ਨਾ ਬਾਈ, ਵੀਡੀਓ ਪਾ ਕੇ ਦੱਸਣਾ ਨਹੀਂ ਕਿਸ ਨੂੰ ਪਾਈ ਵੋਟ.!!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: May 21 2019 16:55
Reading time: 3 mins, 27 secs

ਲੋਕ ਸਭਾ ਚੋਣਾਂ 19 ਮਈ ਨੂੰ ਪੰਜਾਬ ਦੇ ਅੰਦਰ ਹੋਈਆਂ। ਇਹ ਚੋਣਾਂ ਜਿੱਥੇ ਇਤਿਹਾਸਿਕ ਰਹੀਆਂ, ਉੱਥੇ ਹੀ ਇਨ੍ਹਾਂ ਚੋਣਾਂ ਦੇ ਵਿੱਚ ਨੌਜਵਾਨਾਂ ਦੇ ਵੱਲੋਂ ਬੜੇ ਹੀ ਉਤਸ਼ਾਹ ਦੇ ਨਾਲ ਹਿੱਸਾ ਲਿਆ ਗਿਆ। ਨੌਜਵਾਨਾਂ ਨੂੰ ਵੋਟ ਪਾਉਣ ਦਾ ਇੰਨਾ ਜ਼ਿਆਦਾ ਸ਼ੌਕ ਸੀ ਕਿ ਨੌਜਵਾਨ ਮੋਬਾਈਲ ਫੋਨ ਲੈ ਕੇ ਹੀ ਵੋਟਿੰਗ ਬੂਥ ਦੇ ਅੰਦਰ ਦਾਖਲ ਹੋ ਗਏ। ਖੁੱਲ੍ਹੇਆਮ ਨੌਜਵਾਨਾਂ ਦੇ ਵੱਲੋਂ ਜਿੱਥੇ ਈਵੀਐਮ ਮਸ਼ੀਨ 'ਤੇ ਮੋਬਾਈਲ ਫੋਨ ਨਾਲ ਵੀਡੀਓ ਬਣਾਈਆਂ, ਉੱਥੇ ਹੀ ਈਵੀਐਮ ਨਾਲ ਬਣਾਈਆਂ ਵੀਡੀਓ ਟਿਕ ਟਾਕ ਅਤੇ ਫੇਸ ਬੁੱਕ 'ਤੇ ਵੀ ਸ਼ੇਅਰ ਕੀਤੀਆਂ। 

ਭਾਵੇਂ ਹੀ ਫ਼ਿਰੋਜ਼ਪੁਰ ਦੇ ਅੰਦਰ ਹੁਣ ਤੱਕ ਇੱਕੋ ਮਾਮਲਾ ਹੀ ਦਰਜ਼ ਹੋਇਆ ਹੈ, ਪਰ ਕੁਲ ਮਿਲਾ ਕੇ ਵੇਖਿਆ ਜਾਵੇ ਤਾਂ ਸੈਂਕੜੇ ਹੀ ਨੌਜਵਾਨਾਂ ਦੇ ਵੱਲੋਂ ਚੋਣ ਕਮਿਸ਼ਨ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਕਿ ਉਹ ਕਿਹੜੇ ਉਮੀਦਵਾਰ ਨੂੰ ਵੋਟ ਪਾ ਰਹੇ ਹਨ। ਭਾਵੇਂ ਕਿ ਇਹ ਸਭ ਕੁਝ ''ਸੀਕਰੇਟ'' ਹੁੰਦਾ ਹੈ ਅਤੇ ਕਿਸੇ ਨੂੰ ਵੀ ਵੋਟ ਪਾਉਣ ਤੋਂ ਪਹਿਲੋਂ ਜਾਂ ਫਿਰ ਬਾਅਦ ਵਿੱਚ ਸ਼ੇਅਰ ਨਹੀਂ ਕਰਨਾ ਹੁੰਦਾ ਕਿ ਅਸੀਂ ਵੋਟ ਕਿਸ ਪਾਰਟੀ ਦੇ ਉਮੀਦਵਾਰ ਨੂੰ ਪਾ ਕੇ ਆਏ ਹਾਂ, ਪਰ ਨੌਜਵਾਨਾਂ ਨੇ ਸ਼ਰੇਆਮ ਵੀਡੀਓ ਬਣਾ ਕੇ ਸਭ ਕੁਝ ਸ਼ੇਅਰ ਕਰ ਦਿੱਤਾ।
 
