ਕਿਤੇ ਇਸ ਵਾਰ, 'ਡੇਂਗੂ' ਦਾ 'ਡੰਗ' ਨਾ ਕਰ ਦੇਣ ਸਰਕਾਰ ਦੀ ਸਿਹਤ ਖ਼ਰਾਬ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: May 21 2019 12:48
Reading time: 2 mins, 42 secs

ਪਿਛਲੇ ਕਈ ਸਾਲਾਂ ਤੋਂ ਪੰਜਾਬ ਦੇ ਅੰਦਰ ਡੇਂਗੂ ਨੇ ਇਸ ਕਦਰ ਕਹਿਰ ਮਚਾਇਆ ਹੋਇਆ ਹੈ ਕਿ ਕੋਈ ਕਹਿਣ ਦੀ ਹੱਦ ਹੀ ਨਹੀਂ। ਪਿਛਲੇ ਤਿੰਨ ਸਾਲਾਂ ਦੌਰਾਨ ਦਰਜਨਾਂ ਹੀ ਲੋਕ ਡੇਂਗੂ ਨਾਲ ਪੀੜ੍ਹਤ ਹੋਣ ਦੇ ਕਾਰਨ ਇਸ ਦੁਨੀਆ ਨੂੰ ਅਲਵਿਦਾ ਆਖ ਚੁੱਕੇ ਹਨ, ਪਰ ਸਰਕਾਰ ਦੀ ਸਿਹਤ 'ਤੇ ਜ਼ਰ੍ਹਾ ਜਿੰਨਾਂ ਵੀ ਅਸਰ ਨਹੀਂ ਪੈ ਰਿਹਾ। ਸਰਕਾਰ ਦੇ ਵੱਲੋਂ ਭਾਵੇਂ ਹੀ ਇਸ ਬਿਮਾਰੀ ਨੂੰ ਖ਼ਤਮ ਕਰਨ ਦੇ ਸਮੇਂ ਸਮੇਂ 'ਤੇ ਲੱਖਾਂ ਦਾਅਵੇ ਕੀਤੇ ਜਾਂਦੇ ਹਨ, ਪਰ ਇਹ ਦਾਅਵੇ ਬਿਲਕੁਲ ਹੀ ਫੋਕੇ ਸਾਬਤ ਹੁੰਦੇ ਹਨ।

ਕਿਉਂਕਿ ਹਰ ਸਾਲ ਡੇਂਗੂ ਦੇ ਹਜ਼ਾਰਾਂ ਮਰੀਜ਼ ਮਿਲਦੇ ਹਨ। ਇੱਥੇ ਦੱਸ ਦਈਏ ਕਿ ਸਰਕਾਰ ਦੇ ਸਿਹਤ ਵਿਭਾਗ ਦੇ ਵੱਲੋਂ ਇਸ ਵਾਰ ਵੀ ਡੇਂਗੂ ਦੇ ਖਾਤਮੇ ਲਈ ਕਰੀਬ ਤਿੰਨ ਮਹੀਨੇ ਪਹਿਲੋਂ ਹੀ ਡੇਂਗੂ ਖਿਲਾਫ ਅਭਿਆਨ ਸ਼ੁਰੂ ਕਰ ਦਿੱਤਾ ਗਿਆ ਹੈ। ਡੇਂਗੂ ਇੱਕ ਅਜਿਹੀ ਬਿਮਾਰੀ ਹੈ, ਜੋ ਇੱਕ ਵਾਰ ਹੋਣ 'ਤੇ ਹਰ ਸਾਲ ਦਰਦ ਮਹਿਸੂਸ ਕਰਵਾਉਂਦਾ ਰਹਿੰਦਾ ਹੈ। ਸੈੱਲ ਘਟਣ ਦੇ ਕਾਰਨ ਕਈ ਲੋਕਾਂ ਦੀਆਂ ਹੁਣ ਤੱਕ ਮੌਤਾਂ ਹੋ ਚੁੱਕੀਆਂ ਹਨ, ਜੋ ਕਿ ਸਰਕਾਰਾਂ 'ਤੇ ਇਹ ਸਵਾਲੀਆਂ ਚਿੰਨ੍ਹ ਲਗਾਉਂਦੀਆਂ ਹਨ ਕਿ ਸਰਕਾਰ ਦੇ ਕੋਲ ਸੈੱਲ ਪੂਰੇ ਕਰਨ ਦੇ ਲਈ ਕੋਈ ਸਾਧਨ ਨਹੀਂ ਹੈ?

