ਡੇਂਗੂ ਨਾਲ ਤਾਂ ਲੜ ਨਹੀਂ ਸਕਿਆ, ਅੱਤਵਾਦ ਨਾਲ ਕਿਵੇਂ ਲੜੇਗਾ ਸਿਹਤ ਵਿਭਾਗ? (ਵਿਅੰਗ)

Last Updated: May 21 2019 17:47
Reading time: 2 mins, 20 secs

ਅੱਜ ਅੱਤਵਾਦੀ ਵਿਰੋਧੀ ਦਿਵਸ ਸਮੂਹ ਭਾਰਤ ਦੇ ਵਿੱਚ ਮਨਾਇਆ ਜਾ ਰਿਹਾ ਹੈ ਅਤੇ ਇਸੇ ਨੂੰ ਲੈ ਕੇ ਸਾਰੀਆਂ ਜਗਾਵਾਂ 'ਤੇ ਜਾਗਰੂਕਤਾ ਪ੍ਰੋਗਰਾਮਾਂ ਤੋਂ ਇਲਾਵਾ ਅੱਤਵਾਦੀਆਂ ਨਾਲ ਡਟਣ ਦੇ ਲਈ ਸਹੁੰਆਂ ਚੁਕਵਾਈਆਂ ਜਾ ਰਹੀਆਂ ਹਨ। ਭਾਵੇਂ ਕਿ ਇਹ ਅੱਤਵਾਦੀ ਵਿਰੋਧੀ ਦਿਵਸ ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ, ਪਰ ਫਿਰ ਵੀ ਪ੍ਰਸ਼ਾਸਨ ਅਧਿਕਾਰੀਆਂ ਦੇ ਵੱਲੋਂ ਆਪਣੇ ਦਫ਼ਤਰੀ ਕਰਮਚਾਰੀਆਂ ਨੂੰ ਅੱਤਵਾਦੀ ਵਿਰੋਧੀ ਦਿਵਸ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ।

ਦੱਸ ਦੇਈਏ ਕਿ ਬਹੁਤੇ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਅੱਤਵਾਦੀ ਵਿਰੋਧੀ ਦਿਵਸ ਬਾਰੇ ਨਹੀਂ ਪਤਾ, ਪਰ ਕੁਝ ਕੁ ਸਰਹੱਦੀ ਸਕੂਲਾਂ ਦੇ ਵਿੱਚ ਪ੍ਰਿੰਸੀਪਲਾਂ ਤੋਂ ਇਲਾਵਾ ਸਮਾਜ ਸੇਵੀ ਜਥੇਬੰਦੀਆਂ ਦੇ ਵੱਲੋਂ ਜਾ ਕੇ ਅੱਤਵਾਦੀ ਵਿਰੋਧੀ ਦਿਵਸ ਸਬੰਧੀ ਦੱਸਿਆ ਜਾ ਰਿਹਾ ਹੈ। ਦੋਸਤੋ, ਜੇਕਰ ਆਪਾ ਸਰਕਾਰੀ ਦਫ਼ਤਰਾਂ ਦੀ ਗੱਲ ਕਰੀਏ ਤਾਂ ਡਿਪਟੀ ਕਮਿਸ਼ਨਰ ਦਫ਼ਤਰ ਤੋਂ ਇਲਾਵਾ ਕਮਿਸ਼ਨਰ ਦਫ਼ਤਰ ਅਤੇ ਸਿਹਤ ਵਿਭਾਗ ਦੇ ਦਫ਼ਤਰਾਂ ਤੋਂ ਇਲਾਵਾ ਹੋਰ ਕਈ ਸਰਕਾਰੀ ਦਫ਼ਤਰਾਂ ਦੇ ਵਿੱਚ ਅੱਤਵਾਦੀ ਵਿਰੋਧੀ ਦਿਵਸ ਮਨਾਇਆ ਗਿਆ। ਸਿਵਲ ਸਰਜਨ ਦਫ਼ਤਰ ਵਿਖੇ ਮਨਾਏ ਗਏ ਅੱਤਵਾਦੀ ਵਿਰੋਧੀ ਦਿਵਸ ਨੂੰ ਜੇਕਰ ਆਪਾਂ ਸਿੱਧੇ ਤੌਰ 'ਤੇ ਵੇਖੀਏ ਤਾਂ ਇਹ ਬਿਲਕੁਲ ਠੀਕ ਹੈ, ਪਰ ਜੇਕਰ ਇਸ ਤੋਂ ਉਲਟ ਜਾ ਕੇ ਵੇਖੀਏ ਤਾਂ ਇਹ ਸਿਹਤ ਵਿਭਾਗ ਨੂੰ ਰਤਾ ਵੀ ਸ਼ਰਮ ਨਹੀਂ ਆਉਂਦੀ ਅੱਤਵਾਦੀ ਵਿਰੋਧੀ ਦਿਵਸ ਮਨਾਉਣ ਲੱਗਿਆ ਨੂੰ, ਕਿਉਂਕਿ ਜਿਹੜਾ ਸਿਹਤ ਵਿਭਾਗ ਡੇਂਗੂ ਜਿਹੀਆਂ ਭਿਆਨਕ ਬਿਮਾਰੀਆਂ ਦੇ ਨਾਲ ਨਹੀਂ ਲੜ ਸਕਦਾ, ਉਹ ਅੱਤਵਾਦੀਆਂ ਦੇ ਨਾਲ ਕਿਵੇਂ ਲੜੇਗਾ ਅਤੇ ਉਸ ਦਾ ਡੱਟ ਕੇ ਮੁਕਾਬਲਾ ਕਿਵੇਂ ਕਰੇਗਾ? 