ਨੌਜਵਾਨਾਂ ਦੇ ਵੱਲੋਂ ਈਵੀਐਮ ਮਸ਼ੀਨ 'ਤੇ ਵੋਟ ਪਾਉਣ ਸਮੇਂ ਬਣਾਈਆਂ ਗਈਆਂ ਵੀਡੀਓ ਦਾ ਹੌਲੀ ਹੌਲੀ ਖ਼ੁਲਾਸਾ ਹੋ ਰਿਹਾ ਹੈ ਕਿ ਅਤੇ ਪ੍ਰਸ਼ਾਸਨ ਦੇ ਵੱਲੋਂ ਇਸ ਸਬੰਧ ਵਿੱਚ ਮੁਕੱਦਮੇ ਦਰਜ ਕੀਤੇ ਜਾ ਰਹੇ ਹਨ। ਜਿਸ ਦੇ ਸਬੰਧ ਵਿੱਚ ਬੀਤੇ ਕੱਲ੍ਹ ਸਿਟੀ ਫ਼ਿਰੋਜ਼ਪੁਰ ਥਾਣੇ ਵਿਖੇ ਇੱਕ ਨੌਜਵਾਨ 'ਤੇ ਵੋਟ ਪਾਉਣ ਸਮੇਂ ਕੀਤੀ ਗਈ ਮੋਬਾਈਲ ਫੋਨ ਦੀ ਵਰਤੋਂ ਤੋਂ ਇਲਾਵਾ ਵੋਟ ਪਾਉਂਦਿਆਂ ਬਣਾਈ ਵੀਡੀਓ ਨੂੰ ਫੇਸ ਬੁੱਕ 'ਤੇ ਪਾਉਣ ਦਾ ਨੌਜਵਾਨ 'ਤੇ ਦੋਸ਼ ਲੱਗਿਆ ਹੈ।
 
ਦੱਸ ਦੇਈਏ ਕਿ ਪੁਲਿਸ ਹੁਣ ਤੱਕ ਇਹ ਪਤਾ ਨਹੀਂ ਲਗਾ ਸਕੀ ਕਿ ਉਕਤ ਨੌਜਵਾਨ ਕਿਹੜੇ ਪਿੰਡ ਦਾ ਰਹਿਣ ਵਾਲਾ ਸੀ ਅਤੇ ਉਸ ਦੇ ਪਿਤਾ ਦਾ ਨਾਮ ਕੀ ਸੀ? ਪੁਲਿਸ ਨੇ ਮੁਕੱਦਮੇ ਦੇ ਵਿੱਚ ਸਿਰਫ ਤੇ ਸਿਰਫ ਇੱਕ ਨੌਜਵਾਨ ਦਾ ਹੀ ਨਾਮ ਲਿਖਿਆ ਹੈ। ਭਾਵੇਂ ਹੀ ਪੁਲਿਸ ਦੇ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਦੇ ਸਾਈਬਰ ਵਿਭਾਗ ਦੇ ਵੱਲੋਂ ਇਹ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਵੀਡੀਓ ਬਣਾ ਕੇ ਫੇਸ ਬੁੱਕ 'ਤੇ ਪਾਉਣ ਵਾਲਾ ਕੌਣ ਸੀ, ਪਰ ਪੁਲਿਸ ਨੂੰ ਇਹ ਕੰਮ ਤਾਂ ਚੋਣਾਂ ਵਾਲੇ ਦਿਨ ਹੀ ਕਰ ਲੈਣਾ ਚਾਹੀਦਾ ਸੀ। ਦੱਸ ਦੇਈਏ ਕਿ ਫ਼ਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਕਮ ਚੋਣ ਅਫ਼ਸਰ ਦੀ ਸ਼ਿਕਾਇਤ ਦੇ ਆਧਾਰ 'ਤੇ ਫੇਸ ਬੁੱਕ ਅਕਾਊਂਟ 'ਤੇ ਆਪਣੀ ਵੋਟ ਪਾਉਣ ਦੀ ਵੀਡੀਓ ਅੱਪਲੋਡ ਕਰਨ ਵਾਲੇ ਨੌਜਵਾਨਾਂ ਦੇ ਵਿਰੁੱਧ ਥਾਣਾ ਸਿਟੀ ਫ਼ਿਰੋਜ਼ਪੁਰ ਦੇ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਦੱਸ ਦੇਈਏ ਕਿ ਸਿਟੀ ਪੁਲਿਸ ਫ਼ਿਰੋਜ਼ਪੁਰ ਦੇ ਵੱਲੋਂ ਮਾਮਲਾ ਤਾਂ ਦਰਜ਼ ਕਰ ਲਿਆ ਗਿਆ ਹੈ, ਪਰ ਪੁਲਿਸ ਹੁਣ ਤੱਕ ਵੀਡੀਓ ਬਣਾ ਕੇ ਸ਼ੇਅਰ ਕਰਨ ਵਾਲੇ ਨੂੰ ਗ੍ਰਿਫ਼ਤਾਰ ਨਹੀਂ ਕਰ ਪਾਈ।
 
