ਪੰਜਾਬ ਸਰਕਾਰ ਨੇ ਵੋਟਾਂ ਦੇ ਚੱਕਰ 'ਚ ਕਣਕ ਦਾ ਨਾੜ ਸਾੜਨ ਵਾਲਿਆਂ ਪ੍ਰਤੀ ਜਾਣਬੁੱਝ ਕੇ ਅੱਖਾਂ ਮੀਟੀ ਰੱਖੀਆਂ

Last Updated: May 20 2019 19:32
Reading time: 1 min, 38 secs

ਪਿਛਲੇ ਕਾਫੀ ਦਿਨਾਂ ਤੋਂ ਲੋਕਸਭਾ ਚੋਣਾਂ ਨੂੰ ਲੈ ਕੇ ਸਮੁੱਚੇ ਪੰਜਾਬ ਦੀ ਰਾਜਨੀਤੀ ਪੂਰੀ ਤਰ੍ਹਾਂ ਗਰਮਾਈ ਰਹੀ ਹੈ, ਜਿਸਦੇ ਚੱਲਦਿਆਂ ਸੱਤਾਧਾਰੀ ਕਾਂਗਰਸ ਪਾਰਟੀ ਸਮੇਤ ਸੂਬੇ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਵੀ ਚੋਣ ਪ੍ਰਚਾਰ ਵਿੱਚ ਕਾਫੀ ਰੁੱਝੀਆਂ ਰਹੀਆਂ ਹਨ। ਇਹਨਾਂ ਲੋਕਸਭਾ ਚੋਣਾਂ ਦਾ ਪ੍ਰਚਾਰ ਅਤੇ ਸੂਬੇ 'ਚ ਹਾੜ੍ਹੀ ਦੀ ਮੁੱਖ ਫਸਲ ਕਣਕ ਦੀ ਕਟਾਈ ਦਾ ਕੰਮ ਵੀ ਲਗਭਗ ਇਕੱਠੇ ਹੀ ਚੱਲਦੇ ਰਹੇ ਹਨ, ਪਰ ਚੋਣਾਂ ਦੇ ਰੁਝਾਨ ਵਿੱਚ ਮਸਰੂਫ ਹੋਣ ਕਾਰਨ ਅਤੇ ਸੂਬੇ ਦੇ ਕਿਸਾਨ ਭਾਈਚਾਰੇ ਦੀਆਂ ਵੋਟਾਂ ਹਾਸਿਲ ਕਰਨ ਦੇ ਚੱਕਰ ਵਿੱਚ ਇਸ ਵਾਰ ਸੂਬਾ ਸਰਕਾਰ ਨੇ ਕਣਕ ਦੇ ਨਾੜ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਪ੍ਰਤੀ ਜਾਣਬੁੱਝ ਕੇ ਅੱਖਾਂ ਮੀਟੀ ਰੱਖੀਆਂ ਹਨ, ਜਿਸ ਕਾਰਨ ਇਸ ਵਾਰ ਸੂਬੇ ਦੇ ਕਿਸਾਨਾਂ ਵੱਲੋਂ ਬਿਨਾਂ ਕਿਸੇ ਰੋਕ-ਟੋਕ ਦੇ ਫਸਲਾਂ ਦੇ ਰਹਿੰਦ-ਖੂੰਹਦ ਨੂੰ ਅੱਗ ਦੇ ਹਵਾਲੇ ਕੀਤਾ ਗਿਆ।

