ਤੇ ਆਖਿਰ ਪ੍ਰਤਾਪ ਬਾਜਵਾ ਨੂੰ ਜਾਖੜ ਦੀ ਹਮਾਇਤ ਕਰਨੀ ਹੀ ਪੈ ਗਈ!!!

Last Updated: May 19 2019 15:11
Reading time: 2 mins, 45 secs

ਲੋਕਸਭਾ ਚੋਣਾਂ ਦੇ ਚਲਦਿਆਂ ਅੱਜ ਪੈ ਰਹੀਆਂ ਅੰਤਿਮ ਚਰਨ ਦੀਆਂ ਵੋਟਾਂ ਦੇ ਤਹਿਤ ਜ਼ਿਲ੍ਹਾ ਗੁਰਦਾਸਪੁਰ ਵਿੱਚ ਪ੍ਰਤਾਪ ਸਿੰਘ ਬਾਜਵਾ ਨੇ ਵੀ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ। ਕਾਦੀਆਂ ਕਸਬੇ ਵਿਖੇ ਪ੍ਰਤਾਪ ਸਿੰਘ ਬਾਜਵਾ ਨੇ ਆਪਣੀ ਪਤਨੀ ਸਾਬਕਾ ਵਿਧਾਇਕ ਚਰਨਜੀਤ ਕੌਰ ਬਾਜਵਾ ਨਾਲ ਪੋਲਿੰਗ ਬੂਥ ਤੇ ਜੇ ਵੋਟ ਪਾਈ। ਦੱਸਣਾ ਬਣਦਾ ਹੈ ਪ੍ਰਤਾਪ ਸਿੰਘ ਬਾਜਵਾ ਜੋ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਵੀ ਹਨ ਤੇ ਮੌਜੂਦਾ ਰਾਜ ਸਭਾ ਮੈਂਬਰ ਹਨ ਵੱਲੋਂ ਲੋਕਸਭਾ ਹਲਕਾ ਗੁਰਦਾਸਪੁਰ ਤੋਂ ਟਿਕਟ ਲਈ ਅਪਲਾਈ ਕੀਤਾ ਗਿਆ ਸੀ ਤੇ ਉਸ ਵੇਲੇ ਪ੍ਰਤਾਪ ਬਾਜਵਾ ਬਹੁਤ ਜ਼ਿਆਦਾ ਆਤਮ ਵਿਸ਼ਵਾਸ ਵਿੱਚ ਵੀ ਸਨ ਤੇ ਸੁਣਨ ਨੂੰ ਮਿਲਦਾ ਰਿਹਾ ਹੈ ਕਿ ਉਹ ਟਿਕਟ ਹਾਸਲ ਕਰਨ ਵਿੱਚ ਕਾਮਯਾਬ ਹੋ ਹੀ ਜਾਣਗੇ। ਇਹ ਵੀ ਸੁਣਨ ਵਿੱਚ ਮਿਲਦਾ ਰਿਹਾ ਹੈ ਕਿ ਬਾਜਵਾ ਦੀ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨਾਲ ਕਾਫੀ ਜ਼ਿਆਦਾ ਨਜ਼ਦੀਕੀਆਂ ਸਨ ਜਿਸ ਕਰਕੇ ਹੀ ਸ਼ਾਇਦ ਬਾਜਵਾ ਵੀ ਟਿਕਟ ਹਾਸਲ ਕਰ ਲੈਣ ਦੇ ਦਮਗਜ਼ੇ ਮਾਰਦੇ ਰਹੇ ਸਨ ਪਰ ਆਖਿਰ ਕੈਪਟਨ ਅਮਰਿੰਦਰ ਸਿੰਘ ਦੀ ਪਸੰਦ ਸੁਨੀਲ ਜਾਖੜ ਟਿਕਟ ਹਾਸਲ ਕਰਨ ਵਿੱਚ ਕਾਮਯਾਬ ਹੋ ਗਏ ਸਨ ਤੇ ਇਹ ਸਿਰਫ਼ ਇਸ ਕਰਕੇ ਹੋਇਆ ਦੱਸਿਆ ਗਿਆ ਸੀ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਤਾਪ ਸਿੰਘ ਬਾਜਵਾ ਵਿੱਚ ਪਿਛਲੇ ਲੰਬੇ ਸਮੇਂ ਤੋਂ 36 ਦਾ ਆਂਕੜਾ ਚਲਦਾ ਆ ਰਿਹਾ ਹੈ ਤੇ ਦੋਵਾਂ ਵਿੱਚ ਵਿੱਚਾਰਾਂ ਦੇ ਮਤਭੇਦ ਮੀਡੀਆ ਦੀਆਂ ਸੁਰਖੀਆਂ ਵੀ ਬਣਦੇ ਰਹੇ ਹਨ।

ਟਿਕਟ ਨਾ ਮਿਲਣ ਤੋਂ ਬਾਅਦ ਬਾਜਵਾ ਵੱਲੋਂ ਨਾਰਾਜ਼ਗੀ ਵੀ ਦਰਸ਼ਾਈ ਗਈ ਸੀ ਭਾਵੇਂ ਕਿ ਉਨ੍ਹਾਂ ਨੇ ਕਦੇ ਵੀ ਪਾਰਟੀ ਦੇ ਫੈਸਲੇ ਦਾ ਖੁੱਲ ਕੇ ਵਿਰੋਧ ਨਹੀਂ ਸੀ ਕੀਤਾ ਪਰ ਇਹ ਸੁਣਨ ਵਿੱਚ ਮਿਲਦਾ ਰਿਹਾ ਹੈ ਕਿ ਅੰਦਰਖਾਤੇ ਬਾਜਵਾ ਕਾਫੀ ਨਾਰਾਜ਼ ਸਨ। ਇਹ ਵੀ ਸੁਣਨ ਨੂੰ ਮਿਲਦਾ ਰਿਹਾ ਹੈ ਕਿ ਜਦੋਂ ਭਾਜਪਾ ਵੱਲੋਂ ਸੰਨੀ ਦਿਓਲ ਨੂੰ ਚੋਣ ਮੈਦਾਨ ਵਿੱਚ ਜਾਖੜ ਦੇ ਮੁਕਾਬਲੇ ਲਿਆਂਦਾ ਗਿਆ ਸੀ ਤਾਂ ਕੁਝ ਹੱਦ ਤੱਕ ਬਾਜਵਾ ਖੁ਼ਸ਼ ਵੀ ਹੋਏ ਸਨ ਕਿਉਂਕਿ ਇਹ ਚਰਚਾਵਾਂ ਚੱਲਣ ਲੱਗ ਪਈਆਂ ਸਨ ਕਿ ਸੰਨੀ ਦਿਓਲ ਜਾਖੜ ਨੂੰ ਜ਼ਬਰਦਸਤ ਟੱਕਰ ਦੇਣ ਜਾ ਰਹੇ ਹਨ। ਇਸ ਤੋਂ ਬਾਅਦ ਭਾਵੇਂ ਕਿ ਇਹ ਸੀਟ ਪੰਜਾਬ ਕਾਂਗਰਸ ਅਤੇ ਮੁੱਖ ਮੰਤਰੀ ਖੇਮੇ ਲਈ ਵੱਕਾਰ ਦਾ ਸਵਾਲ ਬਣੀ ਹੋਈ ਹੈ ਜਿਸ ਤਹਿਤ ਕੈਪਟਨ ਅਮਰਿੰਦਰ ਸਿੰਘ ਵੱਲੋਂ ਦੋ ਰੈਲੀਆਂ ਅਤੇ ਇੱਕ ਵਾਰ ਰੋਡ ਸ਼ੋਅ ਵੀ ਜਾਖੜ ਦੇ ਹੱਕ ਵਿੱਚ ਕੀਤਾ ਗਿਆ ਸੀ। ਇੱਥੇ ਹੀ ਬੱਸ ਨਹੀਂ ਕਾਂਗਰਸ ਦੀ ਜਨਰਲ ਸਕੱਤਰ ਅਤੇ ਸਟਾਰ ਪ੍ਰਚਾਰਕ ਪ੍ਰਿਯੰਕਾ ਗਾਂਧੀ ਅਤੇ ਨਵਜੋਤ ਸਿੰਘ ਸਿੱਧੂ ਵੱਲੋਂ ਜਾਖੜ ਦੇ ਹੱਕ ਵਿੱਚ ਗੁਰਦਾਸਪੁਰ ਵਿਖੇ ਆ ਕੇ ਹੁੰਕਾਰ ਭਰੀ ਗਈ ਸੀ ਤਾਂ ਜੋ ਪ੍ਰਦੇਸ਼ ਦੇ ਪ੍ਰਧਾਨ ਦੀ ਜਿੱਤ ਸੁਨਿਸ਼ਚਿਤ ਹੋ ਸਕੇ ਤੇ ਕਾਂਗਰਸ ਦੀ ਵੀ ਇੱਜ਼ਤ ਬਹਾਲ ਰਹਿ ਸਕੇ।