ਵੇਖਿਆ ਜਾਵੇ ਤਾਂ ਸਿਹਤ ਵਿਭਾਗ ਨੂੰ ਹਰ ਸਾਲ ਹੀ ਕਰੋੜਾਂ ਰੁਪਇਆ ਇਸ ਬਿਮਾਰੀ ਨੂੰ ਖ਼ਤਮ ਕਰਨ ਦੇ ਵਾਸਤੇ ਸਰਕਾਰ ਦੇ ਕੋਲੋਂ ਆਉਂਦਾ ਹੈ। ਉਕਤ ਪੈਸਾ ਵੀ ਜਨਤਾ ਦਾ ਹੀ ਹੁੰਦਾ ਹੈ, ਪਰ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਵੱਲੋਂ ਉਕਤ ਪੈਸੇ ਨੂੰ ਜਨਤਾ 'ਤੇ ਖਰਚਣ ਦੀ ਬਿਜਾਏ, ਆਪਣੇ ਹੀ ਢਿੱਡਾਂ 'ਤੇ ਖਰਚਿਆਂ ਜਾਂਦਾ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਇਹੀ ਹੈ ਕਿ ਸਾਡੇ ਲੋਕ ਜਾਗਰੂਕ ਨਹੀਂ ਹਨ ਅਤੇ ਨਾ ਹੀ ਸਾਡੇ ਲੋਕ ਸਰਕਾਰ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਸਵਾਲ ਕਰ ਰਹੇ ਹਨ।

ਦੋਸਤੋਂ, ਜੇਕਰ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਵੱਲੋਂ ਸਮੇਂ ਸਿਰ ਜਾਗਰੂਕਤਾ ਅਭਿਆਨ ਅਜਿਹੇ ਇਲਾਕਿਆਂ ਦੇ ਅੰਦਰ ਕਰਵਾਏ ਜਾਣ, ਜਿੱਥੇ ਪਿਛਲੇ ਸਾਲਾਂ ਦੇ ਦੌਰਾਨ ਚੋਖੇ ਡੇਂਗੂ ਦੇ ਮਰੀਜ਼ ਮਿਲੇ ਹਨ ਤਾਂ ਬਹੁਤ ਸਾਰੇ ਬਚਾ ਹੋ ਸਕਦਾ ਹੈ ਅਤੇ ਲੋਕ ਇਸ ਬਿਮਾਰੀ ਤੋਂ ਬਚ ਸਕਦੇ ਹਨ, ਪਰ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਵੱਲੋਂ ਸਰਕਾਰੀ ਦਫਤਰਾਂ ਦੇ ਅੰਦਰ ਹੀ ਮੀਟਿੰਗਾਂ ਕਰਕੇ ਸਾਰ ਦਿੱਤਾ ਜਾਂਦਾ ਹੈ ਕਿ ਡੇਂਗੂ ਦਾ ਖਾਤਮਾ ਹੋ ਗਿਆ। ਭਾਵੇਂ ਕਿ ਪਿਛਲੇ ਸਾਲ ਪੰਜਾਬ ਦੇ ਅੰਦਰ ਸੈਂਕੜੇ ਡੇਂਗੂ ਦੇ ਮਰੀਜ਼ ਸਾਹਮਣੇ ਆਏ।

