ਅੰਨਦਾਤੇ ਨਾਲ ਹੁੰਦੇ ਧੱਕੇ ਵੀ ਕਿਸੇ ਅੱਤਵਾਦ ਹਮਲੇ ਤੋਂ ਘੱਟ ਨਹੀਂ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: May 21 2019 16:44
Reading time: 2 mins, 21 secs

ਅੱਤਵਾਦੀ ਵਿਰੋਧੀ ਦਿਵਸ ਮਨਾਉਣ ਦੀਆਂ ਮੀਟਿੰਗਾਂ ਏ.ਸੀ. ਕਮਰਿਆਂ ਵਿੱਚ ਅੱਜ ਸਾਰਾ ਦਿਨ ਹੀ ਚਲਦੀਆਂ ਰਹੀਆਂ, ਪਰ ਸਵਾਲ ਪੈਦਾ ਹੁੰਦਾ ਹੈ ਕਿ ਕੀ ਅੱਤਵਾਦੀ ਵਿਰੋਧੀ ਦਿਵਸ ਏ.ਸੀ. ਕਮਰਿਆਂ ਵਿੱਚ ਬੈਠ ਕੇ ਹੀ ਮਨਾਇਆ ਜਾ ਸਕਦਾ? ਕੀ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਫਰਜ਼ ਨਹੀਂ ਬਣਦਾ ਕਿ ਉਹ ਲੋਕਾਂ ਵਿੱਚ ਜਾ ਕੇ ਅੱਤਵਾਦੀ ਵਿਰੋਧੀ ਦਿਵਸ ਦੇ ਸਬੰਧ ਵਿੱਚ ਜਾਗਰੂਕ ਕਰਨ। ਪਰ ਅਜਿਹਾ ਅੱਜ ਬਿਲਕੁਲ ਨਹੀਂ ਹੋ ਸਕਿਆ।

ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਅੱਤਵਾਦੀ ਵਿਰੋਧੀ ਦਿਵਸ ਤਾਂ ਅੱਜ ਜ਼ਰੂਰ ਮਨਾਇਆ, ਪਰ ਅਫਸੋਸ ਇੱਕ ਬੰਦ ਕਮਰੇ ਵਿੱਚ ਮੀਟਿੰਗ ਕਰਕੇ ਉੱਥੇ ਹੀ ਪ੍ਰਣ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਦਿਵਾ ਦਿੱਤਾ ਗਿਆ ਕਿ ਅਸੀਂ ਅੱਤਵਾਦ ਦਾ ਡੱਟ ਕੇ ਮੁਕਾਬਲਾ ਕਰਾਂਗੇ। ਵੇਖਿਆ ਜਾਵੇ ਤਾਂ ਉਸ ਕਿਸਾਨ ਨੂੰ ਜਾ ਕੇ ਕਿਤੇ ਕੋਈ ਅਧਿਕਾਰੀ ਪੁੱਛੇ ਕਿ ਅੱਜ ਕਿਹੜਾ ਦਿਹਾੜਾ ਹੈ ਤਾਂ ਅਧਿਕਾਰੀਆਂ ਦੇ ਮੂੰਹ ਵਿੱਚੋਂ ਇੱਕ ਵੀ ਸ਼ਬਦ ਨਹੀਂ ਨਿਕਲੇਗਾ, ਕਿਉਂਕਿ ਕਿਸਾਨਾਂ ਨੂੰ ਇਸ ਗੱਲ ਬਾਰੇ ਕਿਸੇ ਨੇ ਦੱਸਿਆ ਹੀ ਨਹੀਂ।

ਅੱਤਵਾਦੀ ਵਿਰੋਧੀ ਦਿਵਸ ਤਾਂ ਉਨ੍ਹਾਂ ਲੋਕਾਂ ਨੇ ਹੀ ਲੱਗਦੈ ਮਨਾਉਣਾ ਹੁੰਦਾ, ਜਿਨ੍ਹਾਂ ਨੂੰ ਅੱਤਵਾਦ ਤੋਂ ਬੇਹੱਦ ਹੀ ਖ਼ਤਰਾ ਹੁੰਦਾ। ਦੱਸ ਦਈਏ ਕਿ ਕਿਸਾਨਾਂ ਦੇ ਨਾਲ ਸਮੇਂ ਦੀਆਂ ਸਰਕਾਰਾਂ ਅਤੇ ਲੀਡਰਾਂ ਦੇ ਵੱਲੋਂ ਕੀਤੇ ਜਾਂਦੇ ਧੱਕੇ ਵੀ ਕਿਸੇ ਅੱਤਵਾਦ ਤੋਂ ਘੱਟ ਨਹੀਂ ਹਨ। ਕਿਉਂਕਿ ਜਿਹੜਾ ਅੰਨ ਦਾ ਦਾਤਾ ਸਾਰੀ ਕਾਇਨਾਤ ਦਾ ਢਿੱਡ ਭਰਦਾ ਹੈ, ਉਹ ਖੁਦ ਰੋਟੀ ਟੁੱਕ ਦੇ ਲਈ ਮਰ ਰਿਹਾ ਹੈ। ਦੇਸ਼ ਦੇ ਅੰਦਰ ਪੈਦਾ ਹੋਏ ਅੱਤਵਾਦ ਜਿਹੇ ਹਲਾਤਾਂ ਦਾ ਕੋਈ ਬਾਹਰੀ ਵਿਅਕਤੀ ਜ਼ਿੰਮੇਵਾਰ ਨਹੀਂ।

