ਜਦੋਂ ਚੋਣ ਕਮਿਸ਼ਨ ਦੇ ਸਵੀਪ ਪ੍ਰੋਗਰਾਮ ਦੀ ਵੋਟਰਾਂ ਨੇ ਕੱਢ ਕੇ ਰੱਖ ਦਿੱਤੀ ਫੂਕ!!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: May 21 2019 15:43
Reading time: 6 mins, 2 secs

ਲੋਕ ਸਭਾ ਚੋਣਾਂ-2019 ਦੌਰਾਨ 100 ਫੀਸਦੀ ਵੋਟਿੰਗ ਕਰਵਾਉਣ ਦਾ ਉਦੇਸ਼ ਲੈ ਕੇ ਭਾਰਤੀ ਚੋਣ ਕਮਿਸ਼ਨ ਵੱਲੋਂ ਸਵੀਪ ਪ੍ਰੋਗਰਾਮ ਦੌਰਾਨ ਲੋਕ ਸਭਾ ਹਲਕਿਆਂ 'ਚ ਵੱਖ-ਵੱਖ ਗਤੀਵਿਧੀਆਂ ਚਲਾਈਆਂ ਗਈਆਂ ਸਨ। ਵੱਧ ਤੋਂ ਵੱਧ ਨਵੇਂ ਵੋਟਰ ਬਣਾਉਣ ਸਬੰਧੀ ਮੁਹਿੰਮ ਚਲਾਈ ਗਈ ਅਤੇ ਆਮ ਲੋਕਾਂ ਨੂੰ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ ਲਈ ਵੋਟਰ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕਰਕੇ ਲੋਕਾਂ ਨੂੰ ਆਪਣੀ ਵੋਟ ਪੋਲ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸਦੇ ਨਾਲ ਹੀ ਉੱਘੇ ਗਾਇਕਾਂ, ਕਲਾਕਾਰਾਂ ਅਤੇ ਹੋਰ ਖੇਤਰਾਂ ਨਾਲ ਜੁੜੀਆਂ ਮੁੱਖ ਸ਼ਖਸੀਅਤਾਂ ਨੂੰ ਬ੍ਰਾਂਡ ਆਈਕੌਨ ਬਣਾਕੇ ਵੋਟਰਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਦਿਵਿਆਂਗ ਵੋਟਰਾਂ ਨੂੰ ਪੋਲਿੰਗ ਸਟੇਸ਼ਨਾਂ ਲਈ ਵਿਸ਼ੇਸ਼ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ। ਪ੍ਰੰਤੂ ਇਨ੍ਹਾਂ ਚੋਣਾਂ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੋਟ ਫੀਸਦੀ ਵਧਾਉਣ ਸਬੰਧੀ ਕੀਤੇ ਉਪਰਾਲਿਆਂ ਦੇ ਉਲਟ ਚੱਲਦੇ ਹੋਏ ਹਲਕੇ ਦੇ ਵੋਟਰਾਂ ਨੇ ਚੋਣ ਕਮਿਸ਼ਨ ਦੇ ਸਵੀਪ ਪ੍ਰੋਗਰਾਮ ਦੀ ਫੂਕ ਕੱਢ ਕੇ ਰੱਖ ਦਿੱਤੀ ਹੈ।

1,09,445 ਨਵੇਂ ਵੋਟਰਾਂ ਬਾਵਜੂਦ ਵੋਟ ਫੀਸਦੀ ਆਂਕੜਾ 8.15 ਥੱਲੇ ਡਿੱਗਿਆ