ਬੁੱਧੀਜੀਵੀ ਵਰਗ ਦੀ ਮੰਨੀਏ ਤਾਂ ਉਨ੍ਹਾਂ ਦੇ ਮੁਤਾਬਿਕ ਅੱਤਵਾਦੀ ਵਿਰੋਧੀ ਦਿਵਸ ਮਨਾਉਣ ਦਾ ਸਿਰਫ਼ ਤੇ ਸਿਰਫ਼ ਇੱਕ ਡਰਾਮਾ ਹੀ ਸਿਹਤ ਵਿਭਾਗ ਦੇ ਵੱਲੋਂ ਕੀਤਾ ਜਾ ਰਿਹਾ ਹੈ, ਕਿਉਂਕਿ ਜਿਹੜਾ ਸਿਹਤ ਵਿਭਾਗ ਡੇਂਗੂ ਜਿਹੀਆਂ ਬਿਮਾਰੀਆਂ ਨਾਲ ਨਹੀਂ ਲੜ ਸਕਦਾ, ਉਹ ਅੱਤਵਾਦੀਆਂ ਦੇ ਨਾਲ ਕੀ ਲੜੇਗਾ? ਲੋਕਾਂ ਨੂੰ ਜਿਹੜਾ ਸਿਹਤ ਵਿਭਾਗ ਡੇਂਗੂ ਸਬੰਧੀ ਪੂਰੀ ਤਰ੍ਹਾਂ ਜਾਗਰੂਕ ਨਹੀਂ ਕਰ ਸਕਿਆ, ਉਹ ਅੱਤਵਾਦ ਸਬੰਧੀ ਕੀ ਜਾਗਰੂਕ ਕਰੇਗਾ? ਅਜਿਹੇ ਬਹੁਤ ਸਾਰੇ ਸਵਾਲ ਹਨ, ਜਿਨ੍ਹਾਂ ਦਾ ਜਵਾਬ ਸਿਹਤ ਅਧਿਕਾਰੀਆਂ ਕੋਲ ਨਹੀਂ ਹੈ। 

ਦੋਸਤੋ, ਜੇਕਰ ਆਪਾ ਦੂਜੇ ਪਾਸੇ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਮੰਨੀਏ ਤਾਂ ਉਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਵੱਲੋਂ ਡੇਂਗੂ ਜਿਹੀ ਭਿਆਨਕ ਬਿਮਾਰੀ ਨੂੰ ਖ਼ਤਮ ਕਰਨ ਦੇ ਲਈ ਜਾਗਰੂਕਤਾ ਅਭਿਆਨ ਚਲਾਏ ਜਾ ਰਹੇ ਹਨ। ਪਰ ਜਦੋਂ ਅਧਿਕਾਰੀਆਂ ਨੂੰ ਇਹ ਪੁੱਛਿਆ ਗਿਆ ਕਿ ਕੀ ਜਾਗਰੂਕਤਾ ਅਭਿਆਨ ਸਲੱਮ ਬਸਤੀਆਂ ਦੇ 'ਚ ਵੀ ਚਲਾਏ ਜਾ ਰਹੇ ਹਨ ਜਾਂ ਨਹੀਂ, ਤਾਂ ਇਸ ਸਵਾਲ ਦਾ ਜਵਾਬ ਅਧਿਕਾਰੀਆਂ ਨੇ ਹਾਂ 'ਚ ਦਿੱਤਾ। ਜਦੋਂਕਿ ਹਕੀਕਤ ਕੁਝ ਹੋਰ ਬਿਆਨ ਕਰਦੀ ਹੈ। ਸਿਹਤ ਵਿਭਾਗ ਕਦੇ ਵੀ ਸਲੱਮ ਬਸਤੀਆਂ ਵਿਚ ਸਰਕਾਰ ਦੀਆਂ ਸਕੀਮਾਂ ਲੈ ਕੇ ਨਹੀਂ ਪਹੁੰਚਿਆ। 

ਇੱਥੋਂ ਤੱਕ ਕਿ ਡੇਂਗੂ ਅਤੇ ਮਲੇਰੀਆ ਜਿਹੇ ਦਿਵਸ ਵੀ ਪ੍ਰਾਈਵੇਟ ਸਕੂਲਾਂ ਤੋਂ ਇਲਾਵਾ ਏ. ਸੀ. ਕਮਰਿਆਂ ਵਿਚ ਬੈਠ ਕੇ ਹੀ ਮਨਾਏ ਜਾਂਦੇ ਹਨ। ਜਿਸ ਤੋਂ ਪਤਾ ਲੱਗਦਾ ਹੈ ਕਿ ਸਿਹਤ ਵਿਭਾਗ ਕਿੰਨਾ ਕੁ ਡੇਂਗੂ ਅਤੇ ਮਲੇਰੀਏ ਵਿਰੁੱਧ ਕੰਮ ਕਰ ਰਿਹਾ ਹੈ। ਦੋਸਤੋ, ਦੇਖਣਾ ਹੁਣ ਇਹ ਹੋਵੇਗਾ ਕਿ ਕੀ ਸਿਹਤ ਵਿਭਾਗ ਆਉਣ ਵਾਲੇ ਸਮੇਂ ਵਿਚ ਡੇਂਗੂ ਦੇ ਨਾਲ ਪੂਰੀ ਤਰ੍ਹਾਂ ਨਾਲ ਲੜ ਪਾਏਗਾ ਜਾਂ ਨਹੀਂ? ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਕੀ ਬਣਦਾ ਹੈ? ਬਾਕੀ ਅੱਜ ਦੇ ਦਿਵਸ ਤੋਂ ਇਹ ਪਤਾ ਜ਼ਰੂਰ ਲੱਗ ਗਿਆ ਕਿ ਸਿਹਤ ਵਿਭਾਗ ਸਿਰਫ ਤੇ ਸਿਰਫ ਡਰਾਮੇ ਹੀ ਕਰਦਾ ਹੈ।