ਪਰ ਫੇਰ ਵੀ ਸੰਨੀ ਦਿਓਲ ਵੱਲੋਂ ਜਾਖੜ ਨੂੰ ਪਹਾੜ ਜਿੱਦੀ ਚੁਣੌਤੀ ਮਿਲ ਰਹੀ ਸੀ ਜਿਸ ਤੋਂ ਬਾਅਦ ਕੈਪਟਨ ਖੇਮੇ ਦੇ ਮੰਤਰੀਆਂ ਅਤੇ ਹੋਰ ਆਗੂਆਂ ਵੱਲੋਂ ਦਿਨ ਰਾਤ ਜਾਖੜ ਦੇ ਹੱਕ ਵਿੱਚ ਮਿਹਨਤ ਕੀਤੀ ਜਾ ਰਹੀ ਸੀ। ਇੱਥੇ ਇਹ ਜ਼ਿਕਰਯੋਗ ਹੈ ਕਿ ਭਾਵੇਂ ਕਿ ਕਾਂਗਰਸ ਹਾਈਕਮਾਨ ਵੱਲੋਂ ਪ੍ਰਤਾਪ ਸਿੰਘ ਬਾਜਵਾ ਨੂੰ ਵੀ ਸਟਾਰ ਪ੍ਰਚਾਰਕ ਨਿਯੁਕਤ ਕੀਤਾ ਗਿਆ ਸੀ ਪਰ ਕੈਪਟਨ ਅਮਰਿੰਦਰ ਸਿੰਘ ਨੇ ਬਾਜਵਾ ਨੂੰ ਇੱਕ ਵੀ ਰੈਲੀ ਵਿੱਚ ਬੋਲਣ ਦਾ ਮੌਕਾ ਵੀ ਨਹੀਂ ਦਿੱਤਾ ਤੇ ਸੱਦਾ ਵੀ, ਜਿਸ ਕਰਕੇ ਬਾਜਵਾ ਵੀ ਕਾਂਗਰਸ ਦੇ ਉਮੀਦਵਾਰਾਂ ਦੇ ਚੋਣ ਪ੍ਰਚਾਰ ਤੋਂ ਦੂਰ ਹੀ ਦਿਖਾਈ ਦਿੱਤੇ ਸਨ। ਇੱਥੋਂ ਤੱਕ ਕਿ ਆਪਣੇ ਜ਼ਿਲ੍ਹੇ ਦੇ ਉਮੀਦਵਾਰ ਜਾਖੜ ਦੀ ਹਮਾਇਤ ਕਰਨ ਵੀ ਨਹੀਂ ਸਨ ਆਏ ਤੇ ਨਾ ਹੀ ਕਿਸੇ ਨੇ ਆਪਣੇ ਵਰਕਰ ਜਾਂ ਲੋਕਾਂ ਨਾਲ ਮੀਟਿੰਗ ਜਾਖੜ ਦੇ ਹੱਕ ਵਿੱਚ ਕੀਤੀ ਸੀ। ਪਰ ਅੱਜ ਮਤਦਾਨ ਦੇ ਦਿਨ ਪ੍ਰਤਾਪ ਸਿੰਘ ਬਾਜਵਾ ਆਪਣੀ ਪਤਨੀ ਸਾਬਕਾ ਵਿਧਾਇਕ ਚਰਨਜੀਤ ਕੌਰ ਬਾਜਵਾ ਨਾਲ ਜਾਖੜ ਨੂੰ ਹਮਾਇਤ ਕਰਦੇ ਦਿਖਾਈ ਦਿੱਤੇ। ਬਾਜਵਾ ਨੇ ਆਪਣੀ ਵੋਟ ਦਾ ਇਸਤੇਮਾਲ ਕਰਕੇ ਜਾਖੜ ਦੀ ਹਮਾਇਤ ਕੀਤੀ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।