ਦੂਜੇ ਪਾਸੇ ਇਸ ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਰਿਟਰਨਿੰਗ ਅਫ਼ਸਰ ਕਮ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਨੇ ਸਿਟੀ ਫ਼ਿਰੋਜ਼ਪੁਰ ਪੁਲਿਸ ਨੂੰ ਦਿੱਤੀ ਲਿਖਤੀ ਸ਼ਿਕਾਇਤ ਦੇ ਵਿੱਚ ਦੋਸ਼ ਲਗਾਉਂਦਿਆਂ ਹੋਇਆ ਦੱਸਿਆ ਕਿ 19 ਮਈ ਨੂੰ ਲੋਕ ਸਭਾ ਚੋਣਾਂ ਵਾਲੇ ਦਿਨ ਇੱਕ ਜੁਗਰਾਜ ਮਾਲਵਾ ਨਾਂਅ ਦੇ ਨੌਜਵਾਨ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਫੇਸਬੁੱਕ ਅਕਾਊਂਟ ਉੱਪਰ ਆਪਣੀ ਵੋਟ ਪਾਉਣ ਦੀ ਵੀਡੀਓ ਅੱਪਲੋਡ ਕੀਤੀ ਗਈ, ਜੋ ਕਿ ਚੋਣ ਜ਼ਾਬਤੇ ਅਤੇ ਵੋਟ ਪਾਉਣ ਦੀ ਨਿਜਤਾ ਦੇ ਕਾਨੂੰਨ ਦੀ ਉਲੰਘਣਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਡੀਐਸਪੀ ਸਿਟੀ ਸੁਰਿੰਦਰਪਾਲ ਬਾਂਸਲ ਨੇ ਦੱਸਿਆ ਕਿ ਰਿਟਰਨਿੰਗ ਅਫ਼ਸਰ ਕਮ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਵੱਲੋਂ ਭੇਜੀ ਗਈ ਸ਼ਿਕਾਇਤ ਦੇ ਆਧਾਰ 'ਤੇ ਜੁਗਰਾਜ ਮਾਲਵਾ ਦੇ ਵਿਰੁੱਧ 126 ਰੀਪਰੀਸੈਨਟੇਸ਼ਨ ਆਫ਼ ਪੀਪਲ ਐਕਟ 1951 ਐਂਡ 1988, 188 ਆਈਪੀਸੀ, 66 (ਬੀ) ਆਈ ਟੀ ਐਕਟ 2000 ਤਹਿਤ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। 

ਇੱਥੇ ਇਹ ਵੀ ਦੱਸ ਦੇਈਏ ਕਿ 19 ਮਈ ਨੂੰ ਵੋਟ ਪਾਉਣ ਸਮੇਂ ਨੌਜਵਾਨਾਂ ਦੇ ਵੱਲੋਂ ਬਣਾਈਆਂ ਗਈਆਂ ਟਿੱਕ ਟਾਂਕ 'ਤੇ ਵੀਡੀਓ ਸਬੰਧੀ 'ਨਿਊਜ਼ਨੰਬਰ' ਦੇ ਵੱਲੋਂ ਇੱਕ ਵਿਸ਼ੇਸ਼ ਸਟੋਰੀ ਪ੍ਰਕਾਸ਼ਿਤ ਕੀਤੀ ਗਈ ਸੀ। ਜਿਸ ਦੇ ਸਬੰਧ ਵਿੱਚ ਰਿਟਰਨਿੰਗ ਅਫ਼ਸਰ ਕਮ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਨੇ ਦਾਅਵਾ ਕਰਦਿਆਂ ਹੋਇਆ ਦੱਸਿਆ ਸੀ ਕਿ ਜਿਹੜੇ ਜਿਹੜੇ ਮਾਮਲੇ ਉਨ੍ਹਾਂ ਦੇ ਸਾਹਮਣੇ ਆ ਰਹੇ ਹਨ, ਉਨ੍ਹਾਂ 'ਤੇ ਉਹ ਕਾਰਵਾਈ ਕਰਨ ਸਬੰਧੀ ਪੁਲਿਸ ਨੂੰ ਲਿਖ ਰਹੇ ਹਨ। 
ਰਿਟਰਨਿੰਗ ਅਫ਼ਸਰ ਕਮ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਚੰਦਰ ਗੈਂਦ ਨੇ ਦਾਅਵਾ ਇਹ ਵੀ ਕੀਤਾ ਸੀ ਕਿ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਵਾਲਾ ਕੋਈ ਵੀ ਬਖ਼ਸ਼ਿਆ ਨਹੀਂ ਜਾਵੇਗਾ। ਅਸੀਂ ਆਪਣੀ 19 ਮਈ ਦੀ ਸਟੋਰੀ ਦੇ ਵਿੱਚ ਕੁਝ ਸਵਾਲ ਛੱਡੇ ਸੀ, ਜਿਨ੍ਹਾਂ ਦਾ ਚੋਣ ਅਧਿਕਾਰੀਆਂ ਦੇ ਕੋਲ ਜਵਾਬ ਨਹੀਂ ਸੀ ਅਤੇ ਹੁਣ ਵੀ ਨਹੀਂ ਹੈ। ਚੋਣ ਅਧਿਕਾਰੀ ਇਹ ਹੀ ਕਹਿੰਦੇ ਨਜ਼ਰੀ ਆ ਰਹੇ ਹਨ ਕਿ ਉਨ੍ਹਾਂ ਕਰਮਚਾਰੀਆਂ ਦੇ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ, ਜੋ ਪੋਲਿੰਗ ਬੂਥ ਅੰਦਰ ਤਾਇਨਾਤ ਸਨ।