ਖੰਨਾ ਜ਼ਿਲ੍ਹੇ ਦੇ 9 ਪੋਲਿੰਗ ਸਟੇਸ਼ਨਾਂ ਤੇ ਖੜਕ ਸਕਦੈ ਡਾਂਗ-ਸੋਟਾ, ਅਤਿ ਸੰਵੇਦਨਸ਼ੀਲ ਕਰਾਰ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: May 18 2019 16:22
Reading time: 3 mins, 11 secs

ਭਲਕੇ ਐਤਵਾਰ ਦੀ ਸਵੇਰ ਨੂੰ ਲੋਕ ਸਭਾ ਚੋਣਾਂ-2019 ਦੇ ਸੱਤਵੇਂ ਆਖ਼ਰੀ ਪੜਾਅ 'ਚ ਲੋਕ ਸਭਾ ਹਲਕਾ ਫ਼ਤਿਹਗੜ੍ਹ ਸਾਹਿਬ ਤੋਂ ਮੈਂਬਰ ਪਾਰਲੀਮੈਂਟ (ਐਮ.ਪੀ) ਦੀ ਚੋਣ ਲਈ ਪੈਣ ਜਾ ਰਹੀਆਂ ਵੋਟਾਂ ਲਈ ਬੀਤੀ ਸ਼ਾਮ ਚੋਣ ਪ੍ਰਚਾਰ ਬੰਦ ਹੋ ਗਿਆ ਹੈ। ਚੋਣ ਪ੍ਰਚਾਰ ਧੰਮ ਜਾਣ ਤੋਂ ਬਾਅਦ ਐਮ.ਪੀ ਬਣਨ ਦੇ ਇੱਛੁਕ ਉਮੀਦਵਾਰਾਂ ਵੱਲੋਂ ਆਪਣੇ ਸਮਰਥਕਾਂ ਦੇ ਨਾਲ ਬੈਠਕਾਂ ਦਾ ਦੌਰ ਲਗਾਤਾਰ ਚੱਲ ਰਿਹਾ ਹੈ। ਹਰ ਇੱਕ ਉਮੀਦਵਾਰ ਚੋਣ ਅਖਾੜੇ 'ਚ ਆਪਣੀ ਜਿੱਤ ਨੂੰ ਸੁਨਿਸ਼ਚਿਤ ਬਣਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ। ਦਿਨ ਢਲਦੇ ਹੀ ਚੋਣ ਪ੍ਰਚਾਰ ਦੌਰਾਨ ਹੋਈ ਥਕਾਵਟ ਨੂੰ ਉਤਾਰਨ ਲਈ ਲਾਲ ਪਰੀ ਦਾ ਦੌਰ ਸ਼ੁਰੂ ਹੋ ਜਾਂਦਾ ਹੈ। ਫ਼ਿਲਹਾਲ ਚੋਣਾਂ ਨੂੰ ਲੈ ਕੇ ਪੁਲਿਸ ਜ਼ਿਲ੍ਹਾ ਖੰਨਾ ਅਧੀਨ ਪੈਂਦੇ ਇਲਾਕਿਆਂ 'ਚ ਮਾਹੌਲ ਸ਼ਾਂਤਮਈ ਬਣਿਆ ਹੋਇਆ ਹੈ, ਬਾਵਜੂਦ ਇਸ ਦੇ ਪੁਲਿਸ ਕੋਈ ਰਿਸਕ ਲੈਣ ਦੇ ਮੂਡ 'ਚ ਨਹੀਂ ਹੈ ਅਤੇ ਸੁਰੱਖਿਆ ਦੇ ਬੇਹੱਦ ਸਖ਼ਤ ਪ੍ਰਬੰਧ ਕੀਤੇ ਗਏ ਹਨ।

