ਚੋਣਾਂ ਸਬੰਧੀ ਸੁਰੱਖਿਆ ਪ੍ਰਬੰਧਾਂ ਦੀ ਮਜ਼ਬੂਤੀ ਲਈ ਜੀਆਰਪੀ ਨੇ ਰੇਲਵੇ ਸਟੇਸ਼ਨ 'ਤੇ ਚਲਾਈ ਚੈਕਿੰਗ ਮੁਹਿੰਮ

Last Updated: May 17 2019 18:23
Reading time: 1 min, 34 secs

ਲੋਕ ਸਭਾ ਚੋਣਾਂ ਦੇ ਆਖ਼ਰੀ ਪੜਾਅ 'ਚ ਸੂਬੇ ਅੰਦਰ ਆਉਂਦੇ ਐਤਵਾਰ (19 ਮਈ) ਨੂੰ ਹੋਣ ਜਾ ਰਹੀਆਂ ਚੋਣਾਂ ਦੇ ਮੱਦੇਨਜ਼ਰ ਰੇਲਵੇ ਸਟੇਸ਼ਨਾਂ 'ਤੇ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਰੇਲਵੇ ਸਟੇਸ਼ਨਾਂ ਅਤੇ ਟਰੇਨਾਂ ਅੰਦਰ ਜੀਆਰਪੀ ਤੇ ਆਰਪੀਐਫ ਵੱਲੋਂ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਲੜੀ ਦੇ ਤਹਿਤ ਗੌਰਮਿੰਟ ਰੇਲਵੇ ਪੁਲਿਸ ਦੇ ਅਧਿਕਾਰੀਆਂ ਵੱਲੋਂ ਸ਼ੁੱਕਰਵਾਰ ਸ਼ਾਮ ਨੂੰ ਖੰਨਾ ਰੇਲਵੇ ਸਟੇਸ਼ਨ ਤੇ ਪਲੇਟਫ਼ਾਰਮਾਂ, ਮੁਸਾਫ਼ਰਖ਼ਾਨੇ ਅਤੇ ਟਰੇਨਾਂ ਅੰਦਰ ਮੁਸਾਫ਼ਰਾਂ ਤੇ ਸਮਾਨ ਦੀ ਚੈਕਿੰਗ ਕੀਤੀ ਗਈ। ਹਾਲਾਂਕਿ, ਚੈਕਿੰਗ ਦੌਰਾਨ ਜੀਆਰਪੀ ਨੂੰ ਕਿਸੇ ਵਿਅਕਤੀ ਪਾਸੋਂ ਕੋਈ ਸ਼ੱਕੀ ਸਮਾਨ ਬਰਾਮਦ ਨਹੀਂ ਹੋਇਆ ਹੈ।

ਜਾਣਕਾਰੀ ਮੁਤਾਬਿਕ ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਜੀਆਰਪੀ ਅਤੇ ਆਰਪੀਐਫ ਵੱਲੋਂ ਰੇਲਵੇ ਮੁਸਾਫ਼ਰਾਂ ਦੀ ਸਕਿਉਰਿਟੀ ਅਤੇ ਸੁਰੱਖਿਆ ਬੰਦੋਬਸਤ ਨੂੰ ਮਜ਼ਬੂਤ ਕਰਨ ਦੇ ਮੱਦੇਨਜ਼ਰ ਸਥਾਨਕ ਰੇਲਵੇ ਸਟੇਸ਼ਨ 'ਤੇ ਵਿਸ਼ੇਸ਼ ਤੌਰ 'ਤੇ ਚੈਕਿੰਗ ਕੀਤੀ ਗਈ। ਇਸ ਦੌਰਾਨ ਟਰੇਨਾਂ 'ਚ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਤੋਂ ਇਲਾਵਾ ਰੇਲਵੇ ਸਟੇਸ਼ਨ ਦੇ ਪਲੇਟਫ਼ਾਰਮ ਅਤੇ ਮੁਸਾਫ਼ਰਖ਼ਾਨੇ 'ਚ ਬੈਠੇ ਮੁਸਾਫ਼ਰਾਂ ਦੇ ਸਮਾਨ ਦੀ ਬਰੀਕੀ ਨਾਲ ਜਾਂਚ ਕੀਤੀ ਗਈ। ਫ਼ਿਲਹਾਲ ਜਾਂਚ ਦੌਰਾਨ ਜੀਆਰਪੀ ਦੇ ਹੱਥ ਨਾ ਤਾਂ ਕੋਈ ਸ਼ੱਕੀ ਵਿਅਕਤੀ ਚੜ੍ਹਿਆ ਹੈ ਅਤੇ ਨਾ ਹੀ ਕਿਸੇ ਵਿਅਕਤੀ ਪਾਸੋਂ ਕੋਈ ਇਤਰਾਜ਼ਯੋਗ ਸਮਾਨ ਬਰਾਮਦ ਹੋਇਆ ਹੈ। ਪ੍ਰੰਤੂ ਲਾ ਐਂਡ ਆਰਡਰ ਦੀ ਸਥਿਤੀ ਨੂੰ ਬਰਕਰਾਰ ਰੱਖਣ ਅਤੇ ਰੇਲਵੇ ਮੁਸਾਫ਼ਰਾਂ ਦੀ ਸੁਰੱਖਿਆ ਦੇ ਸੰਬੰਧ 'ਚ ਲਗਾਤਾਰ ਚੈਕਿੰਗ ਜਾਰੀ ਹੈ।

