ਵੋਟ ਪਾਉਂਦਿਆਂ ਹੀ ਕਿਸਾਨ ਨੂੰ ਮਿਲਿਆ ਬੈਂਕ ਦਾ ਨੋਟਿਸ, ਪੈ ਗਿਆ ਦਿਲ ਦਾ ਦੌਰਾ, ਮੌਤ!! (ਵਿਅੰਗ)

Last Updated: May 21 2019 13:18
Reading time: 1 min, 51 secs

ਸਾਡੀ ਸਰਕਾਰ ਨੇ ਕਿਸਾਨਾਂ ਦੇ ਕਰਜੇ ਮੁਆਫ਼ ਕਰ ਦਿੱਤੇ ਸਨ, ਸਾਡੀ ਪਾਰਟੀ ਨੂੰ ਜਿਤਾਓ, ਰਹਿੰਦੇ ਕਿਸਾਨਾਂ ਨੂੰ ਵੀ ਕਰਜਾ ਮੁਕਤ ਕਰ ਦਿਆਂਗੇ। ਕੁਝ ਇਹੋ ਜਿਹੀਆਂ ਅਵਾਜ਼ਾਂ ਹੀ ਸੁਣਾਈ ਦਿੰਦੀਆਂ ਸਨ, ਚੋਣ ਰੈਲੀਆਂ 'ਚੋਂ, 19 ਮਈ ਪਈਆਂ ਵੋਟਾਂ ਤੋਂ ਦੋ ਚਾਰ ਦਿਨ ਪਹਿਲਾਂ। ਅਲੋਚਕਾਂ ਅਨੁਸਾਰ ਨਾ ਕਿਸੇ ਨੇ ਢਾਈ ਸਾਲਾਂ ਦੇ ਦੌਰਾਨ ਕਿਸਾਨਾਂ ਨੂੰ ਕਰਜਾ ਮੁਕਤ ਹੁੰਦਿਆਂ ਵੇਖਿਆ ਤੇ ਸ਼ਾਇਦ 23 ਮਈ ਤੋਂ ਬਾਅਦ ਵੀ ਨਹੀਂ ਹੋਣਗੇ ਪਰ ਜ਼ਿੰਦਗੀ ਤੋਂ ਮੁਕਤ ਹੁੰਦੇ ਕਿਸਾਨ ਪਹਿਲਾਂ ਵੀ ਬੜੇ ਵੇਖੇ ਹਨ ਤੇ ਯਕੀਨ ਨਾਲ ਨਹੀਂ ਕਿਹਾ ਜਾ ਸਕਦਾ ਕਿ ਭਵਿੱਖ ਵਿੱਚ ਇਹ ਨਜ਼ਰ ਨਹੀਂ ਆਉਣਗੇ, ਜ਼ਿੰਦਗੀ ਦੀਆਂ ਸਾਹਾਂ ਤੋਂ ਮੁਕਤ ਹੁੰਦੇ ਕਿਸਾਨ।

ਕੁਝ ਅਜਿਹਾ ਹੀ ਹੋਇਆ ਜ਼ਿਲ੍ਹਾ ਪਟਿਆਲਾ ਦੇ ਪਿੰਡ ਅਮਾਮਗੜ ਦੇ ਰਹਿਣ ਵਾਲੇ ਕਿਸਾਨ ਕੁਲਵੰਤ ਸਿੰਘ ਦੇ ਨਾਲ ਵੀ। ਦੱਸਿਆ ਜਾਂਦੈ ਕਿ ਕੁਲਵੰਤ ਸਿੰਘ ਵੀ ਬੜੇ ਚਾਈਂ ਚਾਈਂ ਐਤਵਾਰ ਦੇਰ ਸ਼ਾਮ ਵੋਟ ਪਾ ਕੇ ਆਪਣੇ ਘਰ ਆ ਗਿਆ। ਸੋਮਵਾਰ ਸਵੇਰੇ ਉੱਠ ਕੇ ਉਹ ਚਾਹ ਪਾਣੀ ਪੀ ਕੇ ਆਪਣੀ ਉਂਗਲ ਤੇ ਲੱਗੇ ਕਾਲੇ ਟਿੱਕੇ ਨੂੰ ਵੇਖ ਕੇ ਇਹ ਸੋਚ ਕੇ ਮੰਦ ਮੰਦ ਮੁਸਕਰਾਉਣ ਲੱਗ ਪਿਆ ਕਿ ਇਸ ਵਾਰ ਤਾਂ ਉਸਦਾ ਕਰਜਾ ਜ਼ਰੂਰ ਮੁਆਫ਼ ਹੋ ਜਾਵੇਗਾ ਕਿਉਂ ਜਿਸਨੂੰ ਉਸਨੇ ਵੋਟ ਪਾਈ ਸੀ, ਉਸ ਲੀਡਰ ਨੇ ਉਸ ਨਾਲ ਵਾਅਦਾ ਕੀਤਾ ਸੀ, ਕਰਜਾ ਮੁਆਫ਼ੀ ਦਾ।

