ਦੇਸ਼ ਦੇ ਕੇਵਲ ਪੰਜ ਸੂਬਿਆਂ ਦੇ ਵੋਟਰ ਹੀ ਕਰਨਗੇ ਕੇਂਦਰ 'ਚ ਬਣਨ ਵਾਲੀ ਸਰਕਾਰ ਦਾ ਫ਼ੈਸਲਾ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: May 20 2019 12:33
Reading time: 1 min, 48 secs

ਦੇਸ਼ ਵਿੱਚ ਸੱਤਵੇਂ ਤੇ ਆਖ਼ਰੀ ਗੇੜ ਦੀਆਂ ਚੋਣਾਂ ਮੁਕੰਮਲ ਹੋ ਜਾਣ ਦੇ ਬਾਅਦ, ਦੇਸ਼ ਭਰ ਵਿੱਚ 543 ਸੀਟਾਂ ਲਈ ਹੋਇਆ ਮਤਦਾਨ ਮਹਿਜ਼ 68 ਪ੍ਰਤੀਸ਼ਤ ਤੇ ਸਿਮਟ ਕੇ ਰਹਿ ਗਿਆ ਹੈ। ਚੋਣ ਨਤੀਜਿਆਂ ਦਾ ਕਾਊਂਟ ਡਾਊਨ ਸ਼ੁਰੂ ਹੋ ਚੁੱਕਾ ਹੈ, ਮਹਿਜ਼ 72 ਘੰਟੇ ਦੇ ਬਾਅਦ ਚੋਣ ਨਤੀਜੇ ਆਉਣੇ ਸ਼ੁਰੂ ਹੋ ਜਾਣਗੇ।

ਜੇਕਰ ਸਿਆਸੀ ਮਾਹਰਾਂ ਦੀ ਮੰਨੀਏ ਤਾਂ, ਭਾਵੇਂਕਿ, ਲੋਕ ਸਭਾ ਦੀਆਂ ਚੋਣਾਂ, ਦੇਸ਼ ਦੇ ਤਮਾਮ ਸੂਬਿਆਂ ਲਈ ਹੀ ਵੱਡੀ ਅਹਿਮੀਅਤ ਰੱਖ਼ਦੀਆਂ ਹਨ, ਪਰ ਉਨੀ ਵੀ ਨਹੀਂ, ਜਿੰਨੀਆਂ ਕਿ, ਦੇਸ਼ ਦੇ ਪੰਜ ਸੂਬਿਆਂ ਦੀਆਂ ਚੋਣਾਂ। ਜੇਕਰ ਗੱਲ ਕਰੀਏ ਪੰਜਾਬ ਦੀ ਤਾਂ, ਸਾਡੇ ਹਿੱਸੇ ਮਹਿਜ਼ 13 ਸੀਟਾਂ ਆਉਂਦੀਆਂ ਹਨ, ਜਦਕਿ ਜਿਨ੍ਹਾਂ ਪੰਜ ਸੂਬਿਆਂ ਦੀ ਸਿਆਸੀ ਮਾਹਰ ਗੱਲ ਕਰਦੇ ਹਨ, ਉਹਨਾਂ ਵਿੱਚ, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਪੱਛਮੀ ਬੰਗਾਲ, ਬਿਹਾਰ ਅਤੇ ਤਾਮਿਲਨਾਡੂ ਦਾ ਨਾਮ ਆਉਂਦਾ ਹੈ, ਇਹੀ ਉਹ ਸੂਬੇ ਹਨ ਜਿਹਨਾਂ ਦੇ ਹਿੱਸੇ ਲਗਭਗ 250 ਸੀਟਾਂ ਆਉਂਦੀਆਂ ਹਨ।

ਚੋਣ ਕਮਿਸ਼ਨ ਦੇ ਅੰਕੜੇ ਬੋਲਦੇ ਹਨ ਕਿ, ਉੱਤਰ ਪ੍ਰਦੇਸ਼ ਦੇ ਹਿੱਸੇ ਸਭ ਤੋਂ ਵੱਧ ਸੀਟਾਂ ਆਉਂਦੀਆਂ ਹਨ, ਇਸ ਸੂਬੇ ਦੇ 80 ਐੱਮ.ਪੀ. ਪਾਰਲੀਮੈਂਟ ਦੀਆਂ ਪੌੜੀਆਂ ਚੜਦੇ ਹਨ। ਇਸੇ ਤਰ੍ਹਾਂ ਹੀ ਮਹਾਰਾਸ਼ਟਰ ਦੇ 48, ਪੱਛਮੀ ਬੰਗਾਲ ਦੇ 42, ਬਿਹਾਰ ਦੇ 40, ਜਦਕਿ ਤਮਿਲਨਾਡੂ ਸੂਬਾ ਦੇਸ਼ ਨੂੰ 39 ਐੱਮ.ਪੀ. ਦਿੰਦਾ ਹੈ।