3 ਐਸ.ਪੀ ਅਤੇ 9 ਡੀਐਸਪੀ ਕਰਨਗੇ 588 ਪੋਲਿੰਗ ਸਟੇਸ਼ਨਾਂ ਦੀ ਨਿਗਰਾਨੀ

ਦੱਸ ਦੇਈਏ, ਅੱਤਵਾਦ ਦੇ ਕਾਲੇ ਦੌਰ 'ਚ ਬਣਾਏ ਗਏ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਿਤ ਪੁਲਿਸ ਜ਼ਿਲ੍ਹਾ ਖੰਨਾ ਅਧੀਨ ਲੋਕ ਸਭਾ ਹਲਕਾ ਫ਼ਤਿਹਗੜ੍ਹ ਸਾਹਿਬ 'ਚ ਪੈਂਦੇ ਤਿੰਨ ਵਿਧਾਨ ਸਭਾ ਹਲਕਿਆਂ ਪਾਇਲ, ਖੰਨਾ ਅਤੇ ਸਮਰਾਲਾ ਇਲਾਕੇ ਦੇ ਵੱਡੀ ਗਿਣਤੀ 'ਚ ਪਿੰਡਾਂ, ਕਸਬਿਆਂ ਤੋਂ ਇਲਾਵਾ ਸ਼ਹਿਰੀ ਇਲਾਕੇ ਆਉਂਦੇ ਹਨ। ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਇਨ੍ਹਾਂ ਤਿੰਨਾਂ ਹਲਕਿਆਂ 'ਚ ਖੰਨਾ ਪੁਲਿਸ ਵੱਲੋਂ ਸੁਰੱਖਿਆ ਸਬੰਧੀ ਕੜੇ ਸਕਿਉਰਿਟੀ ਪ੍ਰਬੰਧ ਕੀਤੇ ਗਏ ਹਨ।

ਤਿੰਨਾਂ ਵਿਧਾਨ ਸਭਾ ਹਲਕਿਆਂ 'ਚ 588 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਜਿਨ੍ਹਾਂ 'ਚੋਂ 9 ਪੋਲਿੰਗ ਸਟੇਸ਼ਨ ਅਤਿ ਸੰਵੇਦਨਸ਼ੀਲ ਅਤੇ 37 ਸੰਵੇਦਨਸ਼ੀਲ ਹਨ। ਤਿੰਨਾਂ ਹਲਕਿਆਂ ਦੇ 588 ਪੋਲਿੰਗ ਸਟੇਸ਼ਨਾਂ ਤੇ 1425 ਪੁਲਿਸ ਮੁਲਾਜ਼ਮ ਅਤੇ ਪੈਰਾ ਮਿਲਟਰੀ ਫੋਰਸ ਦੇ ਜਵਾਨ ਤਾਇਨਾਤ ਕੀਤੇ ਗਏ। ਪੂਰੇ ਜ਼ਿਲ੍ਹੇ ਅੰਦਰ 3 ਐਸ.ਪੀ ਅਤੇ 9 ਡੀਐਸਪੀ ਰੈਂਕ ਦੇ ਅਧਿਕਾਰੀ ਪੋਲਿੰਗ ਸਟੇਸ਼ਨਾਂ ਤੇ ਨਿਗਰਾਨੀ ਕਰਨਗੇ। ਪੋਲਿੰਗ ਬੂਥਾਂ ਤੇ ਸ਼ਰਾਰਤ ਜਾਂ ਹੁੱਲੜਬਾਜ਼ੀ ਕਰਨ ਵਾਲੇ ਕਿਸੇ ਵੀ ਵਿਅਕਤੀ ਨਾਲ ਸਖ਼ਤੀ ਨਾਲ ਨਿਪਟਦੇ ਹੋਏ ਸਬੰਧਿਤ ਵਿਅਕਤੀ ਨੂੰ ਤੁਰੰਤ ਹਿਰਾਸਤ 'ਚ ਲੈਣ ਦੇ ਨਿਰਦੇਸ਼ ਦਿੱਤੇ ਗਏ ਹਨ।

