ਦਰਿਆ ਦੇ ਰਸਤੇ ਚਲਾਕ ਸਮਗਲਰ ਬੜੀ ਹੀ ਆਸਾਨੀ ਦੇ ਨਾਲ ਹੈਰੋਇਨ ਅਤੇ ਹਥਿਆਰ ਆਦਿ ਪਾਕਿਸਤਾਨ ਤੋਂ ਮੰਗਵਾ ਲੈਂਦੇ ਹਨ। 

ਵੇਖਿਆ ਜਾਵੇ ਤਾਂ ਹਿੰਦ-ਪਾਕ ਸਰਹੱਦ 'ਤੇ ਸਥਿਤ ਬਣੀਆਂ ਫ਼ੌਜ ਦੀਆਂ ਚੌਂਕੀਆਂ 'ਤੇ ਸਰਹੱਦੀ ਸੁਰੱਖਿਆ ਬਲ ਦੇ ਜਵਾਨ ਤਾਇਨਾਤ ਹਨ, ਜੋ ਕਿ 24 ਘੰਟੇ ਹੀ ਸਰਹੱਦਾਂ 'ਤੇ ਪਹਿਰਾ ਦਿੰਦੇ ਹਨ ਅਤੇ ਚਿੜੀ ਵੀ ਫੜਕਨ ਸਰਹੱਦ 'ਤੇ ਨਹੀਂ ਦਿੰਦੇ। ਭਾਵੇਂ ਹੀ ਸਰਹੱਦ 'ਤੇ ਤਾਇਨਾਤ ਸਰਹੱਦੀ ਸੁਰੱਖਿਆ ਬਲ ਦੇ ਜਵਾਨਾਂ ਦੀ ਡਿਊਟੀ ਬੇਹੱਦ ਔਖੀ ਹੈ, ਪਰ ਇਹ ਸਰਹੱਦੀ ਸੁਰੱਖਿਆ ਬਲ ਦੇ ਜਵਾਨ ਆਪਣੇ ਤੰਨ ਮਨ ਦੇ ਨਾਲ ਨੌਕਰੀ ਕਰਦਿਆਂ ਹੋਇਆ ਦੇਸ਼ ਦੀ ਜਵਾਨੀ ਨੂੰ ਬਚਾਉਣ ਦੇ ਵਿੱਚ ਵੀ ਕਾਫ਼ੀ ਜ਼ਿਆਦਾ ਮਦਦ ਕਰਦੇ ਹਨ। 

ਸਰਹੱਦ 'ਤੇ ਤਾਇਨਾਤ ਹੁੰਦੇ ਸਮੇਂ ਕਈ ਵਾਰ ਪਾਕਿਸਤਾਨ ਦੀ ਗੋਲੀ ਦਾ ਸ਼ਿਕਾਰ ਵੀ ਭਾਰਤੀ ਫ਼ੌਜੀ ਹੋ ਜਾਂਦੇ ਹਨ, ਪਰ ਦੁਸ਼ਮਣ ਨੂੰ ਕਦੇ ਵੀ ਸਰਹੱਦ ਪਾਰ ਨਹੀਂ ਕਰ ਦਿੱਤੀ ਭਾਰਤੀ ਜਵਾਨਾਂ ਨੇ। ਦੱਸ ਦੇਈਏ ਕਿ ਸਰਹੱਦ 'ਤੇ ਤਾਨਿਤਾਨ ਜਵਾਨਾਂ ਦੇ ਵੱਲੋਂ ਭਾਵੇਂ ਹੀ ਸਮੇਂ ਸਮੇਂ 'ਤੇ ਨਸ਼ੇ ਦੀਆਂ ਵੱਡੀਆਂ ਵੱਡੀਆਂ ਖੇਪਾਂ ਫੜ ਲਈਆਂ ਜਾਂਦੀਆਂ ਹਨ, ਪਰ ਫਿਰ ਵੀ ਚਲਾਕ ਸਮਗਲਰ ਸਤਲੁੱਜ ਦਰਿਆ ਦੇ ਰਸਤੇ ਤੋਂ ਕਿਸ਼ਤੀਆਂ ਦੇ ਜਰੀਏ ਹੀ ਆਪਣਾ ਕਾਰੋਬਾਰ ਚਲਾ ਲੈਂਦੇ ਹਨ ਅਤੇ ਪੁਲਿਸ ਅਤੇ ਬੀਐਸਐਫ ਨੂੰ ਚਕਮਾ ਦੇ ਕੇ ਦੇਸ਼ ਦੀ ਜਵਾਨੀ ਨੂੰ ਬਰਬਾਦ ਕਰਨ ਲਈ ਤੁਰ ਪੈਂਦੇ ਹਨ। 

