ਕਿਤੇ ਪੰਚਾਇਤੀ ਚੋਣਾਂ ਵਾਲਾ ਹਾਲ ਨਾ ਹੋ ਜਾਵੇ, ਲੋਕ ਸਭਾ ਚੋਣਾਂ 'ਚ ਵੀ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: May 18 2019 17:01
Reading time: 3 mins, 6 secs

ਭਲਕੇ 19 ਮਈ ਨੂੰ ਪੰਜਾਬ ਦੇ ਅੰਦਰ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ, ਜਿਸ ਨੂੰ ਲੈ ਕੇ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵਲੋਂ ਤਿਆਰੀਆਂ ਪੂਰੀਆਂ ਕਰ ਲੈਣ ਦੇ ਦਾਅਵੇ ਕੀਤੇ ਜਾ ਰਹੇ ਹਨ। ਵੇਖਿਆ ਜਾਵੇ ਤਾਂ ਜਦੋਂ ਵੀ ਪੰਜਾਬ ਦੇ ਅੰਦਰ ਕੋਈ ਵੀ ਚੋਣ ਹੁੰਦੀ ਹੈ ਤਾਂ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਵੱਡੇ ਵੱਡੇ ਦਾਅਵੇ ਤਾਂ ਕਰ ਦਿੰਦੇ ਹਨ, ਪਰ ਅਫ਼ਸੋਸ ਉਕਤ ਦਾਅਵੇ ਚੋਣਾਂ ਦੇ ਵਿੱਚ ਬਿਲਕੁਲ ਹੀ ਠੁੱਸ ਹੋ ਜਾਂਦੇ ਹਨ, ਜਿਸ ਦੇ ਕਾਰਨ ਲੋਕਾਂ ਦਾ ਚੋਣਾਂ ਤੋਂ ਵਿਸ਼ਵਾਸ ਉੱਠ ਜਾਂਦਾ ਹੈ ਅਤੇ ਉਹ ਵੋਟ ਪਾਉਣ ਤੋਂ ਵੀ ਗੁਰੇਜ਼ ਕਰਦੇ ਹਨ। 

ਭਲਕੇ ਹੋਣ ਜਾ ਰਹੀਆਂ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਵਾਸੀਆਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਜਾਗਰੂਕ ਵੋਟਰਾਂ ਦੇ ਵਲੋਂ ਆਪਣੇ ਆਪਣੇ ਉਮੀਦਵਾਰਾਂ ਦੀ ਚੋਣ ਕਰ ਲਈ ਗਈ ਹੈ ਅਤੇ ਕੱਲ੍ਹ ਨੂੰ ਤਾਂ ਬੱਸ ਬਟਨ ਹੀ ਦੱਬਣਾ ਹੈ। ਦੱਸ ਦੇਈਏ ਕਿ ਇਨ੍ਹਾਂ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲੋਂ 2018 ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਤੋਂ ਇਲਾਵਾ 30 ਦਸੰਬਰ 2018 ਨੂੰ ਪੰਜਾਬ ਦੇ ਅੰਦਰ ਪੰਚਾਇਤੀ ਚੋਣਾਂ ਹੋਈਆਂ ਸਨ, ਜੋ ਕਿ ਕਿਸੇ ਵੀ ਪੰਜਾਬੀ ਨੂੰ ਭੁੱਲੀਆਂ ਨਹੀਂ ਹਨ। 

ਕਿਉਂਕਿ ਪੰਚਾਇਤੀ ਚੋਣਾਂ ਤੋਂ ਇਲਾਵਾ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਵਿੱਚ ਜੋ ਡਾਂਗ ਸੋਟਾ ਚੱਲਿਆ, ਲੋਕ ਉਸ ਤੋਂ ਕਾਫ਼ੀ ਜ਼ਿਆਦਾ ਗ਼ੁੱਸੇ ਵਿੱਚ ਸਨ ਅਤੇ ਕਈ ਲੋਕਾਂ ਦੇ ਵਲੋਂ ਤਾਂ ਸਹੁੰਆਂ ਤੱਕ ਪਾ ਦਿੱਤੀਆਂ ਗਈਆਂ ਸਨ ਕਿ ਉਹ ਵੋਟਾਂ ਪਾਉਣ ਨਹੀਂ ਜਾਣਗੇ। ਪੰਚਾਇਤੀ ਚੋਣਾਂ ਦੇ ਵਿੱਚ ਪੰਜਾਬ ਦੇ ਅੰਦਰ ਕਈ ਕਤਲ ਵੀ ਹੋਏ, ਕਈ ਜਗ੍ਹਾਂਵਾਂ 'ਤੇ ਇੱਟਾਂ ਰੋੜੇ ਚੱਲੇ ਅਤੇ ਕਈ ਥਾਵਾਂ 'ਤੇ ਤਾਂ ਸ਼ਰੇਆਮ ਬੂਥ ਕੈਪਚਰਿੰਗ ਹੋਈ, ਜਦੋਂਕਿ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਵੇਖਦੇ ਹੀ ਰਹਿ ਗਏ। 

