ਸਿੱਧੂ ਨੂੰ ਭੁਗਤਣਾ ਪੈ ਸਕਦੈ, ਚੋਣਾਂ ਨੂੰ ਫ਼ਰੈਂਡਲੀ ਮੈਚ ਆਖਣ ਦਾ ਖ਼ਮਿਆਜ਼ਾ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: May 18 2019 18:37
Reading time: 1 min, 49 secs

ਸਿਆਸੀ ਮਾਹਿਰਾਂ ਅਨੁਸਾਰ, ਧੂੰਆਂ ਧਾਰ ਸਿਆਸੀ ਚੌਕੇ ਛੱਕੇ ਮਾਰਨ ਕਰਕੇ, ਨਵਜੋਤ ਸਿੰਘ ਸਿੱਧੂ ਨੇ, ਨਾ ਕੇਵਲ ਪਿਛਲੇ ਲੰਬੇ ਸਮੇਂ ਤੋਂ ਅਕਾਲੀਆਂ ਤੇ ਭਾਜਪਾਈਆਂ ਦੇ ਨੱਕ 'ਚ ਦਮ ਲਿਆਂਦਾ ਹੋਇਆ ਹੈ ਬਲਕਿ, ਆਪਣੀਆਂ ਇਨ੍ਹਾਂ ਖ਼ੂਬੀਆਂ ਕਰਕੇ ਹੀ ਉਹ ਹੁਣ, ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਨਜ਼ਦੀਕੀਆਂ ਦੀਆਂ ਅੱਖਾਂ ਵਿੱਚ ਵੀ ਇੱਕ ਰੋੜ ਵਾਂਗ ਰੜਕਣ ਲੱਗ ਪਏ ਹਨ। 

ਦੋਸਤੋ, ਮੋਤੀ ਮਹਿਲ ਦੇ ਸੂਤਰ ਵੀ ਮੰਨਦੇ ਹਨ ਕਿ, ਵੈਸੇ ਤਾਂ ਸਿੱਧੂ ਨੇ ਰਾਜਾ ਸਾਹਿਬ ਦੀ ਨਰਾਜ਼ਗੀ ਤਾਂ, ਉਸੇ ਦਿਨ ਹੀ ਸਹੇੜ ਲਈ ਸੀ, ਜਿਸ ਦਿਨ ਉਨ੍ਹਾਂ ਨੇ ਨਸ਼ਿਆਂ ਅਤੇ ਮਜੀਠੀਆ ਦੇ ਮੁੱਦੇ ਤੇ ਉਨ੍ਹਾਂ ਦੇ ਨਾਲ ਜ਼ੁਬਾਨ ਲੜਾਈ ਸੀ ਪਰ, ਜਿਸ ਦਿਨ ਦਾ ਉਨ੍ਹਾਂ ਨੇ ਅਮਰਿੰਦਰ ਸਿੰਘ ਲਈ ''ਕਿਹੜਾ ਕੈਪਟਨ'' ਸ਼ਬਦ ਦਾ ਇਸਤੇਮਾਲ ਕੀਤਾ ਹੈ, ਉਸ ਦਿਨ ਤੋਂ ਉਹ, ਉਨ੍ਹਾਂ (ਕੈਪਟਨ) ਨੂੰ ਫੁੱਟੀ ਅੱਖ ਵੀ ਨਹੀਂ ਭਾਅ ਰਹੇ। 