ਇਸ ਸੰਬੰਧ 'ਚ ਰੇਲਵੇ ਪੁਲਿਸ ਥਾਣਾ ਸਰਹਿੰਦ ਦੇ ਐਸਐਚਓ ਇੰਸਪੈਕਟਰ ਚਰਨਦੀਪ ਸਿੰਘ ਨੇ ਦੱਸਿਆ ਕਿ ਡਾਇਰੈਕਟਰ ਜਨਰਲ ਆਫ਼ ਪੁਲਿਸ (ਰੇਲਵੇ) ਜਸਮਿੰਦਰ ਸਿੰਘ ਅਤੇ ਏ.ਆਈ.ਜੀ. (ਰੇਲਵੇ) ਦਲਜੀਤ ਸਿੰਘ ਰਾਣਾ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਧੀਨ ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਰੇਲਵੇ ਸਟੇਸ਼ਨਾਂ ਤੇ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਲਈ ਵਿਸ਼ੇਸ਼ ਨਿਰਦੇਸ਼ ਦਿੱਤੇ ਗਏ ਹਨ। ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ਤੇ ਜੀਆਰਪੀ ਵੱਲੋਂ ਥਾਣਾ ਜੀਆਰਪੀ ਸਰਹਿੰਦ ਅਧੀਨ ਪੈਂਦੇ ਸਮੂਹ ਰੇਲਵੇ ਸਟੇਸ਼ਨਾਂ ਤੇ ਵਿਸ਼ੇਸ਼ ਤੌਰ 'ਤੇ ਦਿਨ ਅਤੇ ਰਾਤ ਨੂੰ ਚੈਕਿੰਗ ਕੀਤੀ ਜਾ ਰਹੀ ਹੈ। ਇਸ ਮੌਕੇ ਜੀਆਰਪੀ ਚੌਂਕੀ ਖੰਨਾ 'ਚ ਤਾਇਨਾਤ ਹੌਲਦਾਰ ਤੇਜਿੰਦਰ ਸਿੰਘ ਬਗਲੀ, ਪੀਐਚਜੀ ਭੁਪਿੰਦਰ ਕੁਮਾਰ ਸ਼ਰਮਾ, ਧਰਮਵੀਰ ਸਿੰਘ, ਮਹਿਲਾ ਮੁਲਾਜ਼ਮ ਚਰਨਜੀਤ ਕੌਰ ਅਤੇ ਜਸਵੀਰ ਕੌਰ ਆਦਿ ਤੋਂ ਇਲਾਵਾ ਜੀਆਰਪੀ ਅਤੇ ਆਰਪੀਐਫ ਦੇ ਹੋਰ ਮੁਲਾਜ਼ਮ ਵੀ ਮੌਜੂਦ ਸਨ।