ਸੂਬੇ 'ਚ ਨੋਟਾ ਦੀ ਵਰਤੋਂ 'ਚ ਹੋ ਸਕਦੈ ਇਜਾਫ਼ਾ ਇਸ ਵਾਰ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: May 19 2019 12:34
Reading time: 2 mins, 15 secs

ਪਿਛਲੀਆਂ ਚੋਣਾਂ ਦੇ ਮੁਕਾਬਲੇ ਅੱਜ ਹੋ ਰਹੀਆਂ ਆਮ ਚੋਣਾਂ ਦਾ ਮਹੌਲ ਬਿਲਕੁਲ ਵੱਖਰਾ ਨਜ਼ਰ ਆ ਰਿਹਾ ਹੈ। ਭਾਵੇਂਕਿ ਸੂਬੇ ਦੀਆਂ ਸਾਰੀਆਂ ਹੀ ਸਿਆਸੀ ਪਾਰਟੀਆਂ ਨੇ ਆਪੋ ਆਪਣੇ ਚੋਣ ਪ੍ਰਚਾਰ ਦੇ ਦੌਰਾਨ ਸੂਬੇ ਦੇ ਲੋਕਾਂ ਵੋਟਰਾਂ ਨੂੰ ਲੁਭਾਉਣ ਲਈ ਉਨ੍ਹਾਂ ਨਾਲ ਤਰ੍ਹਾਂ ਤਰ੍ਹਾਂ ਦੇ ਵਾਅਦੇ ਕੀਤੇ ਹਨ ਪਰ, ਸਿਆਸੀ ਲੀਡਰ ਵੀ ਇਸ ਸੱਚਾਈ ਤੋਂ ਭਲੀ ਭਾਂਤੀ ਜਾਣੂੰ ਹਨ ਕਿ ਇਸ ਵਾਰ ਵੋਟਰ ਉਨ੍ਹਾਂ ਦੇ ਝਾਂਸੇ ਵਿੱਚ ਨਹੀਂ ਆਉਣੇ।

ਸੂਬੇ ਦੀਆਂ ਦੋ ਦੋਹਾਂ ਵੱਡੀਆਂ ਸਿਆਸੀ ਪਾਰਟੀਆਂ ਦੀ ਇੱਜ਼ਤ ਪੂਰੀ ਨਾਲ ਦਾਅ ਤੇ ਲੱਗੀ ਹੋਈ ਹੈ। ਗੱਲ ਕਰੀਏ ਜੇਕਰ ਵੋਟਰਾਂ ਦੀ ਮਾਨਸਿਕਤਾ ਦੀ ਤਾਂ ਉਹ ਇਸ ਵੇਲੇ ਖ਼ੁਦ ਨੂੰ ਪੂਰੀ ਤਰ੍ਹਾਂ ਨਾਲ ਠਗਿਆ ਠਗਿਆ ਮਹਿਸੂਸ ਕਰ ਰਹੇ ਹਨ ਤੇ ਸ਼ਾਇਦ ਇਹੀ ਕਾਰਨ ਹੈ ਕਿ ਉਹ ਇਸੇ ਸ਼ਸ਼ੋਪੰਜ ਵਿੱਚ ਹਨ ਕਿ ਆਖ਼ਰ ਉਹ ਵੋਟ ਪਾਉਣ ਤੇ ਪਾਉਣ ਕਿਸ ਨੂੰ।

ਜੇਕਰ ਗੱਲ ਕਰੀਏ ਸ਼ਸ਼ੋਪੰਜ ਵਿੱਚ ਫ਼ਸੇ ਵੋਟਰਾਂ ਦੀ ਜਾਂ ਇੰਝ ਆਖ਼ ਲਓ ਕਿ ਉਨ੍ਹਾਂ ਵੋਟਰਾਂ ਦੀ ਜਿਹੜੇ ਕਿਸੇ ਨੂੰ ਵੋਟ ਹੀ ਨਹੀਂ ਕਰਨਾ ਚਾਹੁੰਦੇ ਪਰ, ਉਹ ਆਪਣਾ ਰੋਸ ਵੀ ਦਰਜ ਕਰਵਾਉਣਾ ਚਾਹੁੰਦੇ ਹਨ ਤਾਂ ਚੋਣ ਕਮਿਸ਼ਨ ਨੇ ਉਨ੍ਹਾਂ ਵੋਟਰਾਂ ਨੂੰ ਵੀ ਇੱਕ ਵਿਸ਼ੇਸ਼ ਸਹੂਲਤ ਦਿੱਤੀ ਹੈ।

ਨੋਟਾ ਯਾਨੀ ਕਿ ਨਨ ਆਫ਼ ਦਾ ਅਬਵ ਉਹ ਸਹੂਲਤ ਹੈ, ਜਿਸਦਾ ਇਸਤੇਮਾਲ ਕਰਕੇ ਕੋਈ ਵੀ ਵੋਟਰ ਸਰਕਾਰ ਨੂੰ ਆਪਣੀ ਨਰਾਜ਼ਗੀ ਦਾ ਤਾਂ ਇਜ਼ਹਾਰ ਕਰ ਸਕਦਾ ਹੈ ਬਲਕਿ ਅਣਚਾਹੇ ਲੀਡਰਾਂ ਨੂੰ ਸਰਕਾਰ ਦਾ ਹਿੱਸਾ ਬਣਨ ਤੋਂ ਵੀ ਰੋਕ ਸਕਦਾ ਹੈ। ਭਾਵੇਂਕਿ ਨੋਟਾ ਦਾ ਅਸਰ ਸਾਡੇ ਦੇਸ਼ ਵਿੱਚ ਪਹਿਲੀ ਵਾਰ 2014 ਦੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਹੀ ਨਜ਼ਰ ਆਇਆ ਸੀ, ਪਰ ਇਸ ਵਾਰ ਇਹ ਹੋਰ ਵੀ ਅਸਰਦਾਇਕ ਸਾਬਤ ਹੁੰਦਾ ਨਜ਼ਰ ਆ ਰਿਹਾ ਹੈ।

