ਕਿਤੇ ਸਿੱਧੂ ਖ਼ਿਲਾਫ਼ ਕਾਰਵਾਈ ਕਰਵਾਉਂਦੇ ਹੋਏ ਕੈਪਟਨ ਆਪਣੇ ਪੈਰੀਂ ਕੁਹਾੜਾ ਨਾ ਮਾਰ ਲੈਣ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: May 20 2019 17:48
Reading time: 2 mins, 15 secs

ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਵਿੱਚ ਚੱਲ ਰਹੀ ਕਸ਼ਮਕਸ਼ ਆਖ਼ਿਰ ਖੁੱਲ ਕੇ ਆਹਮਣੇ ਆ ਗਈ ਹੈ ਅਤੇ ਹੁਣ ਕੈਪਟਨ ਅਤੇ ਉਨ੍ਹਾਂ ਦੇ ਸਾਥੀ ਸਿੱਧੂ ਦੇ ਖ਼ਿਲਾਫ਼ ਕਾਰਵਾਈ ਕਰਵਾਉਣ ਦੀ ਗੱਲ ਕਰ ਰਹੇ ਹਨ। ਅਜਿਹੇ ਦੇ ਵਿੱਚ ਸਭ ਤੋਂ ਪਹਿਲਾ ਖ਼ਿਆਲ ਇਹ ਸਾਹਮਣੇ ਆਉਂਦਾ ਹੈ ਕਿ ਕਿਤੇ ਸਿੱਧੂ ਦੇ ਖ਼ਿਲਾਫ਼ ਕਾਰਵਾਈ ਕਰਵਾਉਂਦੇ ਹੋਏ ਕੈਪਟਨ ਖ਼ੁਦ ਆਪਣੇ ਪੈਰੀਂ ਕੁਹਾੜਾ ਨਾ ਮਾਰ ਲੈਣ। ਦੇਖਿਆ ਜਾਵੇ ਤਾਂ ਪੰਜਾਬ ਕਾਂਗਰਸ ਅਤੇ ਪੰਜਾਬ ਕੈਬਨਿਟ ਦੇ ਵੱਡੇ ਹਿੱਸੇ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਬਹੁਤ ਵੱਡਾ ਪ੍ਰਭਾਵ ਹੈ ਪਰ ਬੀਤੇ ਕੁਝ ਸਮੇਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਸੂਬੇ ਦੇ ਲੋਕਾਂ ਦੇ ਵਿੱਚ ਆਪਣਾ ਇੱਕ ਵੱਡਾ ਸਥਾਨ ਕਾਇਮ ਕੀਤਾ ਹੈ। ਪਾਕਿਸਤਾਨ ਜਾ ਕੇ ਫ਼ੌਜ ਮੁਖੀ ਨੂੰ ਜੱਫੀ ਪਾਉਣ ਅਤੇ ਜਾਂ ਫਿਰ ਕਰਤਾਰਪੁਰ ਸਾਹਿਬ ਲਾਂਘੇ ਦੇ ਨੀਂਹ ਪੱਥਰ ਸਮਾਗਮ ਤੇ ਪਾਕਿਸਤਾਨ ਜਾਣਾ ਹੋਵੇ ਇਹਨਾਂ ਸਭ ਮਾਮਲਿਆਂ ਦੇ ਵਿੱਚ ਵਿਰੋਧੀ ਧਿਰਾਂ ਦੇ ਸਮੇਤ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਦੀ ਹਮੇਸ਼ਾ ਆਲੋਚਨਾ ਹੀ ਕੀਤੀ ਹੈ। ਦੂਜੇ ਪਾਸੇ ਇਹਨਾਂ ਹੀ ਕੰਮਾਂ ਦੇ ਕਾਰਨ ਨਵਜੋਤ ਸਿੰਘ ਸਿੱਧੂ ਆਮ ਲੋਕਾਂ ਦੇ ਵਿੱਚ ਇੱਕ ਦਿਲੀ ਪਹੁੰਚ ਬਣਾਉਣ ਦੇ ਵਿੱਚ ਕਾਮਯਾਬ ਹੋਏ ਹਨ। ਸਿੱਧੂ ਦੇ ਵੱਲੋਂ ਭਾਜਪਾ ਵਿੱਚ ਰਹਿਣ ਸਮੇਂ ਵੀ ਖੁੱਲ ਕੇ ਆਪਣੀ ਹਾਈਕਮਾਨ ਅਤੇ ਗੱਠਜੋੜ ਭਾਈਵਾਲ ਬਾਦਲਾਂ ਦੇ ਖ਼ਿਲਾਫ਼ ਬੋਲਿਆ ਜਾਂਦਾ ਰਿਹਾ ਸੀ ਅਤੇ ਹੁਣ ਉਹ ਕਾਂਗਰਸ ਦੇ ਵਿੱਚ ਵੀ ਆਪਣੇ ਇਸੇ ਬੇਬਾਕ ਅੰਦਾਜ਼ ਦੇ ਲਈ ਜਾਣੇ ਜਾਂਦੇ ਹਨ।

