ਐਮ ਐਮ ਸਿੰਘ ਚੀਮਾ ਨੇ ਸਿੱਧੂ ਜੋੜੇ 'ਤੇ ਸਖ਼ਤ ਕਾਰਵਾਈ ਕਰਨ ਲਈ ਰਾਹੁਲ ਗਾਂਧੀ ਨੂੰ ਲਿਖਿਆ ਪੱਤਰ ( ਨਿਊਜ਼ਨੰਬਰ ਖ਼ਾਸ ਖ਼ਬਰ )

Last Updated: May 20 2019 18:42
Reading time: 2 mins, 20 secs

ਉੱਘੇ ਟਰੇਡ ਯੂਨੀਅਨਿਸਟ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪਰਮਾਨੈਂਟ ਇਨਵਾਇਟੀ ਸਰਦਾਰ ਐਮ ਐਮ ਸਿੰਘ ਚੀਮਾ ਨੇ ਕੁਲ ਹਿੰਦ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਕੋਲ ਸ਼ਿਕਾਇਤ ਕਰਕੇ ਨਵਜੋਤ ਸਿੱਧੂ ਕੈਬਨਿਟ ਮੰਤਰੀ ਪੰਜਾਬ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਆਖਿਆ ਹੈ ਕਿਉਂਕਿ ਉਸ ਦੇ ਗੈਰ ਜਿੰਮੇਵਾਰਾਨਾ ਬਿਆਨ ਜੋ ਮੀਡੀਆ ਨਾਲ ਗੱਲਬਾਤ ਸਮੇਂ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਕਰਵਾਈਆਂ ਗਈਆਂ ਭਰਵੀਆਂ ਚੋਣ ਰੈਲੀਆਂ ਵਿੱਚ ਦਿੱਤੇ ਹਨ ਉਹ ਸਿਰਫ ਇਸ ਦੇ ਸੌੜੀ ਸੋਚ ਅਤੇ ਸਸਤੀ ਸਿਆਸੀ ਸ਼ੋਹਰਤ ਲੈਣ ਲਈ ਦਿੱਤੇ ਗਏ ਹਨ, ਜੋ ਇਸ ਦੇ ਆਪਣੇ ਨਿਜੀ ਸਵਾਰਥੀ ਹਿੱਤਾਂ ਦੀ ਹੀ ਪੂਰਤੀ ਕਰਦੇ ਦਿਸਦੇ ਹਨ। 

ਸਰਦਾਰ ਚੀਮਾ ਨੇ ਕਿਹਾ ਕਿ ਸਿੱਧੂ ਜੋੜਾ ਜੋ ਸਿਰਫ ਮੁਸ਼ਕਿਲ ਨਾਲ ਮਹਿਜ਼ ਦੋ ਸਾਲ ਪਹਿਲਾਂ ਕਾਂਗਰਸ ਵਿੱਚ ਆਇਆ ਹੈ ਨੂੰ ਕੋਈ ਹੱਕ ਨਹੀਂ ਹੈ ਕਿ ਉਹ ਬਿਨਾ ਮਤਲਬ ਦੇ ਰਾਜ ਦੀ ਲੀਡਰਸ਼ਿਪ ਨੂੰ ਬੇਲੋੜੀ ਬਿਆਨਬਾਜ਼ੀ ਨਾਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰੇ ਕਿਉਂ ਜੋ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਯੋਗ ਰਹਿਨੁਮਾਈ ਹੇਠ ਲਗਭਗ ਦੋ ਸਾਲਾਂ ਵਿੱਚ ਕਾਨੂੰਨ ਦਾ ਰਾਜ ਸਥਾਪਿਤ ਹੋਇਆ ਹੈ। ਉੱਥੇ ਕਿਸਾਨਾਂ ਤੇ ਆਮ ਖੇਤ ਮਜ਼ਦੂਰਾ ਨੂੰ ਕਰਜ਼ਾ ਮੁਆਫ਼ੀ ਤੋਂ ਰਾਹਤ ਮਿਲੀ ਹੈ ਤੇ ਲਗਾਤਾਰ 4 ਫ਼ਸਲਾਂ ਦੀ ਨਿਰਵਿਘਨ ਖ਼ਰੀਦ ਹੋਈ ਜਿਸ ਦੀ ਪਿਛਲੇ 10 ਸਾਲਾਂ ਵਿੱਚ ਸੋਚ ਇੱਕ ਸੁਪਨਾ ਹੀ ਸੀ ਅਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਦਿਵਾਉਣ ਲਈ ਪਹਿਲਕਦਮੀ ਕਰਕੇ ਜੋ ਲੋਕਾਂ ਦਾ ਵਿਸ਼ਵਾਸ ਜਿੱਤਿਆ ਗਿਆ ਸੀ ਅਜਿਹੀ ਬਿਆਨਬਾਜ਼ੀ ਉਸ ਨੂੰ ਜ਼ਬਰਦਸਤ ਢਾਹ ਲਾਉਂਦੀ ਹੈ।