ਸ਼ਰੇਆਮ ਹੁੰਦੀ ਗੁੰਡਾਗਰਦੀ ਦੇ ਵਿਰੁੱਧ ਕੋਈ ਵੀ ਅਧਿਕਾਰੀ ਬੋਲਣ ਨੂੰ ਤਿਆਰ ਨਹੀਂ ਸੀ ਅਤੇ ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਵੀ ਲੱਗਦੈ ਪੰਚਾਇਤੀ ਚੋਣਾਂ ਵਾਲਾ ਹੀ ਹਾਲ ਹੋਵੇਗਾ। ਕਿਉਂਕਿ ਵੱਡੇ ਲੀਡਰਾਂ ਤੋਂ ਲੈ ਕੇ ਨਿੱਕੇ ਲੀਡਰ ਪਿੰਡਾਂ ਵਿੱਚ ਜਾ ਕੇ ਭੜਕਾਓ ਪ੍ਰਚਾਰ ਕਰ ਰਹੇ ਹਨ, ਜਿਸ ਦੇ ਕਾਰਨ ਆਂਢੀ ਗੁਆਂਢੀ ਵੀ ਇੱਕ ਦੂਜੇ ਦੇ ਦੁਸ਼ਮਣ ਬਣੇ ਵਿਖਾਈ ਦੇ ਰਹੇ ਹਨ। ਲੀਡਰਾਂ ਦੇ ਵਲੋਂ ਪਾਏ ਜਾ ਰਹੇ ਵਿਤਕਰੇ ਨੂੰ ਲੈ ਕੇ ਕੁਝ ਸਿਆਣੇ ਲੋਕਾਂ ਦੇ ਵਿੱਚ ਰੋਸ਼ ਵੀ ਹੈ ਕਿ ਵੋਟਾਂ ਲੈਣ ਵਾਲੇ ਤਾਂ ਲੀਡਰ ਘਰ ਘਰ ਜਾਂਦੇ ਹਨ, ਪਰ ਉਸ ਤੋਂ ਬਾਅਦ ਕੋਈ ਪੁੱਛਦਾ ਨਹੀਂ। 

ਦੱਸ ਦੇਈਏ ਕਿ ਕਈ ਲੀਡਰਾਂ ਦੇ ''ਅੱਥਰੇ ਹੋਏ ਫਿਰਦੇ ਫ਼ੀਲੇ'' ਡਾਂਗਾਂ, ਸੋਟੇ, ਕਾਪੇ ਅਤੇ ਕਿਰਪਾਨਾਂ ਚੁੱਕੀ ਫਿਰਦੇ ਹਨ। ਕਈਆਂ ਕੋਲ ਤਾਂ ਨਜਾਇਜ਼ ਅਸਲਾ ਵੀ ਹੈ, ਜੋ ਕਿ ਲੱਗਦੈ ਇਨ੍ਹਾਂ ਚੋਣਾਂ ਦੇ ਵਿੱਚ ਹੀ ਵਰਤਿਆ ਜਾਣਾ ਹੈ, ਪਰ ਕਈ ਜਗ੍ਹਾਵਾਂ 'ਤੇ ਲੜਾਈ ਝਗੜੇ ਹੋਣ ਦਾ ਡਰ ਵੀ ਇਸੇ ਕਰਕੇ ਹੈ, ਕਿਉਂਕਿ ਉੱਥੇ ਤਾਂ ਕਾਂਗਰਸੀ ਅਤੇ ਅਕਾਲੀ ਆਪਸ ਵਿੱਚ ਹੀ ਇੱਕ ਦੂਜੇ ਦੇ ਵਿਰੁੱਧ ਹੋਏ ਬੈਠੇ ਹਨ। ਪੰਜਾਬ ਦੇ ਬਹੁਤ ਸਾਰੇ ਹਿੱਸਿਆਂ ਦੇ ਅੰਦਰ ਪੁਲਿਸ ਅਤੇ ਪ੍ਰਸ਼ਾਸਨਿਕ ਦੇ ਵਲੋਂ ਅਤਿ ਸੰਵੇਦਨਸ਼ੀਲ ਬੂਥ ਵੀ ਐਲਾਨੇ ਗਏ ਹਨ। 

