ਘਰ-ਘਰ ਜਾ ਕੇ ਹੱਥ ਜੋੜਨ ਵਾਲੇ ਸਿਆਸੀ ਨੇਤਾਵਾਂ ਦੇ ਦਰਸ਼ਨ ਅਗਲੀਆਂ ਚੋਣਾਂ ਤੱਕ ਦੁਰਲੱਭ ਹੋ ਜਾਣਗੇ

Last Updated: May 21 2019 19:18
Reading time: 2 mins, 12 secs

2019 ਦੀਆਂ ਆਮ ਚੋਣਾਂ ਨੂੰ ਲੈ ਕੇ ਪਿਛਲੇ ਕੁਝ ਮਹੀਨਿਆਂ ਤੋਂ ਪੂਰੇ ਦੇਸ਼ ਵਿੱਚ ਸਿਆਸਤ ਦਾ ਸ਼ੋਰਗੁੱਲ ਮੱਚਿਆ ਰਿਹਾ। ਇਹਨਾਂ ਚੋਣਾਂ ਨੂੰ ਲੈ ਕੇ ਜਿੱਥੇ ਰਾਜਨੀਤਿਕ ਪਾਰਟੀਆਂ ਦੇ ਆਗੂ ਅਤੇ ਨਿੱਕੇ-ਵੱਡੇ ਸਾਰੇ ਆਹੁਦੇਦਾਰ ਆਪਣੀ-ਆਪਣੀ ਪਾਰਟੀ ਦੀ ਜਿੱਤ ਲਈ ਵੱਖ-ਵੱਖ ਤਰੀਕਿਆਂ ਨਾਲ ਚੋਣ ਪ੍ਰਚਾਰ ਅਤੇ ਹੋਰ ਵੀ ਕਈ ਤਰ੍ਹਾਂ ਦੇ ਪਾਪੜ ਵੇਲਣ ਵਿੱਚ ਨਿਰੰਤਰ ਮਸਰੂਫ ਰਹੇ, ਉੱਥੇ ਰਾਜਨੀਤਿਕ ਪਾਰਟੀਆਂ ਦੇ ਵਰਕਰ ਅਤੇ ਸਮਰਥਕ ਵੀ ਆਪਣੀ ਪਾਰਟੀ ਦੀਆਂ ਸਿਆਸੀ ਗਤੀਵਿਧੀਆਂ ਵਿੱਚ ਵਧ-ਚੜ੍ਹ ਕੇ ਹਿੱਸਾ ਲੈਂਦੇ ਨਜ਼ਰ ਆਏ ਅਤੇ ਆਪਣੀ ਪਾਰਟੀ ਦੇ ਉਮੀਦਵਾਰਾਂ ਦੀ ਜਿੱਤ ਨੂੰ ਯਕੀਨੀ ਬਨਾਉਣ ਲਈ ਪਾਰਟੀ ਵੱਲੋਂ ਸੌਂਪੀਆਂ ਗਈਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਵਿੱਚ ਲੱਗੇ ਰਹੇ।

ਦੇਸ਼ ਦੀ ਕੇਂਦਰੀ ਸੱਤਾ 'ਤੇ ਕਾਬਜ਼ ਹੋਣ ਲਈ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਵਰਗੀਆਂ ਮੁੱਖ ਮੁਕਾਬਲੇਬਾਜ ਵੱਡੀਆਂ ਕੌਮੀ ਪਾਰਟੀਆਂ ਤੋਂ ਇਲਾਵਾ ਦੇਸ਼ ਵਿੱਚਲੀਆਂ ਕਈ ਹੋਰ ਨਿੱਕੀਆਂ-ਵੱਡੀਆਂ ਖੇਤਰੀ ਸਿਆਸੀ ਪਾਰਟੀਆਂ ਵੱਲੋਂ ਵੀ ਇਹਨਾਂ ਲੋਕਸਭਾ ਚੋਣਾਂ ਵਿੱਚ ਵਧ-ਚੜ੍ਹ ਕੇ ਹਿੱਸਾ ਲਿਆ ਗਿਆ। ਸਾਡੇ ਦੇਸ਼ ਵਿੱਚ ਸਿਆਸਤ ਦਾ ਸਰੂਪ ਪੱਛਮ ਦੇ ਵਿਕਸਿਤ ਦੇਸ਼ਾਂ ਦੇ ਮੁਕਾਬਲੇ ਬਿਲਕੁਲ ਭਿੰਨ ਹੈ, ਅਤੇ ਇੱਥੋਂ ਦੇ ਸਿਆਸੀ ਲੋਕ ਸਿਆਸਤ ਨੂੰ ਲੋਕ ਸੇਵਾ ਘੱਟ ਅਤੇ ਧਨ-ਸੰਪਤੀ ਇਕੱਠਾ ਕਰਨ ਦਾ ਜਰੀਆ ਵੱਧ ਸਮਝਣ ਲੱਗ ਪਏ ਹਨ, ਤਾਹੀਓਂ ਤਾਂ ਸਾਡੇ ਦੇਸ਼ ਦੀਆਂ ਸਿਆਸੀ ਪਾਰਟੀਆਂ ਚੋਣਾਂ ਨੂੰ ਮਹਾਯੁੱਧ ਦੀ ਤਰ੍ਹਾਂ ਲੈਂਦੀਆਂ ਹਨ ਅਤੇ ਚੋਣਾਂ ਜਿੱਤਣ ਲਈ ਸਿਆਸੀ ਆਗੂ ਜਿੱਥੇ ਧੱਕੇਸ਼ਾਹੀ, ਹਿੰਸਾ, ਸ਼ਰਾਬ ਅਤੇ ਪੈਸਿਆਂ ਦੀ ਵਰਤੋਂ ਨਾਲ ਵੱਧ ਤੋਂ ਵੱਧ ਵੋਟਰਾਂ ਨੂੰ ਆਪਣੇ ਹੱਕ ਵਿੱਚ ਕਰਨ ਦਾ ਯਤਨ ਕਰਦੇ ਹਨ, ਓਥੇ ਚਾਰ ਸਾਲ ਅਤੇ ਗਿਆਰਾਂ ਮਹੀਨੇ ਐਸ਼ੋ-ਅਰਾਮ ਵਾਲਾ ਜੀਵਨ ਬਤੀਤ ਕਰਨ ਵਾਲੇ ਸਿਆਸੀ ਆਗੂ ਚੋਣਾਂ ਤੋਂ ਇੱਕ ਮਹੀਨਾ ਪਹਿਲਾਂ ਆਪਣੇ ਇਲਾਕੇ ਦੇ ਆਮ ਲੋਕਾਂ ਵਿੱਚ ਵਿੱਚਰਨਾ ਸ਼ੁਰੂ ਕਰ ਦਿੰਦੇ ਹਨ।