ਸਿਆਸੀ ਚੂੰਢਮਾਰਾਂ ਦਾ ਕਹਿਣੈ ਕਿ, ਭਾਵੇਂ ਕੈਪਟਨ ਅਮਰਿੰਦਰ ਸਿੰਘ ਇੱਕ ਨਿੱਕੀ ਜਿਹੀ ਸੂਬੀ ਦੇ ਹੀ ਮੁੱਖ ਮੰਤਰੀ ਹਨ ਪਰ, ਸਿੱਧੂ ਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ, ਉਹ ਅੱਜ ਵੀ ਖ਼ੁਦ ਨੂੰ ਮਹਾਰਾਜਾ ਹੀ ਕਹਾਉਣਾ ਪਸੰਦ ਕਰਦੇ ਹਨ, ਫਿਰ ਕੀ ਹੋਇਆ ਜੇਕਰ ਦੇਸ਼ 'ਚੋਂ ਰਜਵਾੜਾਸ਼ਾਹੀ ਸਿਸਟਮ ਖ਼ਤਮ ਹੋ ਚੁੱਕਾ ਹੈ। ਚੂੰਢਮਾਰ ਕਹਿੰਦੇ ਹਨ, ਜੇਕਰ ਸਿੱਧੂ ਨੇ ਰਾਜਾ ਜੀ ਲਈ ਕੇਵਲ ''ਕਿਹੜਾ ਕੈਪਟਨ'' ਸ਼ਬਦ ਦਾ ਹੀ ਇਸਤੇਮਾਲ ਕੀਤਾ ਹੁੰਦਾ ਤਾਂ ਵੀ ਵੱਖਰੀ ਗੱਲ ਹੁੰਦੀ, ਪਰ ਉਨ੍ਹਾਂ ਨੇ ਇਹ ਕਹਿ ਕੇ ਤਾਂ ਹੋਰ ਵੀ ਬਲਦੀ ਤੇ ਤੇਲ ਪਾਉਣ ਵਾਲਾ ਕੰਮ ਕੀਤਾ ਹੈ ਕਿ ਰਾਹੁਲ ਗਾਂਧੀ ਹੀ ਉਨ੍ਹਾਂ ਦਾ ਅਸਲ ਕੈਪਟਨ ਹੈ। 

ਦੋਸਤੋ, ਚਲੋ ਛੱਡੋ ਸਿਆਸੀ ਚੂੰਢੀਮਾਰਾਂ ਦੀਆਂ ਗੱਲਾਂ ਨੂੰ, ਇਨ੍ਹਾਂ ਦੀਆਂ ਗੱਲਾਂ ਤਾਂ ਹੁੰਦੀਆਂ ਹੀ ਪੁਆੜੇ ਪਾਉਣੀਆਂ ਹਨ। ਆਪਾਂ ਗੱਲ ਕਰਦੇ ਹਾਂ ਬਠਿੰਡਾ ਰੈਲੀ ਦੀ, ਜਿੱਥੇ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਤੇ ਅਕਾਲੀਆਂ ਦਰਮਿਆਨ ਚੱਲ ਰਹੀ ਚੁਣਾਵੀ ਟੱਕਰ ਨੂੰ ਫ਼ਰੈਂਡਲੀ ਮੈਚ ਤੱਕ ਦੱਸ ਦਿੱਤਾ। ਦੋਸਤੋ, ਸਿੱਧੂ ਨੇ ਇਹ ਗੱਲ ਮਜ਼ਾਕ ਦੇ ਲਹਿਜ਼ੇ ਵਿੱਚ ਆਖ਼ੀ ਹੈ ਜਾਂ ਫਿਰ ਇਹੋ ਸੱਚਾਈ ਹੈ? ਇਸ ਸਵਾਲ ਦਾ ਜਵਾਬ ਜਾਂ ਤਾਂ, ਸਿੱਧੂ ਜਾਣਦੇ ਹੋਣਗੇ ਅਤੇ ਜਾਂ ਫਿਰ ਜਾਣਦੇ ਹੋਣਗੇ, ਕੈਪਟਨ ਤੇ ਸੁਖ਼ਬੀਰ ਬਾਦਲ, ਨਿਊਜ਼ਨੰਬਰ ਦਾ ਇਸ ਸਵਾਲ ਜਵਾਬ ਨਾਲ ਕੋਈ ਲੈਣ ਦੇਣ ਨਹੀਂ ਹੈ। ਜੇਕਰ ਗੱਲ ਕਰੀਏ ਸਿਆਸੀ ਪੰਡਤਾਂ ਦੀ ਤਾਂ, ਚੋਣ ਨਤੀਜਿਆਂ ਦੇ ਬਾਅਦ ਸਿੱਧੂ ਨੂੰ ਇਨ੍ਹਾਂ ਸਾਰੀਆਂ ਗੱਲਾਂ ਦਾ ਖ਼ਮਿਆਜ਼ਾ ਭੁਗਤਣਾ ਪੈ ਸਕਦਾ ਹੈ। ਪੰਡਤ ਤਾਂ ਉਨ੍ਹਾਂ ਦੀ ਵਜ਼ਾਰਤ ਨੂੰ ਵੀ ਦੋ ਚਾਰ ਦਿਨਾਂ ਦਾ ਪ੍ਰੌਹਣਾ ਮੰਨ ਕੇ ਹੀ ਚੱਲ ਰਹੇ ਹਨ। 

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।