ਡੋਰ-ਟੂ-ਡੋਰ ਜਾ ਕੇ ਸਿਹਤ ਮੁਲਾਜ਼ਮਾਂ ਨੇ ਲੱਭੇ ਮੱਛਰਾਂ ਦੇ ਲਾਰਵੇ, ਕੱਟੇ ਚਲਾਨ

Last Updated: May 17 2019 19:06
Reading time: 1 min, 32 secs

ਗਰਮੀ ਦੇ ਮੌਸਮ 'ਚ ਮੱਛਰਾਂ ਦੇ ਕੱਟਣ ਨਾਲ ਹੋਣ ਵਾਲੇ ਮਲੇਰੀਆ, ਡੇਂਗੂ ਅਤੇ ਚਿਕਨਗੁਨੀਆ ਬੁਖਾਰ ਤੋਂ ਲੋਕਾਂ ਨੂੰ ਬਚਾਉਣ ਅਤੇ ਇਨ੍ਹਾਂ ਬੀਮਾਰੀਆਂ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਸਿਹਤ ਵਿਭਾਗ ਅਤੇ ਨਗਰ ਕੌਂਸਲ ਮੁਲਾਜ਼ਮਾਂ ਦੀ ਟੀਮ ਨੇ ਡਰਾਈ-ਡੇਅ ਤਹਿਤ ਡੋਰ-ਟੂ-ਡੋਰ ਜਾ ਕੇ ਘਰਾਂ ਦੀ ਜਾਂਚ ਕੀਤੀ। ਇਸ ਮੁਹਿੰਮ ਤਹਿਤ ਟੀਮ ਵੱਲੋਂ ਸ਼ਾਂਤੀ ਨਗਰ ਇਲਾਕੇ 'ਚ ਲੋਕਾਂ ਦੇ ਘਰਾਂ 'ਚ ਕੂਲਰਾਂ, ਫਰਿੱਜਾਂ, ਪਾਣੀ ਦੇ ਡਰੰਮਾਂ ਦੀ ਜਾਂਚ ਕਰਦੇ ਹੋਏ ਮੱਛਰਾਂ ਦੇ ਲਾਰਵੇ ਦੀ ਚੈਕਿੰਗ ਕੀਤੀ ਗਈ। ਜਾਂਚ ਦੌਰਾਨ 2 ਘਰਾਂ ਅੰਦਰ ਪਾਣੀ 'ਚ ਮੱਛਰਾਂ ਦੇ ਲਾਰਵੇ ਪਾਏ ਜਾਣ ਤੇ ਸਬੰਧਿਤ ਮਕਾਨ ਮਾਲਕਾਂ ਦੇ ਚਲਾਨ ਕੱਟੇ ਗਏ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਹਤ ਇੰਸਪੈਕਟਰ ਹਰਮਿੰਦਰਪਾਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰੋਗਰਾਮ ਅਫਸਰ ਡਾ. ਹਰਵੀਰ ਸਿੰਘ ਅਤੇ ਪ੍ਰਾਇਮਰੀ ਹੈਲਥ ਸੈਂਟਰ, ਚਨਾਰਥਲ ਕਲਾਂ ਦੇ ਐਸਐਮਓ ਡਾ. ਰਮਿੰਦਰ ਕੌਰ ਦੇ ਨਿਰਦੇਸ਼ਾਂ ਤੇ ਸਿਹਤ ਵਿਭਾਗ ਵੱਲੋਂ ਚਲਾਈ ਜਾ ਰਹੀ ਸਰਵੇ ਮੁਹਿੰਮ ਦੇ ਤਹਿਤ ਸਿਹਤ ਵਿਭਾਗ ਅਤੇ ਨਗਰ ਕੌਂਸਲ ਮੁਲਾਜ਼ਮਾਂ ਦੀ ਟੀਮ ਵੱਲੋਂ ਵੱਖ-ਵੱਖ ਇਲਾਕਿਆਂ 'ਚ ਡੋਰ-ਟੂ-ਡੋਰ ਜਾ ਕੇ ਲੋਕਾਂ ਦੇ ਘਰਾਂ ਅੰਦਰ ਕੂਲਰਾਂ, ਫਰਿੱਜਾਂ, ਟਾਇਰਾਂ, ਗਮਲਿਆਂ ਅਤੇ ਟੁੱਟੇ-ਫੁੱਟੇ ਬਰਤਨਾਂ 'ਚ ਜਮੇ ਪਾਣੀ ਦੀ ਸਫ਼ਾਈ ਕਰਵਾਈ ਜਾਂਦੀ ਹੈ ਅਤੇ ਪਾਣੀ 'ਚ ਮੱਛਰਾਂ ਦੇ ਲਾਰਵਾ ਦੀ ਜਾਂਚ ਕੀਤੀ ਜਾਂਦੀ ਹੈ। ਹੈਲਥ ਇੰਸਪੈਕਟਰ ਹਰਮਿੰਦਰਪਾਲ ਨੇ ਅੱਗੇ ਦੱਸਿਆ ਕਿ ਇਸ ਮੁਹਿੰਮ ਤਹਿਤ ਉਨ੍ਹਾਂ ਦੀ ਅਗਵਾਈ 'ਚ ਸੈਨੇਟਰੀ ਸੁਪਰਵਾਈਜਰ ਰਮੇਸ਼ ਕੁਮਾਰ ਨਾਲ ਸ਼ਾਂਤੀ ਨਗਰ ਇਲਾਕੇ 'ਚ ਘਰ-ਘਰ ਜਾ ਕੇ ਮੱਛਰਾਂ ਦੇ ਲਾਰਵੇ ਦੀ ਜਾਂਚ ਕੀਤੀ ਗਈ।

