'ਅਕਾਲੀ ਦਲ ਨੇ ਹਰਸਿਮਰਤ ਦੀ ਵਜ਼ੀਰੀ ਲਈ ਪੰਜਾਬੀਆਂ ਦੇ ਹਿੱਤ ਭਾਜਪਾ ਕੋਲ ਗਹਿਣੇ ਰੱਖੇ ਹੋਏ ਹਨ'

Last Updated: May 19 2019 11:16
Reading time: 1 min, 47 secs

ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਇਥੇ ਕਿਹਾ ਹੈ ਕਿ ਸਰਹੱਦੀ ਹਲਕੇ ਗੁਰਦਾਸਪੁਰ ਨੂੰ ਦੋ ਸ਼ਬਦ ਵੀ ਨਾ ਬੋਲ ਸਕਣ ਵਾਲੇ ਤੇ ਡੁੱਬ ਰਹੇ ਸਿਤਾਰੇ ਸੰਨੀ ਦਿਉਲ ਦੀ ਥਾਂ ਸੁਨੀਲ ਜਾਖੜ ਵਰਗਾ ਤਜ਼ਰਬੇਕਾਰ ਅਤੇ ਪ੍ਰਭਾਵਸ਼ਾਲੀ ਬੁਲਾਰਾ ਚਾਹੀਦਾ ਹੈ, ਜਿਹੜਾ ਲੋਕ ਸਭਾ ਵਿੱਚ ਧੜੱਲੇ ਨਾਲ ਹਲਕੇ ਦੇ ਲੋਕਾਂ ਦੀ ਗੱਲ ਕਰ ਸਕੇ। ਸ਼੍ਰੀ ਬਾਜਵਾ ਨੇ ਅੱਜ ਇਥੇ ਜਾਰੀ ਆਪਣੇ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਨੀਲ ਜਾਖੜ ਨੂੰ ਸੂਬੇ ਦੀ ਸਮਾਜਿਕ-ਆਰਥਿਕ ਸਭਿਆਚਾਰ ਦੀ ਪੂਰੀ ਸਮਝ ਹੈ ਅਤੇ ਉਨ੍ਹਾਂ ਨੇ ਲੋਕ ਸਭਾ ਵਿੱਚ ਆਪਣੀ ਕਾਬਲੀਅਤ ਸਿੱਧ ਕੀਤੀ ਹੋਈ ਹੈ, ਜਦੋਂ ਕਿ ਭਾਜਪਾ ਦੇ ਉਮੀਦਵਾਰ ਬਿਲਕੁਲ ਹੀ ਅਨਾੜੀ ਹੈ ਜਿਸ ਨੂੰ ਗੁਰਦਾਸਪੁਰ ਹਲਕੇ ਵਿੱਚ ਪੈਂਦੇ ਨੌ ਵਿਧਾਨ ਸਭਾ ਹਲਕਿਆਂ ਦੇ ਨਾਮ ਵੀ ਪਤਾ ਨਹੀਂ ਹਨ। ਉਨ੍ਹਾਂ ਕਿਹਾ ਕਿ ਸੰਨੀ ਦਿਉਲ ਦੀ ਕਿਸੇ ਪਿੰਡ ਵਿੱਚ ਵੜਣ ਦੀ ਜੁਰੱਅਤ ਨਹੀਂ ਪਈ ਅਤੇ ਸੜਕਾਂ ਉੱਤੇ ਹੀ ਗੇੜੇ ਕੱਢਦਾ ਰਿਹਾ ਹੈ।

