ਬਿਜਲੀ ਮੰਤਰੀ ਦੇ ਪਿੰਡ 'ਚ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਤੇ ਹਮਲਾ

Last Updated: May 19 2019 13:36
Reading time: 0 mins, 46 secs

ਪੰਜਾਬ ਦੀਆਂ 13 ਸੀਟਾਂ ਤੇ ਚੋਣ ਸ਼ੁਰੂ ਹੋ ਚੁੱਕੀ ਹੈ। ਸਿਆਸੀ ਪਾਰਟੀਆਂ ਦੇ ਲੋਕ ਆਪਣੀ ਜਿੱਤ ਨੂੰ ਪੱਕਾ ਕਾਰਨ ਲਈ ਹਰ ਤਰ੍ਹਾਂ ਦੇ ਹੱਥਕੰਡੇ ਅਪਣਾਉਣ ਦੀ ਕੋਸ਼ਿਸ਼ ਵਿੱਚ ਹਨ। ਲੋਕ ਸਭਾ ਹਲਕਾ ਫ਼ਰੀਦਕੋਟ ਦੇ ਬਠਿੰਡੇ ਜ਼ਿਲ੍ਹੇ ਅਧੀਨ ਆਉਂਦੇ ਵਿਧਾਨ ਸਭਾ ਹਲਕਾ ਰਾਮਪੁਰਾ ਵਿੱਚ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਤੇ ਹਮਲਾ ਹੋਣ ਦੀ ਜਾਣਕਾਰੀ ਪ੍ਰਾਪਤ ਹੋ ਰਹੀ ਹੈ।

ਜਾਣਕਾਰੀ ਅਨੁਸਾਰ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਪਿੰਡ ਕਾਂਗੜ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਇਲਜ਼ਾਮ ਲਾਇਆ ਹੈ ਕਿ ਕਾਂਗਰਸ ਦੇ ਵਰਕਰਾਂ ਨੇ ਅਕਾਲੀ ਦਲ ਦੇ ਵਰਕਰਾਂ ਤੇ ਹਮਲਾ ਕਰਕੇ ਬੂਥਾਂ ਤੇ ਕਬਜ਼ਾ ਕਰ ਲਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਹੈ ਕਿ ਇਸ ਝੜਪ ਦੌਰਾਨ ਕਾਂਗਰਸ ਦੇ ਗੁੰਡਿਆਂ ਨੇ ਉਨ੍ਹਾਂ ਤੇ ਵੀ ਹਮਲਾ ਕੀਤਾ ਹੈ ਅਤੇ ਉਨ੍ਹਾਂ ਦੀ ਗੱਡੀ ਦੇ ਸ਼ੀਸ਼ੇ ਵੀ ਤੋੜੇ ਗਏ ਹਨ। ਇਸ ਝੜਪ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਜ਼ਖ਼ਮੀ ਹੋਏ ਹਨ ਜਿਨ੍ਹਾਂ ਨੂੰ ਨੇੜੇ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਦੱਸਿਆ ਜਾਂਦਾ ਹੈ।