ਸਾਲ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਲੋਕ ਸਭਾ ਹਲਕਾ ਫਤਹਿਗੜ ਸਾਹਿਬ 'ਚ ਹੋਈ ਪੋਲਿੰਗ ਦਾ ਵੋਟ ਫੀਸਦੀ 73.80 ਰਿਹਾ ਸੀ। ਪਰ ਪੰਜ ਸਾਲਾਂ ਦੇ ਅੰਤਰਾਲ ਦੌਰਾਨ ਪਿਛਲੀ ਟਰਮ ਦੇ ਮੁਕਾਬਲੇ ਸਾਲ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਫਤਹਿਗੜ ਸਾਹਿਬ ਹਲਕੇ 'ਚ 1 ਲੱਖ 09 ਹਜ਼ਾਰ 445 ਨਵੇਂ ਵੋਟਰ ਬਣਨ ਦੇ ਬਾਵਜੂਦ ਵੋਟ ਫੀਸਦੀ ਆਂਕੜਾ 8.15 ਥੱਲੇ ਡਿੱਗਕੇ ਸਿਰਫ 65.65 ਫੀਸਦੀ ਰਹਿ ਗਿਆ ਹੈ। ਪੂਰੇ ਹਲਕੇ 'ਚ ਇਨ੍ਹਾਂ ਚੋਣਾਂ ਦੌਰਾਨ ਕੁੱਲ 15 ਲੱਖ 2 ਹਜ਼ਾਰ 852 ਵੋਟਰ ਸਨ। ਜਦਕਿ ਸਾਲ 2014 ਦੀਆਂ ਚੋਣਾਂ ਸਮੇਂ 13 ਲੱਖ 93 ਹਜ਼ਾਰ 407 ਵੋਟਰਾਂ 'ਚੋਂ ਲੋਕਾਂ ਨੇ ਵੋਟ ਪੋਲ ਕਰਦੇ ਹੋਏ 73.80 ਫੀਸਦੀ ਆਂਕੜਾ ਦਰਜ ਕਰਵਾਇਆ ਸੀ। ਪਿਛਲੀਆਂ ਚੋਣਾਂ ਦੇ ਮੁਕਾਬਲੇ ਇਨ੍ਹਾਂ ਲੋਕ ਸਭਾ ਚੋਣਾਂ 'ਚ 8.15 ਫੀਸਦੀ ਪੋਲਿੰਗ ਘੱਟਣ ਦੇ ਨਾਲ ਬਣਦੇ ਨਵੇਂ ਸਮੀਕਰਣਾਂ ਦੇ ਚੱਲਦੇ ਚੋਣ ਅਖਾੜੇ 'ਚ ਨਿੱਤਰੇ ਪ੍ਰਮੁੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਆਪਣੇ ਵੋਟ ਮਾਰਜ਼ਨ ਦਾ ਡਰ ਸਤਾਉਣ ਲੱਗਾ ਹੈ। ਇਸਦੇ ਨਾਲ ਹੀ ਜਿੱਤ ਅਤੇ ਹਾਰ ਦਰਮਿਆਨ ਵੀ ਰੇੜਕਾ ਫਸਦਾ ਨਜ਼ਰ ਆ ਰਿਹਾ ਹੈ।

2009 'ਚ ਬਣੇ ਹਲਕਾ ਫਤਹਿਗੜ ਸਾਹਿਬ ਤੋਂ ਵੱਖ-ਵੱਖ ਉਮੀਦਵਾਰ ਕਰ ਰਹੇ ਜਿੱਤ ਦੇ ਦਾਅਵੇ
ਬੇਸ਼ੱਕ ਚੋਣਾਂ ਬਾਅਦ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਦੀ ਕਿਸਮਤ ਈਵੀਐਮ 'ਚ ਬੰਦ ਹੋ ਚੁੱਕੀ ਹੈ ਪ੍ਰੰਤੂ ਉਮੀਦਵਾਰਾਂ ਦੇ ਸਮਰਥਕਾਂ ਨੂੰ ਆਪੋ-ਆਪਣੇ ਉਮੀਦਵਾਰਾਂ ਦੀ ਜਿੱਤ ਹੋਣ ਦੇ ਦਾਅਵੇ ਕੀਤਾ ਜਾ ਰਹੇ ਹਨ। ਪਰ ਇਹ ਤਾਂ 23 ਮਈ ਨੂੰ ਹੋਣ ਵਾਲੀ ਚੋਣਾਂ ਦੀ ਗਿਣਤੀ ਦੇ ਬਾਅਦ ਸਥਿਤੀ ਸਪਸ਼ਟ ਹੋ ਸਕੇਗੀ ਕਿ ਕਿਹੜੇ ਉਮੀਦਵਾਰ ਦੇ ਵਿਹੜੇ 'ਚ ਜਿੱਤ ਦੀ ਖੁਸ਼ੀ ਦੀਆਂ ਸ਼ਹਿਨਾਈਆਂ ਵੱਜਣਗੀਆਂ। ਜ਼ਿਕਰਯੋਗ ਹੈ ਕਿ ਸਾਲ 2009 'ਚ ਲੋਕ ਸਭਾ ਹਲਕਿਆਂ ਦੀ ਹੋਈ ਹੱਦਬੰਦੀ ਬਾਅਦ ਪਹਿਲੀ ਵਾਰ ਹੌਂਦ 'ਚ ਆਏ ਲੋਕ ਸਭਾ ਹਲਕਾ ਫਤਹਿਗੜ ਸਾਹਿਬ ਤੋਂ ਅਕਾਲੀ ਦਲ ਛੱਡਕੇ ਕਾਂਗਰਸ ਪਾਰਟੀ 'ਚ ਸ਼ਾਮਲ ਹੋਏ ਸੁਖਦੇਵ ਸਿੰਘ ਲਿਬੜਾ ਨੇ ਜਿੱਤ ਹਾਸਲ ਕੀਤੀ ਸੀ। ਜਦਕਿ ਉਨ੍ਹਾਂ ਦੇ ਮੁਕਾਬਲੇ ਮੈਦਾਨ 'ਚ ਡਟੇ ਅਕਾਲੀ ਦਲ-ਭਾਜਪਾ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ 34,299 ਵੋਟਾਂ ਦੇ ਫਰਕ ਨਾਲ ਹਾਰ ਗਏ ਸਨ।