ਜੇਕਰ ਇਹਨਾਂ ਪੰਜ ਸੂਬਿਆਂ ਦੀਆਂ ਸੀਟਾਂ ਦਾ ਲੇਖ਼ਾ ਜੋਖ਼ਾ ਕਰੀਏ ਤਾਂ, ਪਾਰਲੀਮੈਂਟ ਦੀਆਂ ਪੌੜੀਆਂ ਚੜਨ ਵਾਲੇ 543 'ਚੋਂ 249 ਐੱਮ.ਪੀ. ਕੇਵਲ ਇਹਨਾਂ ਪੰਜ ਸੂਬਿਆਂ ਤੋਂ ਹੀ ਹੁੰਦੇ ਹਨ, ਸ਼ਾਇਦ ਇਹੋ ਇੱਕ ਵੱਡਾ ਕਾਰਨ ਹੈ ਕਿ, ਦੇਸ਼ ਦੀ ਸਿਆਸਤ ਇਹਨਾਂ ਪੰਜ ਸੂਬਿਆਂ ਦੇ ਦੁਆਲੇ ਹੀ ਘੁੰਮਦੀ ਹੈ। ਗੱਲ ਕਰੀਏ ਜੇਕਰ ਸਿਆਸੀ ਪਾਰਟੀਆਂ ਦੇ ਲੀਡਰਾਂ ਦੀ ਤਾਂ, ਮਾਹਰ ਵੀ ਮੰਨਦੇ ਹਨ ਕਿ, ਲੀਡਰ ਵੀ ਇਹਨਾਂ ਪੰਜਾਂ ਸੂਬਿਆਂ ਦੇ ਵੋਟਰਾਂ ਤੇ ਉਹਨਾਂ ਨਾਲ ਜੁੜੇ ਮੁੱਦਿਆਂ ਨੂੰ ਵਧੇਰੇ ਅਹਿਮੀਅਤ ਦਿੰਦੇ ਹਨ।

ਦੋਸਤੋ, ਭਾਵੇਂ ਕਿ ਐਗਜ਼ਿਟ ਪੋਲ ਦੇ ਅੰਕੜੇ ਕੁਝ ਵੀ ਆਖ਼ੀ ਜਾਣ, ਪਰ ਸਿਆਸੀ ਮਾਹਰਾਂ ਅਨੁਸਾਰ, ਇਸ ਵਾਰ ਲੋਕ ਸਭਾ ਚੋਣਾਂ ਦੇ ਸਾਰੇ ਅੰਕੜੇ ਪਿਛਲੇ ਨਤੀਜਿਆਂ ਦੇ ਮੁਕਾਬਲੇ ਉਲਟ-ਪੁਲਟ ਹੀ ਨਜ਼ਰ ਆਉਣਗੇ। ਬਾਵਜੂਦ ਇਸਦੇ ਇਹ ਵੀ ਇੱਕ ਸਚਾਈ ਹੈ ਕਿ, ਕੇਂਦਰ ਵਿੱਚ ਕਿਹੜੀ ਸਰਕਾਰ ਬਣਨੀ ਹੈ? ਇਸ ਗੱਲ ਦਾ ਫ਼ੈਸਲਾ ਉਕਤ ਪੰਜ ਸੂਬਿਆਂ ਦੇ ਹੀ ਹੱਥ ਵਿੱਚ ਹੋਵੇਗਾ। ਸ਼ਾਇਦ ਕੇਂਦਰ ਦੀ ਨਜ਼ਰ ਵਿੱਚ ਸਾਡੇ ਸੂਬਾ ਪੰਜਾਬ ਦੀ ਵੀ ਉਨੀ ਹੀ ਅਹਿਮੀਅਤ ਹੁੰਦੀ ਜੇਕਰ, ਸਾਡੇ ਲੀਡਰਾਂ ਨੇ ਆਪਣੀ ਸੌੜੇ ਹਿੱਤਾਂ ਦੀ ਪੂਰਤੀ ਲਈ ਇਸ ਨੂੰ ਨਿੱਕੀ ਜਿਹੀ ਸੂਬੀ ਨਾ ਬਣਾ ਕੇ ਰੱਖ਼ ਦਿੱਤਾ ਹੁੰਦਾ ਤਾਂ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।