ਬਜ਼ੁਰਗ ਔਰਤਾਂ ਨੂੰ ਵਿਧਾਇਕ ਪਿੰਕੀ ਦੀ ਪਤਨੀ ਨੇ ਮਾਰੇ ਧੱਕੇ!

Last Updated: May 19 2019 18:44
Reading time: 1 min, 8 secs

ਲੋਕ ਸਭਾ ਦੀਆਂ ਚੋਣਾਂ ਅੱਜ ਪੂਰੇ ਪੰਜਾਬ ਦੇ ਵਿੱਚ ਹੋਈਆਂ। ਕਈ ਜਗ੍ਹਾਵਾਂ 'ਤੇ ਝੜਪਾਂ ਅਤੇ ਕਈ ਜਗ੍ਹਾਵਾਂ 'ਤੇ ਬੰਦੇ ਮਰਨ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ। ਪਰ ਫਿਰੋਜ਼ਪੁਰ ਵਿਖੇ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ। ਫਿਰੋਜ਼ਪੁਰ ਸ਼ਹਿਰੀ ਹਲਕੇ ਤੋਂ ਕਾਂਗਰਸੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੀ ਧਰਮ ਪਤਨੀ ਨੇ ਬਜ਼ੁਰਗ ਔਰਤ ਨੂੰ ਇਸ ਗੱਲ ਤੋਂ ਧੱਕੇ ਮਾਰ ਦਿੱਤੇ, ਕਿਉਂਕਿ ਉਕਤ ਬਜ਼ੁਰਗ ਔਰਤਾਂ ਅਕਾਲੀ ਦਲ ਦੇ ਵੱਲੋਂ ਲਗਾਏ ਗਏ ਬੂਥ 'ਤੇ ਪਰਚੀ ਕਟਵਾ ਰਹੀਆਂ ਸਨ।

ਦੱਸ ਦਈਏ ਕਿ ਵਿਧਾਇਕ ਪਿੰਕੀ ਦੀ ਪਤਨੀ 'ਤੇ ਬਜ਼ੁਰਗ ਔਰਤਾਂ ਨੂੰ ਧੱਕੇ ਮਾਰਨ ਦੇ ਦੋਸ਼ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਫਿਰੋਜ਼ਪੁਰ ਲੋਕ ਸਭਾ ਹਲਕਾ ਤੋਂ ਉਮੀਦਵਾਰ ਸੁਖਬੀਰ ਸਿੰਘ ਬਾਦਲ ਦੇ ਸਿਆਸੀ ਸਕੱਤਰ ਚਰਨਜੀਤ ਸਿੰਘ ਬਰਾੜ ਨੇ ਲਗਾਏ। ਚਰਨਜੀਤ ਬਰਾੜ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਫਿਰੋਜ਼ਪੁਰ ਸ਼ਹਿਰ ਦੇ ਵਾਰਡ ਨੰਬਰ 14 ਦੇ ਵਿੱਚ ਵਿਧਾਇਕ ਪਿੰਕੀ ਦੀ ਧਰਮ ਪਤਨੀ ਸ਼੍ਰੋਮਣੀ ਅਕਾਲੀ ਦਲ ਦੇ ਬੂਥ 'ਤੇ ਵੋਟਰਾਂ ਦਾ ਇਕੱਠ ਵੇਖ ਬੁਖਲਾਈ ਅਤੇ ਜੋ ਵੋਟਰ ਪਰਚੀਆਂ ਕਟਾ ਰਹੇ ਸਨ।

ਉਕਤ ਵੋਟਰਾਂ ਨੂੰ ਪਿੰਕੀ ਦੀ ਪਤਨੀ ਕਹਿਣ ਲੱਗੀ ਕਿ ਤੁਸੀਂ ਅਕਾਲੀ ਦਲ ਦੇ ਬੂਥ ਤੋਂ ਪਰਚੀਆਂ ਕਿਉਂ ਕਟਵਾ ਰਹੇ ਹੋ, ਸਾਡੇ ਬੂਥ ਤੋਂ ਕਿਉਂ ਨਹੀਂ ਕਟਾਉਂਦੇ। ਚਰਨਜੀਤ ਬਰਾੜ ਨੇ ਦੋਸ਼ ਲਗਾਉਂਦਿਆਂ ਇਹ ਵੀ ਦੱਸਿਆ ਕਿ ਜਦੋਂ ਲੋਕਾਂ ਨੇ ਪਿੰਕੀ ਦੀ ਪਤਨੀ ਨੂੰ ਸਿੱਧਾ ਜਵਾਬ ਦੇ ਦਿੱਤਾ ਤਾਂ ਉਹ ਤਹਿਸ ਵਿੱਚ ਆ ਕੇ ਕੁੱਝ ਬਜ਼ੁਰਗ ਔਰਤਾਂ ਨੂੰ ਧੱਕੇ ਮਾਰਨ ਲੱਗ ਪਈ। ਬਰਾੜ ਨੇ ਕਿਹਾ ਕਿ ਜਦੋਂ ਉਹ ਮੌਕੇ 'ਤੇ ਪਹੁੰਚਿਆ ਤਾਂ ਥੋੜ੍ਹੀ ਤਕਰਾਰ ਤੋਂ ਬਾਅਦ ਵਿਧਾਇਕ ਪਿੰਕੀ ਅਤੇ ਉਸ ਦੀ ਪਤਨੀ ਉੱਥੋਂ ਖਿਸਕ ਗਏ।