ਦੱਸਿਆ ਜਾ ਰਿਹੈ ਕਿ ਉਹ ਅਜੇ ਕੁਲਵੰਤ ਸਿੰਘ ਦੀ ਘਰ ਵਾਲੀ ਨੇ ਉਸਦੇ ਮੰਜੇ ਕੋਲ ਪਿਆ ਚਾਹ ਦਾ ਖ਼ਾਲੀ ਗਿਲਾਸ ਵੀ ਨਹੀਂ ਚੁੱਕਿਆ ਕਿ ਦਰਵਾਜ਼ੇ ਤੇ ਬੈਂਕ ਵਾਲੇ ਆਣ ਧਮਕੇ। ਉਨ੍ਹਾਂ ਨੇ ਲਾਲ ਪੀਲੀਆਂ ਅੱਖਾਂ ਕੱਢਦਿਆਂ ਉਸਦੇ ਹੱਥਾਂ ਵਿੱਚ ਨੋਟਿਸ ਫੜਾ ਦਿੱਤਾ। ਦੱਸਿਆ ਜਾਂਦੇ ਕਿ ਬੈਂਕ ਵਾਲਿਆਂ ਨੇ ਅਜੇ ਪਿੱਠ ਵੀ ਨਹੀਂ ਕੀਤੀ ਕਿ ਚੰਗਾ ਭਲਾ ਕੁਲਵੰਤ ਸਿੰਘ ਖੜ੍ਹਾ ਖਲੋਤਾ ਹੀ ਥੱਲੇ ਡਿੱਗ ਪਿਆ। ਉਸਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਵੇਖਦੇ ਹੀ ਵੇਖਦੇ ਉਸਦਾ ਸਾਰਾ ਸਰੀਰ ਠੰਡਾ ਸੀਤ ਹੋ ਗਿਆ।

ਕੁਲਵੰਤ ਸਿੰਘ ਦੇ ਭਰਾ ਸਤਵੰਤ ਸਿੰਘ ਦਾ ਕਹਿਣਾ ਹੈ ਕਿ ਉਸਦੇ ਭਰਾ ਦੇ ਸਿਰ ਤੇ ਬੈਂਕ ਦਾ ਛੇ ਲੱਖ ਦਾ ਕਰਜਾ ਸੀ। ਬੈਂਕ ਨੇ ਕਰਜਾ ਵਸੂਲੀ ਲਈ ਪਹਿਲਾਂ ਵੀ ਦੋ ਵਾਰ ਨੋਟਿਸ ਭੇਜ ਸਨ, ਜਿਸਦੇ ਚਲਦਿਆਂ ਉਹ ਮਾਨਸਿਕ ਤੌਰ ਤੇ ਬੜਾ ਪਰੇਸ਼ਾਨ ਰਹਿਣ ਲੱਗ ਪਿਆ ਸੀ। ਇਸੇ ਦੌਰਾਨ ਹੀ ਸੋਮਵਾਰ ਤੀਜਾ ਨੋਟਿਸ ਵੀ ਆ ਗਿਆ, ਜਿਹੜਾ ਕਿ ਉਸਦੇ ਭਰਾ ਲਈ ਜਾਨਲੇਵਾ ਵੀ ਸਾਬਤ ਹੋਇਆ। ਦੋਸਤੋਂ, ਸਮੇਂ ਦੀਆਂ ਸਰਕਾਰਾਂ ਤਾਂ ਕੁਲਵੰਤ ਸਿੰਘ ਨੂੰ ਕਰਜਾ ਮੁਕਤ ਨਹੀਂ ਕਰ ਪਾਈਆਂ ਪਰ ਉਸਦੇ ਦਿਲ ਦੇ ਦੌਰੇ ਨੇ ਉਸਨੂੰ ਜ਼ਿੰਦਗੀ ਤੋਂ ਜ਼ਰੂਰ ਮੁਕਤ ਕਰ ਦਿੱਤਾ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।