ਅਤਿ-ਸੰਵੇਦਨਸ਼ੀਲ ਅਤੇ ਸੰਵੇਦਨਸ਼ੀਲ ਐਲਾਨੇ ਪੋਲਿੰਗ ਬੂਥ

ਲੋਕ ਸਭਾ ਹਲਕਾ ਫ਼ਤਿਹਗੜ੍ਹ ਸਾਹਿਬ ਤਹਿਤ ਆਉਂਦੇ 9 ਵਿਧਾਨ ਸਭਾ ਹਲਕਿਆਂ ਵਿੱਚੋਂ ਤਿੰਨ ਵਿਧਾਨ ਸਭਾ ਹਲਕੇ ਪੁਲਿਸ ਜ਼ਿਲ੍ਹਾ ਖੰਨਾ ਅਧੀਨ ਪੈਂਦੇ ਹਨ। ਵਿਧਾਨ ਸਭਾ ਹਲਕਾ ਖੰਨਾ, ਪਾਇਲ ਅਤੇ ਸਮਰਾਲਾ ਅਧੀਨ ਪੈਂਦੇ ਸ਼ਹਿਰੀ ਅਤੇ ਪੇਂਡੂ ਇਲਾਕਿਆਂ ਚ ਸੁਰੱਖਿਆ ਪ੍ਰਬੰਧਾਂ ਦੀ ਕਮਾਨ ਖੰਨਾ ਦੇ ਐਸਐਸਪੀ ਗੁਰਸ਼ਰਨਦੀਪ ਸਿੰਘ ਗਰੇਵਾਲ ਨੇ ਸੰਭਾਲੀ ਹੋਈ ਹੈ। ਪੁਲਿਸ ਜ਼ਿਲ੍ਹੇ ਚ ਪੈਂਦੇ ਤਿੰਨਾਂ ਵਿਧਾਨ ਸਭਾ ਹਲਕਿਆਂ 'ਚ ਸੁਰੱਖਿਆ ਦੇ ਲਿਹਾਜ਼ ਨਾਲ ਪੁਲਿਸ ਵੱਲੋਂ 9 ਪੋਲਿੰਗ ਸਟੇਸ਼ਨ ਅਤਿ ਸੰਵੇਦਨਸ਼ੀਲ ਕਰਾਰ ਦਿੱਤੇ ਗਏ ਹਨ। ਜਦਕਿ 37 ਹੋਰ ਪੋਲਿੰਗ ਸਟੇਸ਼ਨਾਂ ਨੂੰ ਸੰਵੇਦਨਸ਼ੀਲ ਬੂਥਾਂ ਦੀ ਕੈਟਾਗਰੀ 'ਚ ਰੱਖਿਆ ਗਿਆ ਹੈ। ਐਸਐਸਪੀ ਗੁਰਸ਼ਰਨਦੀਪ ਗਰੇਵਾਲ ਮੁਤਾਬਿਕ ਅਤਿ ਸੰਵੇਦਨਸ਼ੀਲ ਅਤੇ ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਤੇ ਪੁਲਿਸ ਮੁਲਾਜ਼ਮਾਂ ਦੇ ਨਾਲ ਪੈਰਾ ਮਿਲਟਰੀ ਫੋਰਸ ਦੇ ਜਵਾਨ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਇਨ੍ਹਾਂ ਪੋਲਿੰਗ ਸਟੇਸ਼ਨਾਂ ਤੇ ਵਿਸ਼ੇਸ਼ ਤੌਰ ਤੇ ਵੀਡਿਓਗ੍ਰਾਫੀ ਵੀ ਕਰਵਾਈ ਜਾਵੇਗੀ।

