ਗਰਮੀ ਕਾਰਨ ਸੁਸਤ ਚਾਲ 'ਚ ਸ਼ੁਰੂ ਹੋਈ ਪੋਲਿੰਗ, ਬਾਅਦ ਦੁਪਹਿਰ ਫੜੀ ਰਫ਼ਤਾਰ!!

Last Updated: May 19 2019 18:20
Reading time: 1 min, 59 secs

ਲੋਕ ਸਭਾ ਚੋਣਾਂ 2019 ਦੇ ਆਖਰੀ ਤੇ ਸੱਤਵੇਂ ਪੜਾਅ 'ਚ ਪੰਜਾਬ ਸੂਬੇ ਅੰਦਰ 13 ਲੋਕ ਸਭਾ ਸੀਟਾਂ ਲਈ ਐਤਵਾਰ ਸਵੇਰ ਤੋਂ ਵੋਟਿੰਗ ਹੋਣੀ ਸ਼ੁਰੂ ਹੋ ਗਈ ਸੀ। ਲੋਕ ਸਭਾ ਹਲਕਾ ਫਤਹਿਗੜ ਸਾਹਿਬ ਅਧੀਨ ਪੈਂਦੇ 9 ਵਿਧਾਨ ਸਭਾ ਹਲਕਿਆਂ 'ਚ ਸਵੇਰੇ ਸੱਤ ਵਜੇ ਤੋਂ ਹੀ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਸਨ। ਹਲਕਾ ਫਤਹਿਗੜ ਸਾਹਿਬ ਤੋਂ ਚੋਣ ਲੜ ਰਹੇ ਵੱਖ-ਵੱਖ ਉਮੀਦਵਾਰਾਂ ਨੇ ਆਪੋ-ਆਪਣੇ ਹਲਕਿਆਂ 'ਚ ਵੋਟ ਪੋਲ ਕੀਤੀ। ਹਲਕਾ ਫਤਹਿਗੜ ਸਾਹਿਬ ਤਹਿਤ ਆਉਂਦੇ ਕੁਝ ਇਲਾਕਿਆਂ 'ਚ ਸਿਆਸੀ ਪਾਰਟੀਆਂ ਦੀ ਆਗੂਆਂ ਦਰਮਿਆਨ ਛਿੱਟਪੁਟ ਝੜਪਾਂ ਹੋਣ ਦੀਆਂ ਵੀ ਖਬਰਾਂ ਹਨ। ਹੌਲੀ ਰਫ਼ਤਾਰ ਨਾਲ ਸ਼ੁਰੂ ਹੋਈ ਵੋਟਿੰਗ ਨੇ ਦੁਪਹਿਰ ਹੋਣ ਬਾਅਦ ਰਫ਼ਤਾਰ ਫੜ ਲਈ ਸੀ। ਸ਼ਾਮ ਚਾਰ ਵਜੇ ਲੋਕ ਸਭਾ ਹਲਕਾ ਫਤਹਿਗੜ ਸਾਹਿਬ ਦੇ ਕੁੱਲ 9 ਵਿਧਾਨ ਸਭਾ ਹਲਕਿਆਂ 'ਚ 48.76 ਫੀਸਦੀ ਵੋਟਿੰਗ ਹੋ ਚੁੱਕੀ ਸੀ। ਨਵੇ ਅਤੇ ਨੌਜਵਾਨ ਵੋਟਰਾਂ 'ਚ ਵੋਟ ਪਾਉਣ ਸਬੰਧੀ ਕਾਫੀ ਉਤਸਾਹ ਪਾਇਆ ਗਿਆ।

ਮਿਲੀ ਜਾਣਕਾਰੀ ਦੇ ਮੁਤਾਬਕ ਲੋਕ ਸਭਾ ਹਲਕਾ ਫਤਹਿਗੜ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾ. ਅਮਰ ਸਿੰਘ ਨੇ ਹਲਕੇ ਤਹਿਤ ਪੈਂਦੇ ਵਿਧਾਨ ਸਭਾ ਹਲਕਾ ਰਾਏਕੋਟ ਦੇ ਪੋਲਿੰਗ ਸਟੇਸ਼ਨ ਨੰ.136 'ਚ ਆਪਣੀ ਪਤਨੀ ਦੇ ਨਾਲ ਆਪੋ-ਆਪਣੀ ਵੋਟ ਪੋਲ ਕੀਤੀ। ਜਦਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਕਾਂਗਰਸ ਦੇ ਮੌਜੂਦਾ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਅਤੇ ਸਾਬਕਾ ਵਿਧਾਇਕ ਹਰਬੰਸ ਕੌਰ ਦੂਲੋ ਦੇ ਲੜਕੇ ਬੰਨਦੀਪ ਸਿੰਘ ਦੂਲੋ ਨੇ ਖੰਨਾ ਸ਼ਹਿਰ ਦੇ ਏਐਸ ਸੀਨੀਅਰ ਸੈਕੰਡਰੀ ਸਕੂਲ 'ਚ ਬਣੇ ਪੋਲਿੰਗ ਸਟੇਸ਼ਨ 'ਚ ਆਪਣੀ ਵੋਟ ਪਾਈ। ਇਸ ਤੋਂ ਇਲਾਵਾ ਬੰਨਦੀਪ ਦੇ ਪਿਤਾ ਸ਼ਮਸ਼ੇਰ ਸਿੰਘ ਦੂਲੋ ਨੇ ਵੀ ਆਪਣੇ ਛੋਟੇ ਲੜਕੇ ਦੇ ਨਾਲ ਇਸੇ ਸਕੂਲ 'ਚ ਬਣੇ ਬੂਥ ਵਿੱਚ ਆਪੋ-ਆਪਣੀਆਂ ਵੋਟਾਂ ਪਾਈਆਂ।

