ਪੰਜਾਬ 'ਚ ਫਿਰ ਉੱਠੀ ਖਸਖਸ ਦੀ ਖੇਤੀ ਕਰਨ ਦੀ ਮੰਗ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: May 20 2019 12:38
Reading time: 2 mins, 59 secs

ਪੰਜਾਬ ਦਾ ਕਿਸਾਨ ਇੱਕ ਪਾਸੇ ਜਿੱਥੇ ਕਰਜ਼ੇ ਦੇ ਭਾਰ ਹੇਠਾਂ ਦੱਬਿਆ ਪਿਆ ਹੈ, ਉੱਥੇ ਹੀ ਪੰਜਾਬ ਨੂੰ ਨਸ਼ਿਆਂ ਦੇ ਮਾਮਲੇ ਵਿੱਚ ਵੀ ਬਦਨਾਮ ਕੀਤਾ ਜਾ ਰਿਹਾ ਹੈ। ਪੰਜਾਬ ਦੀ ਜਵਾਨੀ ਭਾਵੇਂ ਹੀ ਦੂਜੇ ਸੂਬਿਆਂ ਦੀ ਤਰ੍ਹਾਂ ਨਸ਼ਿਆਂ ਦੀ ਆਦੀ ਹੋ ਚੁੱਕੀ ਹੈ, ਪਰ ਪੰਜਾਬ ਦੀ ਕਿਸਾਨੀ ਦਾ ਕਾਫੀ ਜ਼ਿਆਦਾ ਮੰਦੜਾ ਹਾਲ ਹੈ। ਪੰਜਾਬ ਦੇ ਵਿੱਚ ਹੁਣ ਤੱਕ ਜਿੰਨੀਆਂ ਵੀ ਸਰਕਾਰਾਂ ਨੇ ਰਾਜ ਕੀਤਾ ਹੈ, ਹਰ ਸਰਕਾਰ ਨੇ ਦਾਅਵਾ ਤਾਂ ਕਿਸਾਨਾਂ ਦੇ ਹੱਕ ਵਿੱਚ ਭੁਗਤਣ ਦਾ ਕੀਤਾ ਹੈ, ਪਰ ਕਿਸਾਨਾਂ ਦੇ ਲਈ ਕੀਤਾ ਕਰਾਇਆ ਕੁਝ ਵੀ ਨਹੀਂ। 

ਜਿਸ ਦੇ ਕਾਰਨ ਪੰਜਾਬ ਦਾ ਕਿਸਾਨ ਕਰਜ਼ੇ ਦੇ ਭਾਰ ਹੇਠਾਂ ਦੱਬਿਆ ਪਿਆ ਹੈ ਅਤੇ ਖੁਦਕੁਸ਼ੀਆਂ ਕਰ ਰਿਹਾ ਹੈ। ਪੰਜਾਬ ਅੰਦਰ ਰੋਜ਼ਾਨਾ ਹੋ ਰਹੀਆਂ ਖੁਦਕੁਸ਼ੀਆਂ ਜਿੱਥੇ ਸਰਕਾਰਾਂ 'ਤੇ ਕਈ ਸਵਾਲ ਖੜੇ ਕਰ ਰਹੀਆਂ ਹਨ, ਉੱਥੇ ਹੀ ਕਿਸਾਨ ਸਰਕਾਰ ਖ਼ਿਲਾਫ਼ ਸੰਘਰਸ਼ ਵਿੱਚ ਵੀ ਜੁਟੇ ਹੋਏ ਹਨ। ਪੰਜਾਬ ਦੀਆਂ ਕਈ ਨਾਮਵਰ ਕਿਸਾਨ ਜੱਥੇਬੰਦੀਆਂ ਕਿਸਾਨਾਂ ਦੇ ਹੱਕਾਂ ਵਿੱਚ ਸੰਘਰਸ਼ ਕਰ ਰਹੀਆਂ ਹਨ, ਪਰ ਸਮੇਂ ਦੀਆਂ ਸਰਕਾਰਾਂ ਦੇ ਵੱਲੋਂ ਕਿਸਾਨੀ ਮੰਗਾਂ ਮੰਨਣ ਦੀ ਬਿਜਾਏ, ਕਿਸਾਨਾਂ ਨੂੰ ਜੇਲ੍ਹੀਂ ਡੱਕਿਆ ਜਾ ਰਿਹਾ ਹੈ। 