ਪਰ ਸਰਕਾਰ ਦੇ ਵੱਲੋਂ ਇਸ ਨੂੰ ਸਖ਼ਤੀ ਨਾਲ ਨਹੀਂ ਲਿਆ ਗਿਆ ਅਤੇ ਨਾ ਹੀ ਅਧਿਕਾਰੀਆਂ ਨੂੰ ਸਖ਼ਤ ਚੇਤਾਵਨੀ ਦਿੱਤੀ ਗਈ ਹੈ ਕਿ ਡੇਂਗੂ ਪ੍ਰਤੀ ਸਖ਼ਤੀ ਵਰਤੀ ਜਾਵੇ। ਦੂਜੇ ਪਾਸੇ ਜੇਕਰ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਹਰ ਸਾਲ ਸਰਕਾਰ ਦੇ ਦਿਸ਼ਾ ਨਿਰਦੇਸ਼ ਦੀ ਪਾਲਣਾ ਕਰਦਿਆਂ ਹੋਇਆ ਸੈਮੀਨਾਰ ਅਤੇ ਜਾਗਰੂਕਤਾ ਕੈਂਪ ਲਗਾ ਕੇ ਲੋਕਾਂ ਨੂੰ ਡੇਂਗੂ ਦੀ ਬਿਮਾਰੀ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ। ਪਰ ਹੁਣ ਤੱਕ ਡੇਂਗੂ ਖ਼ਤਮ ਨਹੀਂ ਹੋ ਸਕਿਆ। ਇਸ ਖਿਲਾਫ ਅਭਿਆਨ ਜਾਰੀ ਹੈ। 

ਅਧਿਕਾਰੀਆਂ ਦਾ ਕਹਿਣਾ ਸੀ ਕਿ ਡੇਂਗੂ ਬੁਖ਼ਾਰ ਏਡੀਜ਼ ਅਜਿਪਟੀ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਇੱਕ ਦਮ ਤੇਜ਼ ਬੁਖ਼ਾਰ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ, ਪੱਠਿਆ ਵਿੱਚ ਦਰਦ, ਜੀ ਕੱਚਾ ਹੋਣਾ, ਉਲਟਿਆਂ ਆਉਣਾ, ਨੱਕ, ਮੂੰਹ, ਜਬਾੜ੍ਹਿਆਂ ਵਿੱਚੋਂ ਖ਼ੂਨ ਆਉਣਾ ਤੇ ਚਮੜੀ ਤੇ ਨੀਲ ਪੈਣਾ ਡੇਂਗੂ ਬੁਖ਼ਾਰ ਦੇ ਲੱਛਣ ਹਨ। ਡੇਂਗੂ ਜਿਹੀ ਭਿਆਨਕ ਬਿਮਾਰੀ ਤੋਂ ਬਚਣ ਲਈ ਸਾਨੂੰ ਘਰਾਂ ਦੇ ਆਲ਼ੇ ਦੁਆਲੇ ਪਾਣੀ ਇਕੱਠਾ ਨਹੀਂ ਹੋਣ ਦੇਣਾ ਚਾਹੀਦਾ, ਕੱਪੜੇ ਅਜਿਹੇ ਪਹਿਨੋ ਕਿ ਸਰੀਰ ਪੂਰੀ ਤਰ੍ਹਾਂ ਢਕਿਆ ਰਹੇ ਤਾਂ ਕਿ ਤੁਹਾਨੂੰ ਮੱਛਰ ਨਾ ਕੱਟ ਸਕੇ, ਸੌਣ ਵੇਲੇ ਮੱਛਰਦਾਨੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਤੇਲ ਆਦਿ ਦਾ ਇਸਤੇਮਾਲ ਕਰੋ। ਦੋਸਤੋਂ, ਦੇਖਣਾ ਹੁਣ ਇਹ ਹੋਵੇਗਾ ਕਿ ਸਰਕਾਰ ਦੀ ਇਹ ਮੁਹਿੰਮ ਕਿੰਨੀਂ ਕੁ ਸਹਾਈ ਸਿੱਧ ਸਾਬਤ ਹੁੰਦੀ ਹੈ?

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।