2014 ਦੀਆਂ ਚੋਣਾਂ 'ਚ ਧਰਮਸੋਤ ਨੂੰ ਹਰਾਕੇ ਖਾਲਸਾ ਬਣੇ ਸੀ ਮੈਂਬਰ ਪਾਰਲੀਮੈਂਟ
ਲੋਕ ਸਭਾ ਹਲਕਾ ਫਤਹਿਗੜ ਸਾਹਿਬ ਦੇ ਮੈਂਬਰ ਪਾਰਲੀਮੈਂਟ ਲਈ ਸਾਲ 2014 'ਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਸੂਬੇ ਅੰਦਰ ਆਮ ਆਦਮੀ ਪਾਰਟੀ (ਆਪ) ਦੇ ਹੱਕ 'ਚ ਚੱਲੀ ਲਹਿਰ ਅਤੇ ਕੁਝ ਕਾਂਗਰਸ ਆਗੂਆਂ ਵੱਲੋਂ ਪਾਰਟੀ ਦੇ ਵੋਟ ਬੈਂਕ 'ਚ ਲਗਾਏ ਗਏ ਖੋਰੇ ਦੇ ਚੱਲਦੇ ਆਪ ਦੇ ਉਮੀਦਵਾਰ ਹਰਿੰਦਰ ਸਿੰਘ ਖਾਲਸਾ ਨੇ ਜਿੱਤ ਹਾਸਲ ਕੀਤੀ ਸੀ। ਆਪਣੇ ਵਿਰੋਧੀ ਉਮੀਦਵਾਰਾਂ ਨੂੰ 54,144 ਵੋਟਾਂ ਦੇ ਫਰਕ ਨਾਲ ਹਰਾਕੇ ਖਾਲਸਾ ਮੈਂਬਰ ਪਾਰਲੀਮੈਂਟ ਬਣੇ ਸਨ। ਜਦਕਿ ਖਾਲਸਾ ਦਾ ਮੁਕਾਬਲੇ ਚੋਣ ਮੈਦਾਨ 'ਚ ਖੜੇ ਕਾਂਗਰਸ ਦੇ ਉਮੀਦਵਾਰ ਅਤੇ ਮੌਜੂਦ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸਾਧੂ ਸਿੰਧ ਧਰਮਸੋਤ 3 ਲੱਖ 13 ਹਜ਼ਾਰ 149 ਵੋਟਾਂ ਹਾਸਲ ਕਰਕੇ ਹਾਰ ਗਏ ਸੀ। ਪ੍ਰੰਤੂ ਮੌਜੂਦਾ ਸਮੇਂ ਇਸ ਹਲਕੇ ਅੰਦਰ ਪੈਂਦੇ 9 ਵਿਧਾਨ ਸਭਾ ਹਲਕਿਆਂ 'ਚੋਂ ਸੱਤ ਸੀਟਾਂ ਤੋਂ ਕਾਂਗਰਸ ਵਿਧਾਇਕ ਜੇਤੂ ਹਨ।

9 ਹਲਕਿਆਂ 'ਚ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ 'ਚ ਪਈਆਂ ਵੋਟਾਂ ਦੇ ਆਂਕੜੇ
ਵਿਧਾਨ ਸਭਾ ਹਲਕਾ    ਸਾਲ 2012        2014 (ਲੋਕ ਸਭਾ)      2017            2019 (ਲੋਕ ਸਭਾ)
ਬੱਸੀ ਪਠਾਣਾਂ              78.57               71.76                    79.93            63.18
ਅਮਲੋਹ                    81.80               76.65                    83.69            72.08  
