ਆਖ਼ਰ ਕਿਸੇ ਨੂੰ ਮਿਲੇਗਾ "ਪਿਤਾ ਜੀ" ਦਾ ਅਸ਼ੀਰਵਾਦ ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: May 19 2019 13:02
Reading time: 1 min, 48 secs

ਚੋਣ ਪ੍ਰਚਾਰ ਵਿੱਚ ਚਿੱਕੜੋਂ ਚਿੱਕੜੀ ਹੋਏ ਲੀਡਰਾਂ ਨੇ, ਅੱਜ ਸਵੇਰੇ ਸਜ ਸੰਵਰ ਕੇ ਆਪੋ ਆਪਣੇ ਹਲਕਿਆਂ ਦੇ ਪੋਲਿੰਗ ਬੂਥਾਂ ਤੇ ਗੇੜੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਭਾਵੇਂਕਿ ਸੰਵੇਦਨਸ਼ੀਲ ਤੇ ਅਤਿ ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਤੇ ਪੁਲਿਸ ਤੇ ਪ੍ਰਸ਼ਾਸਨ ਨੇ ਵੀ ਪੂਰੇ ਪ੍ਰਬੰਧ ਕੀਤੇ ਹੋਏ ਹਨ ਪਰ, ਬਾਵਜੂਦ ਇਸਦੇ ਉਮੀਦਵਾਰਾਂ ਦੇ ਲਾਲ-ਲਾਲ ਅੱਖਾਂ ਵਾਲੇ ਚੇਲੇ ਚਾਪਟੇ ਸਾਰੀ ਸਥਿਤੀ ਤੇ ਨਜ਼ਰਾਂ ਗੱਡੀ ਬੈਠੇ ਨਜ਼ਰ ਆ ਰਹੇ ਹਨ। 

ਗੱਲ ਕਰੀਏ ਜੇਕਰ, ਉਮੀਦਵਾਰਾਂ ਦੀ ਤਾਂ ਉਹ ਅੱਜ ਲੋਕਾਂ ਨੂੰ ਇੰਝ ਹੱਕ ਜੋੜ-ਜੋੜ ਕੇ ਮਿਲ ਰਹੇ ਹਨ, ਜਿਵੇਂ ਕੁੜੀ ਵਾਲੇ ਬਰਾਤੀਆਂ ਦਾ ਸਵਾਗਤ ਕਰਦੇ ਹਨ। ਮਨਾਹੀ ਦੇ ਹੁਕਮਾਂ ਦੇ ਬਾਵਜੂਦ ਵੀ ਕਈ ਥਾਵਾਂ ਤੇ ਉਮੀਦਵਾਰਾਂ ਦੇ ਸਮਰਥਕ ਨਿਜੀ ਜਾਂ ਭਾੜੇ ਦੀਆਂ ਕੀਤੀਆਂ ਗੱਡੀਆਂ ਤੇ ਚੋਰੀ ਛਿਪੇ ਵੋਟਰਾਂ ਦੀ ਢੋਆ-ਢੁਆਈ ਕਰਦੇ ਨਜ਼ਰ ਆਏ।

ਦੋਸਤੋ, ਚਲੋ ਛੱਡੋ, ਇਹ ਤਾਂ ਪੋਲਿੰਗ ਬੂਥਾਂ ਦੇ ਉਹ ਦ੍ਰਿਸ਼ ਹਨ, ਜਿਹੜੇ ਕਿ ਨੰਗੀ ਅੱਖ ਨਾਲ ਨਜ਼ਰ ਆ ਰਹੇ ਹਨ। ਹੁਣ ਆਪਾਂ ਗੱਲ ਕਰਦੇ ਹਾਂ ਸੋਨਾਰੀਆ ਜੇਲ੍ਹ ਵਿੱਚ ਆਪਣੇ ਕੀਤੇ ਮਾੜੇ ਚੰਗੇ ਕਰਮਾਂ ਦੀ ਸਜਾ ਭੁਗਤ ਰਹੇ, ਪਿਤਾ ਜੀ ਯਾਨੀ ਕਿ, ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੀ। 