47 ਪੁਲਿਸ ਮੁਲਾਜ਼ਮਾਂ ਦੀ ਟੀਮ ਉਮੀਦਵਾਰਾਂ ਦੀਆਂ ਗਤੀਵਿਧੀਆਂ ਤੇ ਰੱਖ ਰਹੀ ਬਾਜ਼ ਅੱਖ

ਲੋਕ ਸਭਾ ਹਲਕਾ ਫ਼ਤਿਹਗੜ੍ਹ ਸਾਹਿਬ ਤੋਂ ਆਪਣੀ ਕਿਸਮਤ ਅਜ਼ਮਾ ਰਹੇ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਦੇ ਨਾਲ ਚੋਣ ਅਖਾੜੇ 'ਚ ਉੱਤਰੇ ਆਜ਼ਾਦ ਉਮੀਦਵਾਰਾਂ ਦੀਆਂ ਪੁਲਿਸ ਜ਼ਿਲ੍ਹਾ ਖੰਨਾ ਅਧੀਨ ਪੈਂਦੇ ਇਲਾਕਿਆਂ 'ਚ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਤੇ ਖੰਨਾ ਪੁਲਿਸ ਵੱਲੋਂ ਬਾਜ਼ ਅੱਖ ਨਾਲ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਐਸਐਸਪੀ ਗੁਰਸ਼ਰਨਦੀਪ ਸਿੰਘ ਮੁਤਾਬਿਕ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਖੰਨਾ ਪੁਲਿਸ ਵੱਲੋਂ 47 ਪੁਲਿਸ ਮੁਲਾਜ਼ਮਾਂ ਦੀ ਵਿਸ਼ੇਸ਼ ਗਸ਼ਤ ਪਾਰਟੀਆਂ ਦਾ ਗਠਨ ਵੀ ਕੀਤਾ ਗਿਆ ਹੈ ਜੋ ਕਿ 18 ਅਤੇ 19 ਮਈ ਨੂੰ ਪੁਲਿਸ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ 'ਚ ਗਸ਼ਤ ਕਰਕੇ ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਤੇ ਨਜ਼ਰਸਾਨੀ ਕਰ ਰਹੀਆਂ ਹਨ। ਜੇਕਰ ਕੋਈ ਵੀ ਵਿਅਕਤੀ ਵੋਟਰਾਂ ਨੂੰ ਭਰਮਾਉਣ ਦੇ ਸਬੰਧ 'ਚ ਨਸ਼ਾ , ਪੈਸੇ ਜਾ ਹੋਰ ਕੋਈ ਸਮਾਨ ਵੰਡਦਾ ਪਾਇਆ ਗਿਆ ਤਾਂ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ।  

ਐਸਐਸਪੀ ਦੀ ਲੋਕਾਂ ਨੂੰ ਬੇਖ਼ੌਫ ਹੇ ਕੇ ਵੋਟਾਂ ਪਾਉਣ ਦੀ ਅਪੀਲ

ਐਸਐਸਪੀ ਗੁਰਸ਼ਰਨਦੀਪ ਸਿੰਘ ਨੇ ਪੁਲਿਸ ਜ਼ਿਲ੍ਹਾ ਖੰਨਾ ਅਧੀਨ ਪੈਂਦੇ ਸ਼ਹਿਰੀ ਅਤੇ ਪੇਂਡੂ ਇਲਾਕਿਆਂ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਭਲਕੇ ਚੋਣਾਂ ਵਾਲੇ ਦਿਨ ਬਿਨ੍ਹਾਂ ਕਿਸੇ ਡਰ ਜਾਂ ਭੈਅ ਤੋਂ ਬੇਖ਼ੌਫ ਹੋ ਕੇ ਆਪਣੀ ਮਰਜ਼ੀ ਨਾਲ ਵੋਟਾਂ ਪਾਉਣ। ਹਰੇਕ ਵੋਟਰ ਮਨਪਸੰਦ ਦੀ ਸਰਕਾਰ ਚੁਣਨ ਲਈ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਜ਼ਰੂਰ ਕਰਨ। ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਖੰਨਾ ਪੁਲਿਸ ਵੱਲੋਂ ਸੁਰੱਖਿਆ ਦੇ ਮਜ਼ਬੂਤ ਪ੍ਰਬੰਧ ਕੀਤੇ ਗਏ ਹਨ।