ਜਾਣਕਾਰੀ ਮੁਤਾਬਕ ਐਤਵਾਰ ਸ਼ਾਮ ਪੰਜ ਵਜੇ ਤੱਕ ਲੋਕ ਸਭਾ ਹਲਕਾ ਫਤਹਿਗੜ ਸਾਹਿਬ 'ਚ ਆਉਂਦੇ ਵਿਧਾਨ ਸਭਾ ਹਲਕਾ ਬੱਸੀ ਪਠਾਣਾਂ 'ਚ 58.00 ਫੀਸਦੀ, ਵਿਧਾਨ ਸਭਾ ਹਲਕਾ ਫਤਹਿਗੜ ਸਾਹਿਬ 'ਚ 54.00 ਫੀਸਦੀ, ਹਲਕਾ ਅਮਲੋਹ 'ਚ 52.00 ਫੀਸਦੀ, ਹਲਕਾ ਖੰਨਾ 'ਚ 56.00 ਫੀਸਦੀ, ਹਲਕਾ ਸਮਰਾਲਾ 'ਚ 56.00 ਫੀਸਦੀ, ਹਲਕਾ ਪਾਇਲ 'ਚ 60.00 ਫੀਸਦੀ, ਹਲਕਾ ਸਾਹਨੇਵਾਲ 'ਚ 46.65 ਫੀਸਦੀ, ਹਲਕਾ ਰਾਏਕੋਟ 'ਚ 46.40 ਫੀਸਦੀ ਅਤੇ ਹਲਕਾ ਅਮਰਗੜ 'ਚ ਫੀਸਦੀ ਪੋਲਿੰਗ ਹੋ ਚੁੱਕੀ ਸੀ।

ਐਤਵਾਰ ਸਵੇਰੇ ਸੱਤ ਵਜੇ ਵੋਟਿੰਗ ਸ਼ੁਰੂ ਹੋ ਗਈ ਸੀ, ਜੋ ਹੋਲੀ-ਹੋਲੀ ਰਫ਼ਤਾਰ ਫੜਨ ਲੱਗੀ ਸੀ। ਪ੍ਰੰਤੂ 10 ਵਜੇ ਸੂਰਜ ਨੇ ਆਪਣੀ ਗਰਮੀ ਦਿਖਾਉਣੀ ਸ਼ੁਰੂ ਕਰ ਦਿੱਤੀ ਅਤੇ ਤੇਜ਼ ਧੁੱਪ ਦੇ ਨਾਲ ਗਰਮੀ ਵੱਧਣ ਲੱਗ ਪਈ। ਵੱਧਦੀ ਗਰਮੀ ਦੇ ਕਾਰਨ ਵੋਟਰਾਂ ਨੇ ਵੋਟ ਪੋਲ ਕਰਨ ਲਈ ਘਰਾਂ ਤੋਂ ਨਿਕਲਣਾ ਮੁਨਾਸਬ ਨਹੀਂ ਸਮਝਿਆ ਅਤੇ ਬਆਦ ਦੁਪਹਿਰ ਪੋਲਿੰਗ ਬੂਥਾਂ ਤੇ ਵੋਟਰਾਂ ਦੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ। ਨਜ਼ਦੀਕੀ ਪਿੰਡ ਕਲਾਲਮਾਜਰਾ 'ਚ ਕਾਂਗਰਸ ਅਤੇ ਪੀਡੀਏ ਉਮੀਦਵਾਰ ਦੇ ਸਮਰਥਕਾਂ ਦਰਮਿਆਨ ਹੋਈ ਝੜਪ 'ਚ ਦੋ-ਤਿੰਨ ਵਿਅਕਤੀਆਂ ਦੇ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।