ਪੰਚਾਇਤ ਮੰਤਰੀ ਨੇ ਵੋਟਰਾਂ ਨੂੰ ਕਿਹਾ ਕਿ ਦੋਹਾਂ ਪ੍ਰਮੁੱਖ ਪਾਰਟੀਆਂ ਦੇ ਉਮੀਦਵਾਰਾਂ ਦੀ ਤੁਲਨਾ ਕਰ ਕੇ ਹੀ ਵੋਟ ਪਾਉਣ ਕਿਉਂਕਿ ਲੋਕ ਸਭਾ ਦਾ ਮੈਂਬਰ ਤਕਰੀਬਨ 15 ਲੱਖ ਲੋਕਾਂ ਦਾ ਨੁਮਾਇੰਦਾ ਹੁੰਦਾ ਹੈ ਜਿਸ ਨੂੰ ਆਪਣੇ ਸੂਬੇ, ਹਲਕੇ ਅਤੇ ਉੱਥੋਂ ਦੇ ਲੋਕਾਂ ਦੇ ਸਰੋਕਾਰਾਂ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਚੋਣ ਵਿੱਚ ਮਾਮਲਾ ਗਿਣਤੀ ਵਧਾਉਣ ਲਈ ਕਿਸੇ ਵਿਅਕਤੀ ਨੂੰ ਜਿਤਾਉਣ ਦਾ ਨਹੀਂ ਬਲਕਿ ਆਪਣਾ ਪ੍ਰਭਾਵਸ਼ਾਲੀ ਨੁਮਾਇੰਦਾ ਚੁਣਨ ਦਾ ਹੈ। ਸ਼੍ਰੀ ਬਾਜਵਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਇਨ੍ਹਾਂ ਚੋਣਾਂ ਵਿੱਚ  ਆਪਣੇ ਨਿੱਜੀ ਵਫਾਦਾਰਾਂ ਨੂੰ ਜਿਤਾੁਣ ਲਈ ਮੁਹਿੰਮ ਚਲਾਈ ਹੋਈ ਹੈ ਜਿਸ ਨਾਲ ਪਾਰਲੀਮੈਂਟ ਮੈਂਬਰਾਂ ਦੇ ਵਕਾਰ ਨੂੰ ਬਹੁਤ ਵੱਡੀ ਢਾਹ ਲੱਗੀ ਹੈ। ਸ਼੍ਰੀ ਬਾਜਵਾ ਨੇ ਕਿਹਾ ਕਿ ਪੰਜਾਬ ਵਿੱਚ ਲੋਕ ਸਭਾ ਚੋਣਾਂ ਦਾ ਵੱਖਰਾ ਮਾਹੌਲ ਹੈ ਕਿਉਂਕਿ ਸੂਬੇ ਵਿੱਚ ਇਥੇ ਸਾਂਝੀਵਾਲਤਾ ਵਾਲਾ ਸਭਿਆਚਾਰ ਹੈ ਜਦੋਂ ਕਿ ਮੋਦੀ ਫੁੱਟਪਾਊ ਸਿਆਸਤ ਕਰਦਿਆਂ ਝੂਠੇ ਰਾਸ਼ਟਰਵਾਦ ਨੂੰ ਚੋਣ ਮੁੱਦਾ ਬਣਾਇਆ ਹੋਇਆ ਹੈ। ਪੰਚਾਇਤ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਦੀ ਹਾਲਤ ਐਨੀ ਪੇਤਲੀ ਹੋ ਗਈ ਹੈ ਕਿ ਉਨ੍ਹਾਂ ਨੇ ਪਹਿਲੀ ਵਾਰੀ ਚੋਣ ਵਿੱਚ ਆਪਣਾ ਕੋਈ ਏਜੰਡਾ ਨਹੀਂ ਪ੍ਰਗਟ ਕੀਤਾ ਅਤੇ ਮੋਦੀ ਦੇ ਨਾਂ ਉੱਤੇ ਵੋਟਾਂ ਮੰਗ ਰਿਹਾ ਹੈ ਜੋ ਸਿਆਸੀ ਦੀਵਾਲੀਏਪਣ ਦੀ ਨਿਸ਼ਾਨੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਬਾਦਲਾਂ ਨੇ ਸਿਰਫ਼ ਇੱਕ ਵਜ਼ੀਰੀ ਲਈ ਪੰਜਾਬ ਅਤੇ ਪੰਜਾਬੀਆਂ ਦੇ ਹਿੱਤ ਭਾਜਪਾ ਕੋਲ ਗਹਿਣੇ ਰੱਖੇ ਹੋਏ ਹਨ ਅਤੇ ਉਹ ਵੀ ਆਪਣੇ ਹੀ ਪਰਿਵਾਰ ਦੇ ਇੱਕ ਮੈਂਬਰ ਲਈ।