ਮੁੰਡੇ ਨੇ ਦਿਮਾਗੀ ਪੱਖੋਂ ਕਮਜ਼ੋਰ ਕੁੜੀ ਨਾਲ ਕੀਤਾ ਬਲਾਤਕਾਰ!!!

Last Updated: May 21 2019 13:01
Reading time: 1 min, 9 secs

ਬਸਤੀ ਮਾਨੇ ਵਾਲੀ ਦਾਖਲੀ ਮੱਲੂ ਵਾਲੀਏ ਵਾਲਾ ਦੀ ਰਹਿਣ ਵਾਲੀ ਇੱਕ ਦਿਮਾਗੀ ਪੱਖੋਂ ਕਮਜ਼ੋਰ ਕੁੜੀ ਦੇ ਨਾਲ ਉਨ੍ਹਾਂ ਦੇ ਪਿੰਡ ਦੇ ਹੀ ਮੁੰਡੇ ਵੱਲੋਂ ਬਲਾਤਕਾਰ ਕਰਨ ਦੀ ਸੂਚਨਾ ਪ੍ਰਾਪਤ ਹੋਈ ਹੈ। ਇਸ ਸਬੰਧ ਵਿੱਚ ਮੱਲਾਂਵਾਲਾ ਪੁਲਿਸ ਦੇ ਵੱਲੋਂ ਉਕਤ ਮੁੰਡੇ ਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਬਸਤੀ ਮਾਨੇ ਵਾਲੀ ਦਾਖਲੀ ਮੱਲੂ ਵਾਲੀਏ ਵਾਲਾ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੋਸ਼ ਲਗਾਇਆ ਕਿ ਉਸ ਦੀ 16 ਸਾਲਾਂ ਲੜਕੀ ਜੋ ਕਿ ਦਿਮਾਗੀ ਪੱਖੋਂ ਥੋੜ੍ਹੀ ਕਮਜ਼ੋਰ ਹੈ ਅਤੇ ਆਪਣੇ ਚਾਚੇ ਦੇ ਘਰੋਂ ਖਾਣ ਲਈ ਸਬਜ਼ੀ ਲੈਣ ਲਈ ਬੀਤੀ ਰਾਤ ਗਈ ਸੀ, ਜਦੋਂ ਉਹ ਸਬਜ਼ੀ ਲੈ ਕੇ ਘਰ ਵਾਪਸ ਆ ਰਹੀ ਸੀ ਤਾਂ ਇਸੇ ਦੌਰਾਨ ਉਨ੍ਹਾਂ ਦੇ ਪਿੰਡ ਦਾ ਹੀ ਰਹਿਣ ਵਾਲਾ ਕੁਲਦੀਪ ਸਿੰਘ ਲੜਕੀ ਨੂੰ ਖਿੱਚ ਕੇ ਨੇੜੇ ਖੇਤਾਂ ਵਿੱਚ ਮੋਟਰ 'ਤੇ ਲੈ ਗਿਆ।

ਜਿੱਥੇ ਮੁੱਦਈ ਦੀ ਲੜਕੀ ਦੇ ਨਾਲ ਕੁਲਦੀਪ ਸਿੰਘ ਨੇ ਬਲਾਤਕਾਰ ਕੀਤਾ। ਸ਼ਿਕਾਇਤਕਰਤਾ ਵਿਅਕਤੀ ਨੇ ਦੋਸ਼ ਲਗਾਇਆ ਕਿ ਜਦੋਂ ਉਹ ਆਪਣੀ ਲੜਕੀ ਨੂੰ ਲੱਭਦੇ ਹੋਏ ਮੋਟਰ 'ਤੇ ਪੁੱਜੇ ਤਾਂ ਕੁਲਦੀਪ ਸਿੰਘ ਮੌਕੇ ਤੋਂ ਫਰਾਰ ਹੋ ਗਿਆ। ਇਸ ਮਾਮਲੇ ਦੀ ਜਾਂਚ ਕਰ ਰਹੀ ਸਬ ਇੰਸਪੈਕਟਰ ਪਰਮਜੀਤ ਕੌਰ ਨੇ ਦੱਸਿਆ ਕਿ ਪੀੜ੍ਹਤ ਲੜਕੀ ਦਾ ਮੈਡੀਕਲ ਚੈੱਕਅੱਪ ਕਰਵਾਇਆ ਜਾ ਰਿਹਾ ਹੈ। ਪੁਲਿਸ ਨੇ ਦੱਸਿਆ ਕਿ ਸ਼ਿਕਾਇਤਕਰਤਾ ਵਿਅਕਤੀ ਦੇ ਬਿਆਨਾਂ ਦੇ ਆਧਾਰ 'ਤੇ ਕੁਲਦੀਪ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਬਸਤੀ ਮਾਨੇ ਵਾਲੀ ਦਾਖਲੀ ਮੱਲੂ ਵਾਲੀਏ ਵਾਲਾ ਦੇ ਵਿਰੁੱਧ ਵੱਖ-ਵੱਖ ਧਰਾਵਾਂ ਦੇ ਤਹਿਤ ਪਰਚਾ ਦਰਜ ਕਰਕੇ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।