ਫਤਹਿਗੜ ਸਾਹਿਬ      84.61               71.76                    79.93             63.18    
ਖੰਨਾ                        81.03                74.76                    78.87             66.50
ਸਮਰਾਲਾ                 81.18                 73.39                   80.85              63.40
ਪਾਇਲ                    82.66                 76.29                   82.67              66.95
ਸਾਹਨੇਵਾਲ              79.12                  72.92                   76.22              61.05
ਰਾਏਕੋਟ                  78.57                   72.48                   78.70             63.95
ਅਮਰਗੜ               85.67                   75.69                    84.70             68.39

ਘੱਟ ਵੋਟ ਫੀਸਦੀ ਦੇ ਆਂਕੜੇ ਖੜੇ ਕਰ ਰਹੇ ਕਈ ਸਵਾਲ
ਸਾਲ 2012 ਤੋਂ ਲੈ ਕੇ ਹੁਣ ਤੱਕ ਦੇ ਹੋਏ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ 'ਚ ਵੋਟ ਫੀਸਦੀ ਦੇ ਆਂਕੜਿਆਂ ਤੇ ਝਾਤ ਪਾਈ ਜਾਏ ਤਾਂ ਜਾਪਦਾ ਹੈ ਕਿ ਰਿਵਾਇਤੀ ਪਾਰਟੀਆਂ ਤੋਂ ਆਮ ਲੋਕਾਂ ਦਾ ਮੋਹ ਭੰਗ ਹੁੰਦਾ ਜਾ ਰਿਹਾ ਹੈ। ਘੱਟਦੀ ਜਾ ਰਹੀ ਵੋਟ ਪ੍ਰਤੀਸ਼ਤਤਾ ਤੋਂ ਲੱਗਦਾ ਹੈ ਕਿ ਜ਼ਿਆਦਾਤਰ ਲੋਕ ਬਦਲਾਅ ਲਿਆਉਣ ਦੇ ਇਰਾਦੇ ਨਾਲ ਜਾਂ ਤਾਂ ਵੋਟ ਪੋਲ ਕਰਨ ਨਹੀਂ ਜਾ ਰਹੇ ਹਨ ਜਾਂ ਫੇਰ ਪਾਰਟੀਆਂ ਦੀਆਂ ਨੀਤੀਆਂ ਤੋਂ ਖੁਸ਼ ਨਹੀਂ ਲੱਗ ਰਹੇ ਹਨ। ਸਾਲ 2012 ਦੀਆਂ ਹੋਈਆਂ ਵਿਧਾਨ ਸਭਾ ਚੋਣਾਂ ਦੇ ਵੋਟ ਫੀਸਦੀ ਆਂਕੜਿਆਂ ਤੋਂ ਲੈ ਕੇ 2019 ਦੀਆਂ ਲੋਕ ਸਭਾ ਚੋਣਾਂ ਦੀ ਵੋਟ ਫੀਸਦੀ ਦੇ ਆਂਕੜੇ ਵੋਟਰਾਂ ਦੇ ਦਿਲਾਂ ਦੀ ਆਵਾਜ਼ ਨੂੰ ਖੁਦ ਬ ਖੁਦ ਸਪਸ਼ਟ ਕਰ ਰਹੇ ਹਨ। ਸਾਲ 2014 ਦੀਆਂ ਲੋਕ ਸਭਾ ਚੋਣਾਂ 'ਚ ਹੋਈ ਵੋਟਿੰਗ ਦੇ ਮੁਕਾਬਲੇ 