ਥ੍ਰੀ ਟਾਇਰ ਸਕਿਉਰਿਟੀ ਸਿਸਟਮ 'ਚ ਕੈਦ ਹੋਈਆਂ ਈਵੀਐਮ ਅਤੇ ਵੀਵੀ.ਪੈਟ ਮਸ਼ੀਨਾਂ...!!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: May 20 2019 19:38
Reading time: 2 mins, 23 secs

ਲੋਕ ਸਭਾ ਚੋਣਾਂ-2019 ਦੇ ਸੱਤਵੇ ਆਖ਼ਰੀ ਪੜਾਅ 'ਚ ਪੰਜਾਬ ਸੂਬੇ ਅੰਦਰ ਚੋਣਾਂ ਸੰਪੰਨ ਹੋ ਗਈਆਂ ਹਨ। ਲੋਕ ਸਭਾ ਹਲਕਾ ਫਤਹਿਗੜ ਸਾਹਿਬ ਅਧੀਨ ਪੈਂਦੇ 9 ਵਿਧਾਨ ਸਭਾ ਹਲਕਿਆਂ 'ਚ ਹੋਈਆਂ ਚੋਣਾਂ ਦੇ ਬਾਦ ਚਾਰ ਵਿਧਾਨ ਸਭਾ ਹਲਕਿਆਂ ਨਾਲ ਸੰਬੰਧਿਤ ਈਵੀਐਮ ਅਤੇ ਵੀਵੀ.ਪੈਟ ਮਸ਼ੀਨਾਂ ਥ੍ਰੀ-ਟਾਇਰ ਸਕਿਉਰਿਟੀ ਸਿਸਟਮ ਤਹਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗੜ ਸਾਹਿਬ ਵਿਖੇ ਬਣਾਏ ਚਾਰ ਸਟਰਾਂਗ ਰੂਮਾਂ 'ਚ ਕੈਦ ਕਰ ਦਿੱਤੀਆਂ ਗਈਆਂ ਹਨ। ਸਟਰਾਂਗ ਰੂਮ ਅਤੇ ਇਨ੍ਹਾਂ ਮਸ਼ੀਨਾਂ ਦੀ ਕੜੀ ਸੁਰੱਖਿਆ ਦੇ ਸੰਬੰਧ 'ਚ ਪੁਲਿਸ ਪ੍ਰਸ਼ਾਸਨ ਵੱਲੋਂ ਸੀਆਰਪੀਐਫ, ਪੀਏਪੀ ਅਤੇ ਪੰਜਾਬ ਪੁਲਿਸ ਤੇ 300 ਜਵਾਨਾਂ ਨੂੰ ਤਾਇਨਾਤ ਕੀਤਾ ਗਿਆ। ਇਸ ਤੋਂ ਇਲਾਵਾ ਸੀਸੀਟੀਵੀ ਕੈਮਰਿਆਂ ਦੀ ਬਾਜ਼ ਅੱਖ ਰਾਹੀਂ ਸਟਰਾਂਗ ਰੂਮ ਦੇ ਆਲ਼ੇ-ਦੁਆਲੇ ਦੀ 24 ਘੰਟੇ ਨਿਗਰਾਨੀ ਕੀਤੀ ਜਾ ਰਹੀ ਹੈ। ਹੁਣ 23 ਮਈ ਨੂੰ ਹੋਣ ਵਾਲੀ ਵੋਟਾਂ ਦੀ ਗਿਣਤੀ ਦੇ ਬਾਦ ਪਤਾ ਲੱਗੇਗਾ ਕਿ ਕਿਸ ਉਮੀਦਵਾਰ ਦੀ ਕਿਸਮਤ ਦਾ ਤਾਲਾ ਖੁੱਲ੍ਹੇਗਾ।