ਦੋਸਤੋ, ਬਿਨਾਂ ਸ਼ੱਕ ਪਿਛਲੇ ਸਮੇਂ ਦੇ ਦੌਰਾਨ ਸੂਬੇ ਦੀਆਂ ਸਿਆਸੀ ਪਾਰਟੀਆਂ ਨੂੰ ਪਿਤਾ ਜੀ ਅਤੇ ਉਨ੍ਹਾਂ ਦੇ ਪ੍ਰੇਮੀਆਂ ਦਾ ਪੂਰਾ ਅਸ਼ੀਰਵਾਦ ਰਿਹਾ ਹੈ। ਲੱਗਦੇ ਇਲਜ਼ਾਮਾਂ ਅਨੁਸਾਰ, ਪਿਛਲੇ ਸਮੇਂ ਦੇ ਦੌਰਾਨ ਪਿਤਾ ਜੀ ਦਾ ਖ਼ਾਸ ਕਰਕੇ, ਅਕਾਲੀਆਂ ਦੇ ਸਿਰ ਤੇ ਮਿਹਰ ਦਾ ਬੜਾ ਵੱਡਾ ਹੱਥ ਰਿਹਾ ਹੈ। ਇਲਜ਼ਾਮ ਤਾਂ ਇਹ ਵੀ ਹਨ ਕਿ, ਅਕਾਲੀਆਂ ਨੇ ਆਪਣੇ ਬਾਜਾਂ ਵਾਲੇ ਪਿਤਾ ਜੀ ਤੋਂ ਬੇਮੁਖ ਹੋਕੇ ਸਿਰਸੇ ਵਾਲੇ ਨੂੰ ਆਪਣਾ ਪਿਤਾ ਮੰਨ ਕੇ ਉਸਦੇ ਪ੍ਰੇਮੀਆਂ ਦੀਆਂ ਵੋਟਾਂ ਹਾਸਲ ਕੀਤੀਆਂ ਸਨ। 

ਦੋਸਤੋ, ਅੱਜ ਪੂਰੇ 5 ਸਾਲਾਂ ਦੇ ਬਾਅਦ, ਸੂਬੇ ਵਿੱਚ ਮੁੜ ਵੋਟਾਂ ਪੈ ਰਹੀਆਂ ਹਨ ਪਰ, ਇਸ ਵਾਰ ਪਿਤਾ ਜੀ ਦੇ ਪ੍ਰੇਮੀ ਖ਼ਾਮੋਸ਼ ਹਨ, ਜਾਂ ਇੰਝ ਕਹੋ ਕਿ, ਉਹ ਖੁੱਲ ਕੇ ਸਾਹਮਣੇ ਨਹੀਂ ਆ ਰਹੇ। ਉਹ ਗੱਲ ਵੱਖਰੀ ਹੈ ਕਿ, ਪ੍ਰੇਮੀਆਂ ਨੇ ਪਿਛਲੇ ਮਹੀਨੇ ਬਕਾਇਦਾ ਤੌਰ ਤੇ ਸਿਰਸਾ ਵਿੱਚ ਨਾਮ ਚਰਚਾ ਕਰਕੇ ਅਸਿੱਧੇ ਤੌਰ ਤੇ ਆਪਣਾ ਸ਼ਕਤੀ ਪ੍ਰਦਰਸ਼ਨ ਵੀ ਕੀਤਾ ਸੀ।

ਬਾਵਜੂਦ ਇਸਦੇ ਲੀਡਰ ਤੇ ਪ੍ਰੇਮੀ ਦੋਵੇਂ ਖ਼ਾਮੋਸ਼ ਹਨ, ਇਹ ਗੱਲ ਫ਼ਿਲਹਾਲ ਇੱਕ ਭੇਦ ਹੀ ਬਣੀ ਹੋਈ ਹੈ ਕਿ, ਆਖ਼ਰ ਕਿਸ ਨੂੰ ਮਿਲੇਗਾ "ਪਿਤਾ ਜੀ" ਦਾ ਅਸ਼ੀਰਵਾਦ? ਸਿਆਸੀ ਚੂੰਢੀਮਾਰਾਂ ਦਾ ਕਹਿਣੈ ਕਿ, ਜਿਸ ਪਾਰਟੀਆਂ ਨੂੰ ਵੱਧ ਸੀਟਾਂ ਮਿਲ ਗਈਆਂ ਸਮਝ ਲਿਓ, ਉਸਤੇ ਬਾਬੇ ਦੀ ਫ਼ੁੱਲ ਕਿਰਪਾ ਹੈ, ਸੋਨਾਰੀਆ ਜੇਲ੍ਹ ਵਾਲੇ ਬਾਬੇ ਦੀ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।