ਜੇਕਰ ਤਾਜ਼ਾ ਮਾਮਲੇ ਦੀ ਗੱਲ ਕਰੀਏ ਤਾਂ ਹੁਣ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਵੱਲੋਂ ਝੰਡਾ ਚੁੱਕਦਿਆਂ ਹੋਇਆਂ ਫਿਰ ਤੋਂ ਆਪਣੀ ਪੁਰਾਣੀ ਅਤੇ ਅਹਿਮ ਮੰਗ ਦੁਹਰਾਈ ਗਈ ਹੈ। ਵੇਖਿਆ ਜਾਵੇ ਤਾਂ ਲੱਖੋਵਾਲ ਯੂਨੀਅਨ ਹਰ ਸਮੇਂ ਜਦੋਂ ਵੀ ਸੰਘਰਸ਼ ਕਰਦੀ ਹੈ, ਨਵੇਂ ਤੋਂ ਨਵੇਂ ਮੁੱਦੇ ਸਰਕਾਰਾਂ ਸਾਹਮਣੇ ਲੈ ਕੇ ਆਉਂਦੀ ਹੈ। ਪੰਜਾਬ ਦੇ ਵਿੱਚ ਲੰਮੇ ਸਮੇਂ ਭਾਕਿਯੂ ਲੱਖੋਵਾਲ ਦੇ ਵੱਲੋਂ ਖਸਖਸ ਦੀ ਖੇਤੀ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਜੋ ਪੰਜਾਬ ਦੀ ਜਵਾਨੀ ਅਤੇ ਕਿਸਾਨੀ ਨੂੰ ਬਚਾਇਆ ਜਾ ਸਕੇ। ਪਰ ਇਸ ਵੱਲ ਸਮੇਂ ਦੀਆਂ ਸਰਕਾਰਾਂ ਭੋਰਾ ਧਿਆਨ ਨਹੀਂ ਮਾਰ ਰਹੀਆਂ। 

ਦੱਸ ਦਈਏ ਕਿ ਕਿਸਾਨ ਯੂਨੀਅਨ ਦੇ ਆਗੂਆਂ ਦਾ ਮੰਨਣਾ ਹੈ ਕਿ ਪੰਜਾਬ ਦੇ ਕਿਸਾਨਾਂ ਨੂੰ ਕਰਜ਼ੇ ਦੇ ਮੱਕੜ ਜਾਲ ਵਿੱਚੋਂ ਕੱਢਣ ਲਈ ਖਸਖਸ ਦੀ ਖੇਤੀ ਕਰਨ ਦੀ ਇਜਾਜ਼ਤ ਦੇਣੀ ਬੇਹੱਦ ਜ਼ਰੂਰੀ ਹੈ। ਕਿਉਂਕਿ ਹੋਰ ਫ਼ਸਲਾਂ ਜਿੰਨੀਆਂ ਵੀ ਪੰਜਾਬ ਅੰਦਰ ਬੀਜੀਆਂ ਜਾਂਦੀਆਂ ਹਨ, ਉਨ੍ਹਾਂ ਦਾ ਕਿਸਾਨਾਂ ਨੂੰ ਪੂਰਾ ਭਾਅ ਨਹੀਂ ਮਿਲਦਾ। ਕਿਸਾਨ ਜੇਕਰ ਮੰਡੀਆਂ ਵਿੱਚ ਕਣਕ ਜਾਂ ਫਿਰ ਝੋਨੇ ਦੀ ਫ਼ਸਲ ਲੈ ਕੇ ਜਾਂਦਾ ਹੈ ਤਾਂ ਉਸ ਨੂੰ ਮੰਡੀਆਂ ਵਿੱਚ ਇਨ੍ਹਾਂ ਜ਼ਿਆਦਾ ਜਲੀਲ ਕੀਤਾ ਜਾਂਦਾ ਹੈ ਕਿ ਕਿਸਾਨ ਖੁਦਕੁਸ਼ੀਆਂ ਦਾ ਰਾਹ ਅਪਣਾ ਲੈਂਦਾ ਹੈ। 