ਈਵੀਐਮ ਅਤੇ ਵੀਵੀ.ਪੈਟ ਮਸ਼ੀਨਾਂ ਦੀ ਸੁਰੱਖਿਆ ਸਬੰਧੀ ਕੀਤੇ ਗਏ ਸਕਿਉਰਿਟੀ ਪ੍ਰਬੰਧਾਂ ਸਬੰਧੀ ਜਾਣਕਾਰੀ ਦਿੰਦੇ ਜ਼ਿਲ੍ਹਾ ਫਤਹਿਗੜ ਸਾਹਿਬ ਦੇ ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਲੋਕ ਸਭਾ ਹਲਕਾ ਫ਼ਤਿਹਗੜ੍ਹ ਸਾਹਿਬ 'ਚ ਪੈਂਦੇ ਵਿਧਾਨ ਸਭਾ ਹਲਕਾ ਬਸੀ ਪਠਾਣਾਂ, ਫ਼ਤਹਿਗੜ ਸਾਹਿਬ, ਅਮਲੋਹ ਅਤੇ ਸੰਗਰੂਰ ਜ਼ਿਲ੍ਹੇ 'ਚ ਪੈਂਦੇ ਹਲਕਾ ਅਮਰਗੜ੍ਹ ਦੀਆਂ ਈ.ਵੀ.ਐਮ ਅਤੇ ਵੀ.ਵੀ.ਪੈਟ ਮਸ਼ੀਨਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਬਣਾਏ ਗਏ ਚਾਰ ਸਟਰਾਂਗ ਰੂਮਾਂ 'ਚ ਰੱਖੀਆਂ ਗਈਆਂ ਹਨ। ਜਿਨ੍ਹਾਂ ਦੀ ਸੁਰੱਖਿਆ ਲਈ ਥ੍ਰੀ ਟਾਈਰ ਸਕਿਉਰਿਟੀ ਸਿਸਟਮ ਅਪਣਾਇਆ ਜਾ ਰਿਹਾ ਹੈ। ਜਿਸ 'ਚ ਕੇਂਦਰੀ ਰਿਜ਼ਰਵ ਪੁਲਿਸ ਬਲ, ਪੰਜਾਬ ਆਰਮਡ ਪੁਲਿਸ ਅਤੇ ਪੰਜਾਬ ਪੁਲਿਸ ਜੇ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ ਜੋ 24 ਘੰਟੇ ਡਿਊਟੀ ਨਿਭਾ ਰਹੇ ਹਨ।

ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਸਟਰਾਂਗ ਰੂਮਾਂ ਦੀ ਸੁਰੱਖਿਆ ਲਈ ਅੰਦਰੂਨੀ ਹਿੱਸੇ 'ਚ ਇੱਕ ਗਜ਼ਟਿਡ ਅਫ਼ਸਰ ਦੀ ਨਿਗਰਾਨੀ 'ਚ ਸੀ.ਆਰ.ਪੀ.ਐਫ 120 ਜਵਾਨਾਂ ਦੀ ਟੀਮ 24 ਘੰਟੇ ਤਰਤੀਬ ਵਾਰ ਸਟਰਾਂਗ ਰੂਮਾਂ ਦੀ ਸੁਰੱਖਿਆ ਡਿਊਟੀ ਨਿਭਾ ਰਹੇ ਹਨ। ਜਦਕਿ ਸੁਰੱਖਿਆ ਦੇ ਦੂਸਰੇ ਘੇਰੇ 'ਚ ਪੰਜਾਬ ਆਰਮਡ ਪੁਲਿਸ ਦੇ 100 ਜਵਾਨਾਂ ਤੋਂ ਇਲਾਵਾ ਬਾਹਰਲੇ ਅਤੇ ਤੀਸਰੇ ਹਿੱਸੇ 'ਚ ਪੰਜਾਬ ਪੁਲਿਸ ਦੇ 80 ਜਵਾਨ ਆਪਣੀ ਡਿਊਟੀ ਨਿਭਾ ਰਹੇ ਹਨ। ਇਸ ਤੋਂ ਇਲਾਵਾ ਯੂਨੀਵਰਸਿਟੀ ਦੇ ਆਲ਼ੇ ਦੁਆਲੇ ਚਾਰ ਨਾਕੇ ਲਗਾਏ ਜਾਣ ਦੇ ਨਾਲ ਦੋ ਪੈਟਰੋਲਿੰਗ ਪਾਰਟੀਆਂ ਵੀ ਗਸ਼ਤ ਕਰ ਰਹੀਆਂ ਹਨ। ਇਸ ਦੇ ਨਾਲ ਹੀ 2 ਕੁਇਕ ਰਿਸਪੌਂਸ ਟੀਮਾਂ (ਕਿਊ.ਆਰ.ਟੀ) ਵੀ ਡਿਊਟੀ ਤੇ ਤਾਇਨਾਤ ਹਨ। ਸਟਰਾਂਗ ਰੂਮਾਂ 'ਚ ਸੁਰੱਖਿਆ ਲਈ ਇੱਕ ਡੀ.ਐਸ.ਪੀ ਰੈਂਕ ਦਾ ਅਧਿਕਾਰੀ ਕ੍ਰਮਵਾਰ ਹਾਜਰ ਰਹਿ ਕੇ ਵੀ ਸੁਰੱਖਿਆ ਇੰਤਜ਼ਾਮਾਂ ਦੀ ਨਿਗਰਾਨੀ ਕਰ ਰਿਹਾ ਹੈ। ਕਿਸੇ ਵੀ ਵਿਅਕਤੀ ਨੂੰ ਤਲਾਸ਼ੀ ਤੋਂ ਬਿਨਾਂ ਅੰਦਰ ਜਾਣ ਦੀ ਆਗਿਆ ਨਹੀਂ ਹੋਵੇਗੀ।

ਐਸਐਸਪੀ ਕੌਂਡਲ ਨੇ ਅੱਗੇ ਦੱਸਿਆ ਕਿ ਸਟਰਾਂਗ ਰੂਮਾਂ ਦੀ ਸੁਰੱਖਿਆ ਤੇ ਤਿੱਖੀ ਨਜ਼ਰ ਰੱਖਣ ਲਈ ਸੀ.ਸੀ.ਟੀ.ਵੀ ਕੈਮਰੇ ਵੀ ਲਗਾਏ ਗਏ ਹਨ। ਇਸ ਤੋਂ ਇਲਾਵਾ ਯੂਨੀਵਰਸਿਟੀ 'ਚ ਸਟਰਾਂਗ ਰੂਮਾਂ ਨਜ਼ਦੀਕ ਕੰਟਰੋਲ ਰੂਮ ਵੀ ਬਣਾਇਆ ਗਿਆ ਹੈ ਜਿੱਥੇ ਕਿ ਕੋਈ ਵੀ ਚੋਣ ਲੜ ਰਿਹਾ ਉਮੀਦਵਾਰ ਜਾਂ ਉਸਦਾ ਏਜੰਟ ਹਾਜ਼ਰ ਰਹਿ ਕੇ ਈ.ਵੀ.ਐਮ ਅਤੇ ਵੀ.ਵੀ.ਪੈਟ ਮਸ਼ੀਨਾਂ ਦੀ ਨਿਗਰਾਨੀ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ 23 ਮਈ ਨੂੰ ਵੋਟਾਂ ਦੀ ਗਿਣਤੀ ਹੋਵੇਗੀ ਅਤੇ ਉਸ ਦਿਨ ਵੀ ਪੁਲਿਸ ਵੱਲੋਂ ਅਮਨ ਕਾਨੂੰਨ ਦੀ ਵਿਵਸਥਾ ਨੂੰ ਕਾਇਮ ਰੱਖਣ ਲਈ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਜਾਣਗੇ। ਇਸ ਮੌਕੇ ਐਸ.ਪੀ (ਐਚ) ਨਵਨੀਤ ਸਿੰਘ ਬੈਂਸ, ਡੀ.ਐਸ.ਪੀ (ਐਚ) ਹਰਦੀਪ ਸਿੰਘ ਵੀ ਮੌਜੂਦ ਸਨ।