ਇੱਥੇ ਹੀ ਬੱਸ ਨਹੀਂ, ਮਹਿਲਾਂ ਵਰਗਿਆਂ ਘਰਾਂ ਵਿੱਚ ਰਹਿਣ ਵਾਲੇ ਜਿਹੜੇ ਸਿਆਸੀ ਲੀਡਰ ਪੀਣ ਲਈ ਪਾਣੀ ਵੀ ਵਿਦੇਸ਼ਾਂ ਤੋਂ ਮੰਗਵਾਉਂਦੇ ਹਨ ਅਤੇ ਖਾਣਾ ਵੀ ਚਾਂਦੀ ਦੇ ਬਰਤਨਾਂ ਵਿੱਚ ਖਾਂਦੇ ਹਨ, ਚੋਣਾਂ ਦੇ ਦਿਨਾਂ ਵਿੱਚ ਉਹੀ ਨੇਤਾ ਲੋਕ ਗਰੀਬ ਲੋਕਾਂ ਦੀਆਂ ਝੁਗੀਆਂ ਵਿੱਚ ਬੈਠ ਕੇ ਉਨ੍ਹਾਂ ਦੀ ਰੁੱਖੀ-ਸੁੱਕੀ ਰੋਟੀ ਖਾਣ ਦਾ ਡਰਾਮਾ ਕਰਕੇ ਆਪਣੇ ਆਪ ਨੂੰ ਗਰੀਬਾਂ ਦੇ ਹਮਦਰਦ ਸਾਬਿਤ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਸ ਤੋਂ ਇਲਾਵਾ ਵੱਡੇ ਤੋਂ ਵੱਡੇ ਹੈਂਕੜਬਾਜ਼ ਸਿਆਸੀ ਲੀਡਰਾਂ ਵਿੱਚ ਵੀ ਚੋਣਾਂ ਦੇ ਦਿਨਾਂ 'ਚ ਏਨੀ ਹਲੀਮੀ ਆ ਜਾਂਦੀ ਹੈ ਕਿ ਉਹ ਲੋਕਾਂ ਦੀਆਂ ਦਹਿਲੀਜ਼ਾਂ 'ਤੇ ਜਾ ਕੇ ਉਨ੍ਹਾਂ ਅੱਗੇ ਹੱਥ ਜੋੜਦੇ ਨਜ਼ਰ ਆਉਂਦੇ ਹਨ ਅਤੇ ਲੋਕਾਂ ਦੇ ਤਾਅਨੇ-ਮਿਹਣੇ ਵੀ ਹੱਸ ਕੇ ਸੁਣ ਲੈਂਦੇ ਹਨ, ਪਰ ਚੋਣਾਂ ਖਤਮ ਹੁੰਦਿਆਂ ਹੀ ਇਹਨਾਂ ਨੇਤਾ ਲੋਕਾਂ ਦੇ ਦਰਸ਼ਨ ਆਮ ਜਨਤਾ ਲਈ ਦੁਰਲੱਭ ਹੋ ਜਾਂਦੇ ਹਨ। ਹੁਣ ਲੋਕਸਭਾ ਚੋਣਾਂ ਦੀ ਪ੍ਰਕਿਰਿਆ ਸੰਪੂਰਨ ਹੋ ਚੁੱਕੀ ਹੈ ਅਤੇ ਨਤੀਜੇ ਵੀ ਆਉਣ ਵਾਲੇ ਹਨ ਅਤੇ ਕਿਸੇ ਨਾ ਕਿਸੇ ਪਾਰਟੀ ਦੀ ਸਰਕਾਰ ਵੀ ਬਣ ਜਾਵੇਗੀ, ਪਰ ਲੋਕਾਂ ਦੇ ਘਰਾਂ 'ਚ ਜਾ ਕੇ ਉਨ੍ਹਾਂ ਨਾਲ ਵੱਡੇ-ਵੱਡੇ ਵਾਅਦੇ ਕਰਨ ਵਾਲੇ ਅਤੇ ਹਰ ਸਮੱਸਿਆ ਦਾ ਹੱਲ ਕਰਨ ਦਾ ਭਰੋਸਾ ਦੇਣ ਵਾਲੇ ਸਿਆਸੀ ਆਗੂ ਹੁਣ ਅਗਲੀਆਂ ਚੋਣਾਂ ਤੱਕ ਘੱਟ ਹੀ ਨਜ਼ਰ ਆਉਣਗੇ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