ਇਸ ਤੋਂ ਇਲਾਵਾ ਟੀਮ ਮੈਂਬਰਾਂ ਨੇ ਲੋਕਾਂ ਨੂੰ ਡੇਂਗੂ, ਚਿਕਨਗੁਨੀਆ ਅਤੇ ਮਲੇਰੀਆ ਜਿਹੀਆਂ ਬੀਮਾਰੀਆਂ ਤੋਂ ਬਚਾਅ ਰੱਖਣ ਸਬੰਧੀ ਕੂਲਰਾਂ ਫਰਿੱਜਾਂ ਆਦਿ ਵਿੱਚ ਜਮਾਂ ਰਹਿੰਦੇ ਸਾਫ ਪਾਣੀ ਵਿੱਚ ਮੱਛਰਾਂ ਦੇ ਲਾਰਵਾ ਪੈਦਾ ਹੋਣ ਸਬੰਧੀ ਜਾਣਕਾਰੀ ਦਿੱਤੀ ਅਤੇ ਇਨ੍ਹਾਂ ਬੀਮਾਰੀਆਂ ਤੋਂ ਬਚਾਅ ਲਈ ਘਰਾਂ ਅਤੇ ਆਲੇ ਦੁਆਲੇ ਹਮੇਸ਼ਾ ਸਫ਼ਾਈ ਰੱਖਣ ਸਬੰਧੀ ਜਾਗਰੂਕ ਕੀਤਾ। ਇਸਦੇ ਨਾਲ ਹੀ ਬੀਮਾਰੀਆਂ ਸਬੰਧੀ ਜਾਗਰੂਕ ਕਰਨ ਵਾਲੀ ਪ੍ਰਚਾਰ ਸਮਗਰੀ ਵੰਡਣ ਦੇ ਨਾਲ ਮੱਛਰਾਂ ਦੇ ਖਾਤਮੇ ਲਈ ਦਵਾਈ ਦਾ ਛਿੜਕਾਅ ਵੀ ਕੀਤਾ ਗਿਆ। ਇਸ ਟੀਮ 'ਚ ਸਿਹਤ ਮੁਲਾਜ਼ਮ ਹਰਦੀਪ ਸਿੰਘ ਤੰਗਰਾਲਾ, ਨਰਪਿੰਦਰ ਸਿੰਘ ਅੰਬੇਮਾਜਰਾ, ਦਵਿੰਦਰ ਸਿੰਧ ਮੰਡੇਰ, ਹਰਪ੍ਰੀਤ ਸਿੰਘ (ਕਮਿਊਨਿਟੀ ਫੈਸੀਲੀਟੇਟਰ) ਆਦਿ ਵੀ ਸ਼ਾਮਲ ਸਨ।