ਚੋਣ ਅਬਜ਼ਰਵਰਾਂ ਅਤੇ ਡੀਸੀ ਵੱਲੋਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਤੇ ਪੋਲਿੰਗ ਏਜੰਟਾਂ ਨਾਲ ਵਿਸ਼ੇਸ਼ ਮੀਟਿੰਗ !!!

Last Updated: May 17 2019 17:11
Reading time: 1 min, 27 secs

ਲੋਕ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਭਾਰਤੀ ਚੋਣ ਕਮਿਸ਼ਨ ਵੱਲੋਂ ਨਿਯੁਕਤ ਕੀਤੇ ਸਪੈਸ਼ਲ ਅਬਜ਼ਰਵਰ ਰਾਗਵ ਚੰਦਰ ਵੱਲੋਂ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਅਤੇ ਪੋਲਿੰਗ ਏਜੰਟਾਂ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ। ਇਸ ਮੌਕੇ ਜਨ. ਅਬਜ਼ਰਵਰ ਮਸ਼ੀਰ ਆਲਮ, ਐਕਸਪੈਂਡੀਚਰ ਅਬਜ਼ਰਵਰ ਅਭੈਉਦੈ ਏ. ਅਨੰਦ ਅਤੇ ਪੁਲਿਸ ਅਬਜ਼ਰਵਰ ਬਿਨੀਆਨੰਦ ਅਤੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਚੰਦਰ ਗੈਂਦ ਵੀ ਹਾਜ਼ਰ ਸਨ। ਸਪੈਸ਼ਲ ਅਬਜ਼ਰਵਰ ਰਾਗਵ ਚੰਦਰ ਤੇ ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਜੇਕਰ ਉਨ੍ਹਾਂ ਨੂੰ ਲੋਕ ਸਭਾ ਚੋਣਾਂ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਮੁਸ਼ਕਲ ਪੇਸ਼ ਆ ਰਹੀ ਹੈ ਜਾਂ ਉਨ੍ਹਾਂ ਨੂੰ ਇਸ ਸਬੰਧੀ ਕੋਈ ਵੀ ਸ਼ਿਕਾਇਤ ਜਾਂ ਸ਼ੰਕਾ ਹੈ ਤਾਂ ਉਹ ਉਨ੍ਹਾਂ ਦੇ ਧਿਆਨ ਵਿੱਚ ਲਿਆ ਸਕਦੇ ਹਨ। 

ਇਸ ਉਪਰੰਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਪਣੇ ਕੰਮਾਂ ਨੂੰ ਬਾਖ਼ੂਬੀ ਨਿਭਾਇਆ ਜਾ ਰਿਹਾ ਹੈ ਤੇ ਉਨ੍ਹਾਂ ਨੂੰ ਪ੍ਰਸ਼ਾਸਨ ਤੇ ਬਹੁਤ ਨਾਜ਼ ਹੈ। ਡਿਪਟੀ ਕਮਿਸ਼ਨਰ ਨੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਲੋਕ ਸਭਾ ਚੋਣਾਂ ਸਬੰਧੀ ਉਨ੍ਹਾਂ ਨੂੰ ਪੈਸੇ ਅਤੇ ਨਸ਼ੇ ਦੀ ਵਰਤੋਂ ਜਾਂ ਫਿਰ ਕਿਸੇ ਕਿਸਮ ਦੀ ਗੜਬੜੀ ਹੋਣ ਦਾ ਖ਼ਦਸ਼ਾ ਹੈ ਤਾਂ ਉਹ ਬੇਝਿਜਕ ਹੋ ਕੇ ਦੱਸਣ ਤਾਂ ਜੋ ਇਸ ਤੇ ਤੁਰੰਤ ਬਣਦੀ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਫ਼ਿਰੋਜ਼ਪੁਰ ਹਲਕੇ ਲਈ ਚੋਣਾਂ ਨੂੰ ਨਿਰਵਿਘਨ ਅਤੇ ਨਿਰਪੱਖ ਢੰਗ ਨਾਲ ਕਰਵਾਉਣ ਲਈ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ ਅਤੇ ਜ਼ਿਲ੍ਹੇ ਵਿੱਚ 879 ਪੋਲਿੰਗ ਬੂਥ ਬਣਾਏ ਗਏ ਹਨ। 

ਉਨ੍ਹਾਂ ਦੱਸਿਆ ਕਿ ਪੋਲਿੰਗ ਬੂਥਾਂ 'ਤੇ ਵੋਟਰਾਂ ਨੂੰ ਆਪਣੀ ਵੋਟ ਭੁਗਤਾਉਣ ਲਈ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਇਸ ਉਪਰੰਤ ਉਨ੍ਹਾਂ ਨੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਵੀ ਅਪੀਲ ਕੀਤੀ ਕਿ ਉਹ ਲੋਕ ਸਭਾ ਚੋਣਾਂ ਨੂੰ ਸ਼ਾਂਤਮਈ ਢੰਗ ਨਾਲ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਪ੍ਰਸ਼ਾਸਨ ਦਾ ਸਹਿਯੋਗ ਦੇਣ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ.) ਰਵਿੰਦਰ ਸਿੰਘ, ਤਹਿਸੀਲਦਾਰ ਚੋਣਾਂ ਚਾਂਦ ਪ੍ਰਕਾਸ਼, ਐੱਸ.ਪੀ.ਐੱਚ. ਸੰਦੀਪ ਸ਼ਰਮਾ ਸਮੇਤ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਅਤੇ ਪੋਲਿੰਗ ਏਜੰਟ ਹਾਜ਼ਰ ਸਨ।