ਬਲਕਿ ਇੱਥੋਂ ਦੇ ਲੀਡਰ ਅਤੇ ਸਰਕਾਰਾਂ ਹੀ ਜ਼ਿੰਮੇਵਾਰ ਹਨ, ਜਿਨ੍ਹਾਂ ਦੀਆਂ ਕਥਿਤ ਗ਼ਲਤ ਨੀਤੀਆਂ ਦੇ ਕਾਰਨ ਖੁਦਕੁਸ਼ੀਆਂ ਦਾ ਰਸਤਾ ਅਪਣਾ ਲੈਂਦੇ ਹਨ। ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਜਿਹੜੀਆਂ ਚੀਜ਼ਾਂ ਤੋਂ ਸਾਨੂੰ ਅਤੇ ਸਾਡੇ ਸਮਾਜ ਨੂੰ ਖ਼ਤਰਾ ਹੈ, ਉਸ ਦੇ ਬਾਰੇ ਵਿੱਚ ਅੰਨਦਾਤੇ ਨੂੰ ਭੋਰਾ ਵੀ ਖਿਆਲ ਨਹੀਂ। ਅਧਿਕਾਰੀਆਂ ਅਤੇ ਸਮੇਂ ਦੀਆਂ ਸਰਕਾਰਾਂ ਨੂੰ ਲੱਗਦੈ ਤਾਂ ਇੰਝ ਹੀ ਹੈ ਕਿ ਕਿਸਾਨਾਂ ਨੂੰ ਸਾਰਾ ਕੁਝ ਪਤਾ ਹੈ ਅਤੇ ਉਹ ਅੱਗੇ ਪਿੱਛੇ ਵੇਖ ਕੇ ਚੱਲਦੇ ਹਨ, ਪਰ ਅੱਤਵਾਦ ਤਾਂ ਕਿਸੇ ਦੇ ਪਿਉ ਦਾ ਸਕਾ ਨਹੀਂ।

ਜੇਕਰ ਕਿਸਾਨਾਂ ਨੂੰ ਅੱਤਵਾਦੀ ਵਿਰੋਧੀ ਦਿਵਸ ਦੇ ਬਾਰੇ ਵਿੱਚ ਭੋਰਾ ਪਤਾ ਨਹੀਂ ਹੋਵੇਗਾ ਤਾਂ ਉਹ ਕਿਵੇਂ ਅੱਤਵਾਦ ਦਾ ਵਿਰੋਧ ਕਰ ਸਕਣਗੇ। 'ਨਿਊਜ਼ਨੰਬਰ' ਦੇ ਵੱਲੋਂ ਅੱਤਵਾਦੀ ਵਿਰੋਧੀ ਦਿਵਸ ਮੌਕੇ ਕੁਝ ਕਿਸਾਨ ਜੱਥੇਬੰਦੀਆਂ ਦੇ ਆਗੂਆਂ ਦੇ ਨਾਲ ਰਾਬਤਾ ਕਾਇਮ ਕਰਕੇ ਅੱਜ ਦੇ ਦਿਹਾੜੇ ਸਬੰਧੀ ਪੁੱਛਿਆ ਗਿਆ ਤਾਂ ਕਿਸੇ ਵੀ ਕਿਸਾਨ ਆਗੂ ਨੂੰ ਪਤਾ ਨਹੀਂ ਸੀ ਕਿ ਅੱਜ ਕਿਹੜਾ ਦਿਹਾੜਾ ਹੈ। ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਉਹ ਤਾਂ ਇਨ੍ਹਾਂ ਜ਼ਰੂਰ ਦੱਸ ਸਕਦੇ ਹਨ ਕਿ ਅੱਜ ਐਨੇ ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ।

ਪਰ ਉਨ੍ਹਾਂ ਨੂੰ ਅੱਤਵਾਦੀ ਵਿਰੋਧੀ ਦਿਵਸ ਬਾਰੇ ਪਤਾ ਨਹੀਂ। ਕਿਸਾਨ ਆਗੂਆਂ ਦਾ ਇਹ ਵੀ ਕਹਿਣਾ ਸੀ ਕਿ ਸਰਹੱਦ 'ਤੇ ਸਾਡੇ ਦੇਸ਼ ਦੇ ਫੌਜ਼ੀ ਜਵਾਨ ਸ਼ਹੀਦ ਹੋ ਜਾਂਦੇ ਹਨ, ਜਿਨ੍ਹਾਂ ਦਾ ਸਮੇਂ ਦੀਆਂ ਸਰਕਾਰਾਂ ਦੇ ਵੱਲੋਂ ਦੋਸ਼ ਬਾਹਰਲੇ ਦੇਸ਼ਾਂ ਉੱਪਰ ਮੜ੍ਹਿਆ ਜਾਂਦਾ ਹੈ, ਜੋ ਕਿ ਬਿਲਕੁਲ ਠੀਕ ਨਹੀਂ ਜਾਪ ਰਿਹਾ। ਜੇਕਰ ਬਾਹਰੋਂ ਅੱਤਵਾਦੀ ਆਉਂਦੇ ਹੁੰਦੇ ਤਾਂ ਦੇਸ਼ ਦਾ ਕਿਸਾਨ ਅੱਜ ਦੇਸ਼ ਦਾ ਢਿੱਡ ਨਾ ਭਰ ਰਿਹਾ ਹੁੰਦਾ। ਬਾਹਰੋਂ ਕੋਈ ਅੱਤਵਾਦੀ ਨਹੀਂ ਆਉਂਦਾ, ਸਭ ਇੱਥੇ ਹੀ ਪੈਦਾ ਹੋ ਕੇ ਦੇਸ਼ ਦੀ ਜਵਾਨੀ ਕਿਸਾਨੀ ਨੂੰ ਬਰਬਾਦ ਕਰਦੇ ਹਨ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।