2019 ਦੀਆਂ ਲੋਕ ਸਭਾ ਚੋਣਾਂ 'ਚ ਹੋਈ ਘੱਟ ਪੋਲਿੰਗ ਦਰਸ਼ਾਉਂਦੀ ਹੈ ਕਿ ਪਹਿਲਾਂ ਦੇ ਮੁਕਾਬਲੇ ਲੋਕਾਂ 'ਚ ਚੋਣਾਂ ਨੂੰ ਲੈ ਕੇ ਦਿਲਚਸਪੀ ਘੱਟਦੀ ਜਾ ਰਹੀ ਹੈ। ਸਾਲ 2017 ਦੀਆਂ ਹੋਈਆਂ ਵਿਧਾਨਸਭਾ ਚੋਣਾਂ 'ਚ ਵੋਟ ਫੀਸਦੀ ਕਾਫੀ ਜ਼ਿਆਦਾ ਸੀ, ਪ੍ਰੰਤੂ ਸੂਬੇ 'ਚ ਹੋਈ ਸੱਤਾ ਪਰਿਵਰਤਨ ਦੇ 2 ਸਾਲ ਬਾਅਦ ਹੀ ਲੋਕਾਂ 'ਚ ਵੋਟਾਂ ਪ੍ਰਤੀ ਘਟਿਆ ਰੁਝਾਨ ਕਾਫੀ ਸਵਾਲ ਖੜੇ ਕਰ ਰਿਹਾ ਹੈ।

2012-17 ਦੀਆਂ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਹੋਈ ਘੱਟ ਵੋਟਿੰਗ
ਜੇਕਰ ਸਾਲ 2012 ਅਤੇ 2017 ਦੌਰਾਨ ਸੂਬੇ 'ਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਹੋਈ ਵੋਟਿੰਗ ਦੀ ਗੱਲ ਕੀਤੀ ਜਾਵੇ ਤਾਂ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਮੌਜੂਦਾ ਲੋਕ ਸਭਾ ਚੋਣਾਂ 'ਚ ਬਹੁਤ ਹੀ ਘੱਟ ਵੋਟਾਂ ਪੋਲਿੰਗ ਹੋਈਆਂ ਹਨ। ਇਨ੍ਹਾਂ ਦੋ ਟਰਮਾਂ ਦੀਆਂ ਵਿਧਾਨ ਸਭਾ ਚੋਣਾਂ ਦੇ ਵੋਟ ਫੀਸਦੀ ਆਂਕੜਿਆਂ ਤੇ ਨਜ਼ਰ ਫੇਰੀ ਜਾਏ ਤਾਂ ਹੈਰਾਨੀਜਨਕ ਆਂਕੜੇ ਸਾਹਮਣੇ ਆਏ ਹਨ। ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੋਟਿੰਗ ਦੇ ਮੁਕਾਬਲੇ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਲੋਕ ਸਭਾ ਹਲਕਾ ਫਤਹਿਗੜ ਸਾਹਿਬ ਅਧੀਨ ਪੈਂਦੇ 9 ਵਿਧਾਨ ਸਭਾ ਹਲਕਿਆਂ 'ਚ ਵੋਟ ਫੀਸਦੀ ਵੱਧਦੀ ਚਲੀ ਗਈ ਸੀ। ਲਗਾਤਾਰ ਦੱਸ ਸਾਲ ਸੱਤਾ 'ਚ ਰਹੀ ਅਕਾਲੀ-ਭਾਜਪਾ ਗੱਠਜੋੜ ਸਰਕਾਰ ਦੀਆਂ ਕਥਿਤ ਨੀਤੀਆਂ ਤੋਂ ਤੰਗ ਹੋਏ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਸੂਬੇ 'ਚ ਸੱਤਾ ਦੇ ਬਦਲਾਅ ਲਈ ਵੱਧ ਚੜਕੇ ਵੋਟਿੰਗ ਕੀਤੀ ਸੀ। ਪ੍ਰੰਤੂ ਇਨ੍ਹਾਂ ਲੋਕਸਭਾ ਚੋਣਾਂ ਦੌਰਾਨ 9 ਵਿਧਾਨ ਸਭਾ ਹਲਕਿਆਂ ਦੇ ਵੋਟਰਾਂ ਨੇ ਓਨਾ ਉਤਸ਼ਾਹ ਨਹੀਂ ਦਿਖਾਇਆ ਜਿੰਨਾ ਕਿ ਸਿਆਸੀ ਪਾਰਟੀਆਂ ਵੱਲੋਂ ਉਨ੍ਹਾਂ ਤੇ ਵਿਸ਼ਵਾਸ ਕੀਤਾ ਜਾ ਰਿਹਾ ਸੀ।