ਨਿਊਜ਼ਨੰਬਰ ਵੱਲੋਂ ਅੱਜ ਤੜਕਸਾਰ ਪਟਿਆਲਾ ਦੇ ਵੱਖ-ਵੱਖ ਪੋਲਿੰਗ ਬੂਥਾਂ ਦਾ ਸਰਵੇ ਕਰਕੇ ਨੋਟਾ ਪ੍ਰਤੀ ਵੋਟਰਾਂ ਦੀ ਮਾਨਸਿਕਤਾ ਪੜ੍ਹਨ ਦੀ ਕੋਸ਼ਿਸ਼ ਕੀਤੀ ਗਈ। ਵੱਖੋਂ ਵੱਖ ਉਮਰ ਦੇ ਲਗਭਗ 20-25 ਵੋਟਰਾਂ ਨਾਲ ਗੱਲਬਾਤ ਕਰਨ ਤੋਂ ਇਹੋ ਨਤੀਜਾ ਨਿਕਲ ਕੇ ਸਾਹਮਣੇ ਆਇਆ ਕਿ ਪਿਛਲੀਆਂ ਆਮ ਚੋਣਾਂ ਦੇ ਮੁਕਾਬਲੇ ਇਸ ਵਾਰ ਉਹ ਨੋਟਾ ਪ੍ਰਤੀ ਵੱਧ ਜਾਗਰੂਕ ਨਜ਼ਰ ਆਏ।

ਗੱਲਬਾਤ ਦੇ ਦੌਰਾਨ ਕਈ ਵੋਟਰਾਂ ਨੇ ਤਾਂ ਇੱਥੋਂ ਤੱਕ ਵੀ ਆਖ਼ ਦਿੱਤਾ ਕਿ ਅਸੀਂ ਪਿਛਲੇ ਕਈ ਦਹਾਕਿਆਂ ਤੋਂ ਦੋਵੇਂ ਹੀ ਸਿਆਸੀ ਪਾਰਟੀਆਂ ਦੇ ਹੱਥਾਂ ਵਿੱਚ ਖੇਡਦੇ ਆ ਰਹੇ ਹਨ, ਬਾਕੀ ਦੀਆਂ ਨਵੀਆਂ ਪਾਰਟੀਆਂ ਵਿੱਚ ਕੋਈ ਦਮ-ਖ਼ਮ ਨਜ਼ਰ ਨਹੀਂ ਆ ਰਿਹਾ। ਉਹ ਇਹਨਾਂ ਲੀਡਰਾਂ ਵਿੱਚੋਂ ਕਿਸੇ ਨੂੰ ਵੀ ਪਸੰਦ ਨਹੀਂ ਕਰਦੇ, ਇਸ ਕਰਕੇ ਉਹ ਨੋਟਾ ਦਾ ਇਸਤੇਮਾਲ ਕਰਨਗੇ।

ਦੋਸਤੋ, ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਸਾਲ 2014 ਦੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਸੂਬਾ ਪੰਜਾਬ ਵਿੱਚ 58 ਹਜ਼ਾਰ 754 ਵੋਟਰਾਂ ਇਸ ਅਧਿਕਾਰ ਦੀ ਵਰਤੋਂ ਕੀਤੀ ਗਈ। ਜਦਕਿ ਦੇਸ਼ ਭਰ ਵਿੱਚ ਨੋਟਾ ਦਾ ਇਸਤੇਮਾਲ ਕਰਨ ਵਾਲਿਆਂ ਦੀ ਗਿਣਤੀ 60 ਲੱਖ ਤੋਂ ਵੱਧ ਦਰਜ ਕੀਤੀ ਗਈ। ਬਿਨਾਂ ਸ਼ੱਕ ਸੂਬੇ ਦੀਆਂ ਦੋਨੋਂ ਵੱਡੀਆਂ ਪਾਰਟੀਆਂ ਦੇ ਲੀਡਰ ਇਸ ਵੇਲੇ ਵੱਡੇ ਵੱਡੇ ਧਾਰਮਿਕ ਅਤੇ ਲੋਕ ਹਿਤੀ ਮਾਮਲਿਆਂ ਵਿੱਚ ਫ਼ਸੀਆਂ ਹੋਣ ਕਾਰਨ ਜਨਤਾ ਦੇ ਨਿਸ਼ਾਨੇ ਤੇ ਹਨ। ਲਿਹਾਜਾ ਅੱਜ ਨੋਟਾ ਦੇ ਇਸਤੇਮਾਲ ਵਿੱਚ ਭਾਰੀ ਇਜਾਫ਼ਾ ਦਰਜ ਕੀਤਾ ਜਾ ਸਕਦਾ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।