ਕਿਸਾਨ ਆਗੂਆਂ ਨੇ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਦਾ ਧੰਨਵਾਦ ਕਰਦਿਆਂ ਹੋਇਆਂ ਕਿਹਾ ਕਿ ਗਾਂਧੀ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਦੀ ਗੱਲ ਕਰਦੇ ਹੋਏ ਕੇਂਦਰ ਤੇ ਪੰਜਾਬ ਦੀਆਂ ਸਰਕਾਰਾਂ ਦੇ ਕੋਲ ਪੰਜਾਬ ਵਿੱਚ ਖਸਖਸ ਦੀ ਖੇਤੀ ਦਾ ਮੁੱਦਾ ਲੈ ਕੇ ਗਏ ਹਨ। ਕਿਸਾਨਾਂ ਨੇ ਡਾਕਟਰ ਗਾਂਧੀ ਦੇ ਇਸ ਕਦਮ ਦੀ ਸ਼ਲਾਘਾ ਕੀਤੀ। ਇੱਥੇ ਦੱਸ ਦਈਏ ਕਿ ਖਸਖਸ ਦੀ ਖੇਤੀ ਵਾਲੀ ਮੰਗ ਸਰਕਾਰ ਮੰਨਣ ਲਈ ਤਿਆਰ ਨਹੀਂ ਹੈ ਅਤੇ ਉਹ ਕਿਸਾਨਾਂ ਦੀ ਇਸ ਮੰਗ ਦਾ ਡੱਟ ਕੇ ਵਿਰੋਧ ਕਰ ਰਹੀ ਹੈ। 

ਪਰ ਕਿਸਾਨਾਂ ਬਜਿੱਦ ਹਨ ਅਤੇ ਉਹ ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੇ ਹਨ। ਕਿਸਾਨ ਆਗੂਆਂ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਅਤੇ ਕੇਂਦਰ ਦੀਆਂ ਸਰਕਾਰਾਂ ਕਿਸਾਨਾਂ ਦੇ ਜਿੱਥੇ ਕਰਜ਼ ਮੁਆਫ਼ ਨਹੀਂ ਕਰ ਰਹੀਆਂ, ਉੱਥੇ ਹੀ ਕੇਂਦਰ ਦੀ ਮੋਦੀ ਸਰਕਾਰ ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਵੀ ਲਾਗੂ ਕਰਨ ਤੋਂ ਭੱਜ ਰਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਨੂੰ 5 ਸਾਲ ਅਤੇ ਕੈਪਟਨ ਸਰਕਾਰ ਨੂੰ 2 ਸਾਲ ਦਾ ਸਮਾਂ ਹੋ ਗਿਆ ਹੈ ਸੱਤਾ ਵਿੱਚ ਆਇਆ ਨੂੰ, ਪਰ ਸਰਕਾਰਾਂ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀਆਂ। 

ਦੋਸਤੋਂ, ਦੇਖਣਾ ਹੁਣ ਇਹ ਹੋਵੇਗਾ ਕਿ ਪੰਜਾਬ ਦੀ ਕੈਪਟਨ ਸਰਕਾਰ ਆਖ਼ਿਰ ਕਦੋਂ ਖਸਖਸ ਦੀ ਖੇਤੀ ਦੀ ਮੰਗ ਸਬੰਧੀ ਕਿਸਾਨਾਂ ਦੇ ਮੋਢੇ ਨਾਲ ਮੋਢੇ ਜੋੜ ਕੇ ਕੇਂਦਰ ਕੋਲੋਂ ਖੇਤੀ ਸਬੰਧੀ ਮੰਗ ਕਰਦੀ ਹੈ। ਦੱਸ ਦਈਏ ਕਿ ਪੰਜਾਬ ਦੇ ਗੁਆਂਢੀ ਰਾਜ ਰਾਜਸਥਾਨ ਦੇ ਵਿੱਚ ਖੁੱਲ੍ਹੇਆਮ ਪੋਸਤ ਅਤੇ ਅਫ਼ੀਮ ਦੀ ਖੇਤੀ ਹੁੰਦੀ ਹੈ। ਰਾਜਸਥਾਨ ਦੇ ਕਿਸਾਨ ਜਿੱਥੇ ਇਸ ਖੇਤੀ ਨਾਲ ਆਪਣਾ ਕਰਜ਼ਾ ਉਤਾਰ ਰਹੇ ਹਨ, ਉੱਥੇ ਹੀ ਦਿਨ ਪ੍ਰਤੀ ਦਿਨ ਅਮੀਰ ਵੀ ਹੋ ਰਹੇ ਹਨ। ਸੋ ਇਸ ਲਈ ਸਰਕਾਰਾਂ ਨੂੰ ਪੰਜਾਬ ਦੇ ਕਿਸਾਨ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।