ਪਰ ਲੱਗ ਨਹੀਂ ਰਿਹਾ ਕਿ ਉਨ੍ਹਾਂ 'ਤੇ ਵੀ ਇਸ ਵਾਰ ਸਖ਼ਤੀ ਹੋਵੇਗੀ। ਪਿਛਲੀਆਂ ਚੋਣਾਂ ਦੇ ਵਿੱਚ ਵੀ ਅਤਿ ਸੰਵੇਦਨਸ਼ੀਲ ਬੂਥ ਕਈ ਐਲਾਨੇ ਗਏ ਸੀ, ਪਰ ਉੱਥੇ ਸ਼ਰੇਆਮ ਗੁੰਡਾਗਰਦੀ ਹੋਈ ਸੀ। ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਪੰਚਾਇਤੀ ਚੋਣਾਂ 'ਚ ਵੀ ਕਈ ਦਾਅਵੇ ਕੀਤੇ ਸਨ, ਪਰ ਉਹ ਦਾਅਵੇ ਕਿਸੇ ਕੰਮ ਨਹੀਂ ਸੀ ਆਏ, ਕਿਉਂਕਿ ਪੰਜਾਬ ਦੀ ਸੱਤਾਧਿਰ ਕਾਂਗਰਸ ਦੇ ਕਈ ਲੀਡਰਾਂ ਨੇ ਸ਼ਰੇਆਮ ਬੂਥਾਂ ਦੀ ਕੈਪਚਰਿੰਗ ਕੀਤੀ ਸੀ ਅਤੇ ਵੋਟਾਂ ਦਾ ਭੁਗਤਾਨ ਕੀਤਾ ਸੀ, ਜਿਸ ਨੂੰ ਲੈ ਕੇ ਕਈ ਲੋਕਾਂ ਨੇ ਰੌਲਾ ਵੀ ਪਾਇਆ ਸੀ। 

ਦੂਜੇ ਪਾਸੇ ਸਿਆਸੀ ਮਾਹਿਰਾਂ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਇਸ ਵੇਲੇ ਕਾਂਗਰਸ ਦੀ ਸਰਕਾਰ ਹੈ ਅਤੇ ਕਾਂਗਰਸ ਸਰਕਾਰ ਕਦੇ ਵੀ ਨਹੀਂ ਚਾਹੇਗੀ ਕਿ ਉਨ੍ਹਾਂ ਦੇ ਉਮੀਦਵਾਰ ਹਾਰਨ। ਇਸ ਦੇ ਲਈ ਕਈ ਜਗ੍ਹਾਵਾਂ 'ਤੇ ਕਾਂਗਰਸੀ ਧੱਕੇਸ਼ਾਹੀ ਵੀ ਕਰ ਰਹੇ ਸਨ, ਪਰ ਇਸ ਨੂੰ ਲੈ ਕੇ ਵਿਰੋਧੀ ਧਿਰਾਂ ਦੇ ਵਲੋਂ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਵੀ ਕੀਤਾ ਜਾ ਚੁੱਕਿਆ ਹੈ, ਪਰ ਬਾਕੀ ਵੇਖੋ ਕਿ ਭਲਕੇ ਕੀ ਬਣਦੈ? ਮਾਹਿਰਾਂ ਮੁਤਾਬਿਕ ਕਾਂਗਰਸੀ ਲੀਡਰਾਂ ਦੇ ਸਿਰਾਂ 'ਤੇ ਉਨ੍ਹਾਂ ਦੇ 'ਫ਼ੀਲੇ' ਛਾਲਾਂ ਮਾਰ ਰਹੇ ਹਨ ਅਤੇ ਧੱਕੇ ਨਾਲ ਵੋਟਾਂ ਭੁਗਤਾਉਣ ਦੀਆਂ ਗੱਲਾਂ ਵੀ ਕਰ ਰਹੇ ਹਨ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।