ਜਿਹੜੀ ਸਰਕਾਰ ਹਰ ਵਾਰ ਕਣਕ ਅਤੇ ਝੋਨੇ ਦੀ ਕਟਾਈ ਦੇ ਦਿਨਾਂ 'ਚ ਫਸਲੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਦੀ ਦੁਹਾਈ ਦਿੰਦੀ ਰਹਿੰਦੀ ਹੈ ਅਤੇ ਫਸਲੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਵਾਲਿਆਂ 'ਤੇ ਸੈਟੇਲਾਈਟ ਨਾਲ ਨਜ਼ਰ ਰੱਖਣ ਅਤੇ ਸਖਤ ਕਾਨੂੰਨੀ ਕਾਰਵਾਈ ਕਰਨ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕਰਦੀ ਨਹੀਂ ਥੱਕਦੀ ਸੀ, ਉਸੇ ਸਰਕਾਰ ਵੱਲੋਂ ਇਸ ਵਾਰ ਵੋਟਾਂ ਦੇ ਚੱਕਰ ਵਿੱਚ ਕਿਸਾਨਾਂ ਨੂੰ ਕੁਦਰਤੀ ਵਾਤਾਵਰਣ ਨੂੰ ਦੂਸ਼ਿਤ ਕਰਨ ਦੀ ਇਜਾਜ਼ਤ ਕਿਵੇਂ ਦੇ ਦਿੱਤੀ ਗਈ। ਪੰਜਾਬ ਸਰਕਾਰ ਵੱਲੋਂ ਜਾਣਬੁੱਝ ਕੇ ਵਰਤੀ ਗਈ ਇਸ ਲਾਪਰਵਾਹੀ ਦੇ ਚੱਲਦਿਆਂ ਇਸ ਵਾਰ ਕਿਸਾਨਾਂ ਵੱਲੋਂ ਕਣਕ ਦੀਆਂ ਵੱਢਾਂ ਨੂੰ ਸ਼ਰੇਆਮ ਅੱਗ ਲਗਾਈ ਗਈ, ਜਿਸ ਦੇ ਕਾਰਨ ਜਿੱਥੇ ਕੁਦਰਤੀ ਵਾਤਾਵਰਣ ਅਤੇ ਜ਼ਮੀਨਾਂ ਦੀ ਉਪਜਾਊ ਸ਼ਕਤੀ ਨੂੰ ਭਾਰੀ ਨੁਕਸਾਨ ਪਹੁੰਚਿਆ, ਉੱਥੇ ਅਨੇਕਾਂ ਰੁੱਖ ਅਤੇ ਜੀਵ-ਜੰਤੂ ਵੀ ਇਸ ਅੱਗ ਦੀ ਭੇਂਟ ਚੜ੍ਹ ਗਏ।

ਵੋਟਾਂ ਦੀ ਖਾਤਿਰ ਸਰਕਾਰ ਵੱਲੋਂ ਵਰਤੀ ਗਈ ਢਿੱਲ-ਮੱਠ ਦੀ ਵਜ੍ਹਾ ਕਾਰਨ ਅੱਗ ਲਗਾਉਣ ਵਾਲੇ ਲੋਕਾਂ ਨੇ ਕਈ ਹੋਰਨਾਂ ਕਿਸਾਨਾਂ ਦੀਆਂ ਸੈਂਕੜੇ ਏਕੜ ਪੱਕੀਆਂ ਫਸਲਾਂ ਅਤੇ ਪਸ਼ੂਆਂ ਦੀ ਤੂੜੀ ਬਣਾਉਣ ਲਈ ਰੱਖੇ ਗਏ ਨਾੜ ਨੂੰ ਵੀ ਸਾੜ ਕੇ ਸਵਾਹ ਕਰ ਦਿੱਤਾ। ਨਿੱਤ ਦਿਨ ਅਖਬਾਰਾਂ ਅਤੇ ਕਈ ਹੋਰ ਮਾਧਿਅਮਾਂ ਰਾਹੀਂ ਕਿਸਾਨਾਂ ਨੂੰ ਫਸਲੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਦੀਆਂ ਨਸੀਹਤਾਂ ਦੇਣ ਵਾਲੀ ਸਰਕਾਰ ਦੀ ਕਹਿਣੀ ਅਤੇ ਕਰਨੀ ਵਿੱਚ ਜ਼ਮੀਨ-ਅਸਮਾਨ ਦਾ ਅੰਤਰ ਹੋਣਾ ਬਹੁਤ ਹੀ ਮੰਦਭਾਗਾ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।