ਵੋਟ ਪਾ ਕੇ ਵਾਪਸ ਆ ਰਹੇ ਕਾਂਗਰਸੀ 'ਤੇ ਅਕਾਲੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ !!!

Last Updated: May 19 2019 13:16
Reading time: 1 min, 15 secs

ਸਰਹੱਦੀ ਜ਼ਿਲ੍ਹੇ ਫ਼ਿਰੋਜ਼ਪੁਰ ਦੇ ਪਿੰਡ ਰਾਮੇ ਵਾਲਾ ਵਿਖੇ ਉਸ ਵੇਲੇ ਹਫ਼ੜਾ-ਦਫ਼ੜੀ ਮੱਚ ਗਈ, ਜਦੋਂ ਕੁਝ ਅਕਾਲੀਆਂ ਦੇ ਵੱਲੋਂ ਇੱਕ ਕਾਂਗਰਸੀ ਵਰਕਰ 'ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਅੰਗਰੇਜ਼ ਸਿੰਘ ਨੰਬਰਦਾਰ ਜੋ ਕਿ ਸੀਨੀਅਰ ਕਾਂਗਰਸੀ ਵਰਕਰ ਹੈ, ਉਹ ਆਪਣੀ ਵੋਟ ਪਾਉਣ ਤੋਂ ਬਾਅਦ ਘਰ ਵੱਲ ਨੂੰ ਵਾਪਸ ਆ ਰਿਹਾ ਸੀ ਤਾਂ ਇਸੇ ਦੌਰਾਨ ਹੀ ਕੁਝ ਅਕਾਲੀਆਂ ਦੇ ਵੱਲੋਂ ਅੰਗਰੇਜ਼ ਸਿੰਘ ਨੂੰ ਘੇਰ ਲਿਆ ਗਿਆ ਅਤੇ ਉਸ 'ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰਦਿਆਂ ਹੋਇਆਂ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ। 

ਜਾਣਕਾਰੀ ਦਿੰਦੇ ਹੋਏ ਅੰਗਰੇਜ਼ ਸਿੰਘ ਨੇ ਦੱਸਿਆ ਕਿ ਉਹ ਅੱਜ ਸਵੇਰੇ ਵੋਟ ਪਾਉਣ ਤੋਂ ਬਾਅਦ ਜਦੋਂ ਘਰ ਵਾਪਸ ਆ ਰਿਹਾ ਸੀ ਤਾਂ ਰਸਤੇ ਵਿੱਚ ਕੁਝ ਅਕਾਲੀ ਲੀਡਰ ਉਸ ਨੂੰ ਮਿਲੇ, ਜਿਨ੍ਹਾਂ ਨਾਲ ਕਿਸੇ ਗੱਲ ਤੋਂ ਬਹਿਸ ਹੋ ਗਈ ਅਤੇ ਇਸੇ ਦੌਰਾਨ ਹੀ ਉਕਤ ਅਕਾਲੀ ਲੀਡਰਾਂ ਅਤੇ ਵਰਕਰਾਂ ਨੇ ਉਸ 'ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰਦਿਆਂ ਹੋਇਆਂ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ। ਅੰਗਰੇਜ਼ ਸਿੰਘ ਮੁਤਾਬਿਕ ਜ਼ਖਮੀ ਦੀ ਹਾਲਤ ਵਿੱਚ ਉਸ ਨੂੰ ਇਲਾਕੇ ਦੇ ਲੋਕਾਂ ਵੱਲੋਂ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਦਾਖਲ ਕਰਵਾਇਆ ਗਿਆ। 

ਜਿੱਥੇ ਡਾਕਟਰਾਂ ਦੇ ਵੱਲੋਂ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਦਿਆਂ ਸਾਰ ਹੀ ਸਬੰਧਿਤ ਥਾਣੇ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਬਣਦੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। ਪੁਲਿਸ ਅਧਿਕਾਰੀਆਂ ਮੁਤਾਬਿਕ ਜ਼ਖਮੀ ਅੰਗਰੇਜ਼ ਸਿੰਘ ਦੇ ਬਿਆਨਾਂ ਨੂੰ ਕਲਮਬੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੋ ਵੀ ਇਸ ਕੇਸ ਦੇ ਵਿੱਚ ਦੋਸ਼ੀ ਪਾਇਆ ਗਿਆ, ਉਸ ਦੇ ਵਿਰੁੱਧ ਮਾਮਲਾ ਦਰਜ ਕਰਦਿਆਂ ਹੋਇਆਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਕਾਂਗਰਸੀ ਲੀਡਰਾਂ ਨੇ ਅੰਗਰੇਜ਼ ਸਿੰਘ 'ਤੇ ਹੋਏ ਹਮਲੇ ਦੀ ਨਿੰਦਾ ਕੀਤੀ।