ਸਰਦਾਰ ਚੀਮਾ ਨੇ ਕਿਹਾ ਕਿ ਸਿੱਧੂ ਵੱਲੋਂ ਜਿਸ ਤਰਾਂ ਦੀ ਘਟੀਆ ਦੂਸ਼ਣਬਾਜ਼ੀ ਕੀਤੀ ਗਈ ਹੈ ਕਿ ਵਿਰੋਧੀ ਧਿਰਾਂ ਨਾਲ ਰਲ ਕੇ ਬੇਅਦਬੀ ਦੇ ਮਸਲਿਆਂ ਵਿੱਚ ਐਫ ਆਈ ਆਰ ਦਰਜ਼ ਨਹੀਂ ਕੀਤੀਆਂ ਗਈਆਂ ਜੋ ਸਪਸ਼ਟ ਰੂਪ ਵਿੱਚ ਪਾਰਟੀ ਅਤੇ ਹਾਈਕਮਾਨ ਪ੍ਰਤੀ ਘੋਰ ਨਿੰਦਣਯੋਗ ਹੈ। ਇੱਥੇ ਇਹ ਵਰਨਣਯੋਗ ਹੈ ਕਿ ਸਰਦਾਰ ਸਿੱਧੂ ਜਿਸ ਨੂੰ ਕੁਲ ਹਿੰਦ ਕਾਂਗਰਸ ਕਮੇਟੀ ਵੱਲੋਂ ਸਟਾਰ ਪ੍ਰਚਾਰਕ ਬਣਾਇਆ ਗਿਆ ਸੀ ਅਤੇ ਦੇਸ ਦੇ ਵੱਖ ਵੱਖ ਹਿੱਸਿਆਂ 'ਚ ਭਰਵੀਆਂ ਰੈਲੀਆਂ ਸੰਬੋਧਨ ਕਰਨ ਦਾ ਮੌਕਾ ਮਿਲਿਆ ਪਰੰਤੂ ਗੈਰ ਜਿਮੇਵਾਰਾਨਾ ਬਿਆਨਬਾਜ਼ੀ ਨਾਲ ਚੋਣ ਕਮਿਸ਼ਨ ਭਾਰਤ ਸਰਕਾਰ ਵੱਲੋਂ ਜੋ ਨੋਟਿਸ ਜਾਰੀ ਕੀਤੇ ਗਏ ਹਨ ਉਹ ਘਾਤਕ ਸਾਬਤ ਹੋਏ ਹਨ। ਕਿਉਂ ਕਿ ਜੋ ਜਿੱਥੇ ਇਹ ਪਾਰਟੀ ਦਾ ਨੁਕਸਾਨ ਕਰ ਗਏ ਉੱਥੇ ਸਮਾਜ ਦੇ ਵੱਖ ਵੱਖ ਵਰਗਾਂ ਨੂੰ ਕਾਂਗਰਸ ਪਾਰਟੀ ਦੇ ਖ਼ਿਲਾਫ਼ ਭੜਕਾ ਗਏ ਹਨ।

ਸਿੱਧੇ ਤੌਰ 'ਤੇ ਸਿੱਧੂ ਦੀ ਅਜਿਹੀ ਬਿਆਨਬਾਜ਼ੀ ਨੇ ਸਮਾਜ ਦੇ ਵੱਖ-ਵੱਖ ਵਰਗਾਂ ਨੂੰ ਕਾਂਗਰਸ ਦੇ ਖ਼ਿਲਾਫ਼ ਕਰ ਦਿੱਤਾ ਸੀ। ਸਰਦਾਰ ਚੀਮਾ ਨੇ ਕਿਹਾ ਕਿ ਅਜਿਹੀਆਂ ਘਾਤਕ ਸਿਆਸੀ ਗੱਲਾਂ ਹੋ ਜਾਣ ਦੇ ਬਾਵਜੂਦ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੀ ਚੁੱਪ ਅਤੇ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਦੀ ਚੁੱਪੀ ਨੇ ਪਾਰਟੀ ਦੇ ਕਾਰਕੁਨਾਂ ਅਤੇ ਦਰਜਾ ਬ ਦਰਜਾ ਆਗੂਆਂ ਨੂੰ ਬੜਾ ਗ਼ਲਤ ਸੁਨੇਹਾ ਦਿੱਤਾ ਹੈ। ਇਸ ਨਾਲ ਪਾਰਟੀ ਦੀ ਲੀਡਰਸ਼ਿਪ ਨੂੰ ਕੋਈ ਵੀ, ਕਦੇ ਵੀ, ਕਿਸੇ ਤਰਾਂ ਵੀ ਅਤੇ ਕਿਸੇ ਵੀ ਜਗ੍ਹਾ ਜੋ ਮਰਜ਼ੀ ਭੰਡੀ ਕਰੀ ਜਾਵੇ ਉਸ ਦਾ ਕੋਈ ਨਿਪਟਾਰਾ ਨਹੀਂ ਹੋਵੇਗਾ। ਜਿਸ ਕਰਕੇ ਆਉਣ ਵਾਲੇ ਦਿਨਾ ਵਿੱਚ ਜਦੋਂ ਨਤੀਜੇ ਆ ਰਹੇ ਹਨ ਤੇ ਕਾਂਗਰਸ ਪਾਰਟੀ ਸ਼ਾਨੋਸੌਕਤ ਨਾਲ ਪੰਜਾਬ ਵਿੱਚ ਜਿੱਤ ਵੱਲ ਵਧ ਰਹੀ ਹੈ ਅਜਿਹੇ ਮੌਕੇ ਜੇ ਸਮਾ ਰਹਿੰਦਿਆਂ ਹੀ ਸਿੱਧੂ ਜੋੜੇ ਖ਼ਿਲਾਫ਼ ਜੇਕਰ ਸਖ਼ਤ ਐਕਸ਼ਨ ਨਾ ਲਿਆ ਗਿਆ ਤਾਂ ਆਉਂਦੇ ਸਮੇਂ ਪਾਰਟੀ ਲਈ ਭਾਰੀ ਨੁਕਸਾਨਦੇਹ ਸਾਬਤ ਹੋਣਗੇ।