ਹੁਣ ਤੱਕ ਅਰਬਾਂ ਰੁਪਏ ਦੀ ਹੈਰੋਇਨ ਸਤਲੁੱਜ ਦਰਿਆ ਦੇ ਰਸਤਿਓਂ ਭਾਰਤ ਦੇ ਅੰਦਰ ਪਹੁੰਚ ਚੁੱਕੀ ਹੈ। ਇਸ ਗੱਲ ਦਾ ਖ਼ੁਲਾਸਾ ਖ਼ੁਦ ਜ਼ਿਲ੍ਹਾ ਮੈਜਿਸਟਰੇਟ ਫ਼ਿਰੋਜ਼ਪੁਰ ਨੇ ਕੀਤਾ ਹੈ। ਜ਼ਿਲ੍ਹਾ ਮੈਜਿਸਟਰੇਟ ਫ਼ਿਰੋਜ਼ਪੁਰ ਦੇ ਵੱਲੋਂ ਜਾਰੀ ਇੱਕ ਪ੍ਰੈੱਸ ਬਿਆਨ ਦੇ ਵਿੱਚ ਮੰਨਿਆ ਹੈ ਕਿ ਬਾਰਡਰ ਏਰੀਏ ਵਿੱਚ ਪੈਂਦੇ ਸਤਲੁੱਜ ਦਰਿਆ ਵਿੱਚ ਪ੍ਰਾਈਵੇਟ ਵਿਅਕਤੀਆਂ ਵੱਲੋਂ ਰਾਤ ਦੇ ਸਮੇਂ ਕਿਸ਼ਤੀਆਂ ਦਰਿਆ ਵਿੱਚ ਚਲਾ ਕੇ ਨਸ਼ੇ ਦਾ ਕਾਰੋਬਾਰ ਕੀਤਾ ਜਾਂਦਾ ਹੈ ਅਤੇ ਉਕਤ ਪ੍ਰਾਈਵੇਟ ਵਿਅਕਤੀ ਪਾਕਿਸਤਾਨ ਵਾਲੇ ਪਾਸਿਓਂ ਨਸ਼ੀਲੇ ਪਦਾਰਥ ਮੰਗਵਾਉਂਦੇ ਹਨ। 

ਜ਼ਿਲ੍ਹਾ ਮੈਜਿਸਟਰੇਟ ਫ਼ਿਰੋਜ਼ਪੁਰ ਨੇ ਆਪਣੇ ਪ੍ਰੈੱਸ ਬਿਆਨ ਵਿੱਚ ਇਹ ਵੀ ਮੰਨਿਆ ਹੈ ਕਿ ਸਤਲੁੱਜ ਦਰਿਆ ਦੇ ਵਿੱਚ ਖੁੱਲ੍ਹੇਆਮ ਨਸ਼ੇ ਦਾ ਧੰਦਾ ਚਲਦਾ ਹੈ, ਜਿਸ ਨੂੰ ਬੰਦ ਕਰਵਾਉਣ ਦੇ ਵਿੱਚ ਜ਼ਿਲ੍ਹਾ ਪੁਲਿਸ ਦੀਆਂ ਕੋਸ਼ਿਸ਼ਾਂ ਜਾਰੀ ਹਨ ਅਤੇ ਜਲਦ ਹੀ ਸਮਗਲਰਾਂ ਦਾ ਭਾਂਡਾ ਭੰਨਿਆ ਜਾਵੇਗਾ। ਇਸੇ ਦੇ ਚੱਲਦਿਆਂ ਜ਼ਿਲ੍ਹਾ ਮੈਜਿਸਟਰੇਟ ਨੇ ਫ਼ਿਰੋਜ਼ਪੁਰ ਦੀ ਹਦੂਦ ਅੰਦਰ ਪੈਂਦੇ ਸਤਲੁੱਜ ਦਰਿਆ ਵਿੱਚ ਪ੍ਰਾਈਵੇਟ ਵਿਅਕਤੀਆਂ ਵੱਲੋਂ ਰਾਤ 07 ਵਜੇ ਤੋਂ ਸਵੇਰੇ 7 ਵਜੇ ਤੱਕ ਕਿਸ਼ਤੀਆਂ ਚਲਾਉਣ 'ਤੇ ਪੂਰਨ ਪਾਬੰਦੀ ਦਾ ਹੁਕਮ ਜਾਰੀ ਕਰ ਦਿੱਤਾ ਹੈ।
 
ਦੋਸਤੋ, ਦੇਖਣਾ ਹੁਣ ਇਹ ਹੋਵੇਗਾ ਕਿ ਜ਼ਿਲ੍ਹਾ ਮੈਜਿਸਟਰੇਟ ਫ਼ਿਰੋਜ਼ਪੁਰ ਦੇ ਹੁਕਮਾਂ ਦੀ ਕਿੰਨੀ ਕੁ ਪਾਲਣਾ ਸਰਹੱਦੀ ਪਿੰਡਾਂ ਦੇ ਲੋਕ ਕਰਦੇ ਹਨ, ਜੋ ਕਿ ਸਤਲੁੱਜ ਦਰਿਆ ਦੇ ਰਸਤੇ ਕਿਸ਼ਤੀਆਂ ਚਲਾਉਂਦੇ ਹਨ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਕੀ ਬਣਦੈ? ਬਾਕੀ ਜ਼ਿਲ੍ਹਾ ਮੈਜਿਸਟਰੇਟ ਦੇ ਵੱਲੋਂ ਜਾਰੀ ਪ੍ਰੈੱਸ ਬਿਆਨ ਨੇ ਇਹ ਸਪਸ਼ਟ ਕਰ ਦਿੱਤਾ ਕਿ ਸਤਲੁੱਜ ਦਰਿਆ ਦੇ ਰਸਤੇ ਪਾਕਿਸਤਾਨ ਵਾਲੇ ਪਾਸਿਓਂ ਡਰੱਗ ਸਮਗਲਿੰਗ ਦਾ ਧੰਦਾ ਕਿਸ਼ਤੀਆਂ ਦੀ ਵਰਤੋਂ ਕਰਕੇ ਚੱਲਦਾ ਹੈ।