ਬਠਿੰਡੇ ਦੇ ਵਿੱਚ ਸਿੱਧੂ ਨੇ ਸ਼ਰੇਆਮ ਦੋਸਤਾਨਾ ਮੈਚ ਅਤੇ 75-25 ਵਾਲਾ ਬਿਆਨ ਦਿੱਤਾ ਤਾਂ ਦੂਜੇ ਪਾਸੇ ਉਨ੍ਹਾਂ ਦੀ ਪਤਨੀ ਨੇ ਸ਼ਰੇਆਮ ਕੈਪਟਨ ਅਮਰਿੰਦਰ ਸਿੰਘ ਦੇ ਖ਼ਿਲਾਫ਼ ਉਨ੍ਹਾਂ ਦੀ ਟਿਕਟ ਕਟਵਾਉਣ ਦਾ ਬਿਆਨ ਦੇ ਦਿੱਤਾ। ਕੈਪਟਨ ਦੇ ਵੱਲੋਂ ਜਵਾਬੀ ਬਿਆਨ ਦੇ ਵਿੱਚ ਸਿੱਧੂ ਤੇ ਮੁੱਖ ਮੰਤਰੀ ਬਣਨ ਦੀ ਇੱਛਾ ਰੱਖਣ ਦਾ ਇਲਜ਼ਾਮ ਲਗਾ ਦਿੱਤਾ ਗਿਆ। ਇਹ ਮਾਮਲਾ ਹੁਣ ਖੁੱਲ੍ਹੇਆਮ ਸਭ ਦੇ ਸਾਹਮਣੇ ਆਉਣ ਦੇ ਬਾਅਦ ਕਾਂਗਰਸ ਦੀ ਧੜੇਬੰਦੀ ਵੀ ਸਾਹਮਣੇ ਆਉਣ ਲੱਗੀ ਹੈ। ਰਾਜਨੀਤਿਕ ਮਾਹਿਰਾਂ ਦੇ ਅਨੁਸਾਰ ਜੇਕਰ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਸਿੱਧੂ ਦੇ ਖ਼ਿਲਾਫ਼ ਕਿਸੇ ਕਾਰਵਾਈ ਦੀ ਕੋਸ਼ਿਸ਼ ਹੁੰਦੀ ਹੈ ਤਾਂ ਆਮ ਲੋਕਾਂ ਦੀ ਨਜ਼ਰ ਦੇ ਵਿੱਚ ਇਸਦਾ ਸਿੱਧਾ ਫ਼ਾਇਦਾ ਸਿੱਧੂ ਨੂੰ ਅਤੇ ਨੁਕਸਾਨ ਕੈਪਟਨ ਅਮਰਿੰਦਰ ਸਿੰਘ ਨੂੰ ਹੋਣ ਦੇ ਆਸਾਰ ਹਨ। ਸਿੱਧੂ ਪਹਿਲਾਂ ਹੀ ਬਿਆਨ ਦੇ ਚੁੱਕੇ ਹਨ ਕਿ ਜੇਕਰ ਬੇਅਦਬੀ ਦੋਸ਼ੀਆਂ ਨੂੰ ਬਚਾਉਣ ਲਈ ਕਿਸੇ ਨੇ ਕੋਈ ਮਿਲੀਭੁਗਤ ਕੀਤੀ ਤਾਂ ਉਹ ਆਪਣੇ ਅਹੁਦੇ ਨੂੰ ਠੋਕਰ ਮਾਰਨ ਤੋਂ ਵੀ ਗੁਰੇਜ਼ ਨਹੀਂ ਕਰਨਗੇ ਅਤੇ ਹੁਣ ਸਿੱਧੂ ਜੋੜੇ ਨੇ ਕੈਪਟਨ ਅਮਰਿੰਦਰ ਸਿੰਘ ਤੇ ਵੀ ਇੱਕ ਹੋਰ ਨਿਸ਼ਾਨਾ ਲਾਉਂਦੇ ਹੋਏ ਕਹਿ ਦਿੱਤਾ ਹੈ ਕਿ ਜੇਕਰ ਕਾਂਗਰਸ ਸੂਬੇ ਵਿੱਚ ਕੋਈ ਸੀਟ ਹਾਰਦੀ ਹੈ ਤਾਂ ਕੈਪਟਨ ਨੂੰ ਨੈਤਿਕ ਜ਼ਿੰਮੇਵਾਰੀ ਦੇ ਆਧਾਰ ਤੇ ਅਸਤੀਫ਼ਾ ਦੇਣਾ ਚਾਹੀਦਾ ਹੈ। ਫ਼ਿਲਹਾਲ ਇਹ ਸਾਰਾ ਮਾਮਲਾ ਹੁਣ ਕੇਂਦਰੀ ਹਾਈਕਮਾਨ ਦੇ ਵੱਲੋਂ ਕਿਵੇਂ ਸੁਲਝਾਇਆ ਜਾਂਦਾ ਹੈ ਇਹ ਦੇਖਣਯੋਗ ਹੋਵੇਗਾ ਕਿਉਂਕਿ ਜੇਕਰ ਸਿੱਧੂ ਪਾਰਟੀ ਦੇ ਵਿੱਚ ਇੱਕ ਧੜੇ ਨੂੰ ਲੈ ਕੇ ਅੱਡ ਹੁੰਦੇ ਹਨ ਤਾਂ ਕੈਪਟਨ ਦੇ ਲਈ ਵੀ ਬਹੁਮਤ ਵਾਲੀ ਸਰਕਾਰ ਬਣਾਏ ਰੱਖਣਾ ਕੋਈ ਸੌਖਾ ਕੰਮ ਨਹੀਂ ਹੋਵੇਗਾ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।