ਕਿਤੇ ਕੈਪਟਨ ਦਾ ਝੁੱਗਾ ਚੌੜ ਨਾ ਕਰਵਾ ਦੇਵੇ, ਸਿੱਧੂ ਜੋੜਾ !!! (ਵਿਅੰਗ)

Last Updated: May 17 2019 13:47
Reading time: 1 min, 46 secs

ਸਿਆਸੀ ਚੂੰਢਮਾਰਾਂ ਅਨੁਸਾਰ, ਮੰਨਿਆ ਕਿ, ਕੈਪਟਨ ਅਰਿੰਦਰ ਸਿੰਘ ਪਟਿਆਲਾ ਦੇ ਇੱਕ ਕੱਦਵਾਰ ਸਿਆਸੀ ਲੀਡਰ ਹਨ, ਪਰ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਉਨ੍ਹਾਂ ਦੀ ਧਰਮ ਪਤਨੀ ਨਵਜੋਤ ਕੌਰ ਸਿੱਧੂ ਵੀ ਕਿਸੇ ਦੀ ਪਹਿਚਾਣ ਦੇ ਮੌਹਤਾਜ਼ ਨਹੀਂ ਹੈ। ਗੱਲ ਕਰੀਏ ਜੇਕਰ ਸਿਆਸਤ ਦੀ, ਤਾਂ ਸਿਆਸਤ ਵਿੱਚ ਕੋਈ ਲੀਡਰ, ਅਹੁਦੇ ਵਿੱਚ ਤਾਂ ਜ਼ਰੂਰ ਵੱਡਾ ਜਾਂ ਛੋਟਾ ਹੋ ਸਕਦੈ ਹੈ ਪਰ, ਅਹਿਮੀਅਤ ਹਰੇਕ ਦੀ ਆਪੋ ਆਪਣੀ ਹੁੰਦੀ ਹੈ। 

ਸਿਆਸੀ ਮਾਹਿਰਾਂ ਅਨੁਸਾਰ, ਇੱਕ ਚੰਗਾ ਤੇ ਵਧੀਆ ਲੀਡਰ ਉਹੀ ਹੁੰਦਾ ਹੈ ਜੋ, ਹੋਰ ਲੀਡਰਾਂ ਨੂੰ ਆਪਣੇ ਗਲ ਦੀ ਮਾਲਾ ਦਾ ਇੱਕ ਮੋਤੀ ਸਮਝੇ। ਸਿਆਸੀ ਚੂੰਢੀਮਾਰਾਂ ਅਨੁਸਾਰ ਸ਼ਾਇਦ, ਮੋਤੀ ਮਹਿਲ ਵਾਲਿਆਂ ਨੂੰ ਇਸ ਗੱਲ ਦਾ ਇਲਮ ਨਹੀਂ ਹੈ, ਲੱਗਦੈ, ਅੱਜ ਵੀ ਉਨ੍ਹਾਂ ਦੇ ਦਿਮਾਗ ਤੇ ਰਜਵਾੜਾਸ਼ਾਹੀ ਦਾ ਭੂਤ ਸਵਾਰ ਹੈ ਵਰਨਾ, ਅੱਜ ਕਾਂਗਰਸ ਦੇ ਹੀ ਕੁਝ ਕੱਦਵਾਰ ਲੀਡਰ ਕੈਪਟਨ ਦੀ ਮੁਖ਼ਾਲਫ਼ ਤੇ ਨਾ ਉਤਰ ਆਏ ਹੁੰਦੇ, ਉਹ ਵੀ ਚੋਣਾਂ ਦੇ ਦਿਨਾਂ ਵਿੱਚ।  

ਦੋਸਤੋ, ਅੱਜ ਆਪਾਂ ਗੱਲ ਕਰਦੇ ਹਾਂ ਕੇਵਲ ਨਵਜੋਤ ਸਿੰਘ ਦੀ, ਉਹ ਨਵਜੋਤ ਸਿੰਘ ਦੀ, ਜਿਹੜੇ ਅੱਜ ਕਾਂਗਰਸ ਦੇ ਸਟਾਰ ਕੈਂਪੇਨਰ ਹੋਣ ਦੇ ਬਾਵਜੂਦ ਵੀ ਪੰਜਾਬ ਵਿੱਚ ਚੱਲ ਰਹੇ ਚੋਣ ਪ੍ਰਚਾਰ ਤੋਂ ਦੂਰ ਹਨ। ਇਹ ਦੂਰੀਆਂ ਸਿੱਧੂ ਨੇ ਆਪੇ ਹੀ ਬਣਾ ਲਈਆਂ ਹਨ ਜਾਂ ਫ਼ਿਰ ਉਨ੍ਹਾਂ ਨੂੰ ਦੂਰੀਆਂ ਬਣਾਉਣ ਲਈ ਮਜਬੂਰ ਕਰ ਦਿੱਤਾ ਗਿਆ ਹੈ, ਉਹ ਇੱਕ ਵੱਖਰਾ ਤੇ ਖੋਜ ਦਾ ਵਿਸ਼ਾ ਹੈ ਪਰ, ਜ਼ਮੀਨੀ ਹਕੀਕਤ ਤਾਂ ਇਹੋ ਹੈ ਕਿ, ਸਿੱਧੂ ਸੂਬੇ ਦੀਆਂ ਚੋਣ ਸਟੇਜਾਂ ਤੇ ਨਹੀਂ ਚੜ ਰਹੇ ਹਨ। 

ਦੋਸਤੋ, ਕੈਪਟਨ ਤਾਂ ਭਾਵੇਂ ਖ਼ਾਮੋਸ਼ ਹਨ, ਪਰ ਨਵਜੋਤ ਸਿੰਘ ਸਿੱਧੂ ਤੇ ਉਨ੍ਹਾਂ ਦੀ ਧਰਮ ਪਤਨੀ ਨਵਜੋਤ ਕੌਰ ਸਿੱਧੂ ਬੇਬਾਕ ਤੇ ਸਿੱਧਾ ਬੋਲ ਰਹੇ ਹਨ। ਅੰਮ੍ਰਿਤਸਰ ਤੋਂ ਟਿਕਟ ਨਾ ਮਿਲਣ ਕਾਰਨ ਖ਼ਫ਼ਾ ਸ੍ਰੀਮਤੀ ਸਿੱਧੂ, ਕੈਪਟਨ ਨੂੰ ਖਰੀਆਂ ਖੋਟੀਆਂ ਸੁਣਾ ਰਹੇ ਹਨ ਤੇ ਸਿੱਧੂ ਵੀ ਉਨ੍ਹਾਂ ਦੀ ਹਰ ਗੱਲ ਤੇ ਮੋਹਰ ਲਗਾਉਂਦੇ ਨਜ਼ਰ ਆ ਰਹੇ ਹਨ। ਸਿੱਧੂ ਜੋੜਾ ਕਈ ਵਾਰ ਰਾਹੁਲ ਗਾਂਧੀ ਨੂੰ ਆਪਣਾ ਅਸਲ ਕੈਪਟਨ ਦੱਸ ਚੁੱਕੇ ਹਨ ਤੇ ਬਿਨਾਂ ਝਿਜਕ ਉਨ੍ਹਾਂ ਇਹ ਵੀ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ, ਉਨ੍ਹਾਂ ਦੀ ਟਿਕਟ ਛੋਟੇ ਕੈਪਟਨ ਨੇ ਹੀ ਕਟਵਾਈ ਹੈ। ਬਿਨਾਂ ਸ਼ੱਕ ਕੈਪਟਨ ਤੇ ਸਿੱਧੂ ਜੋੜੇ ਦਰਮਿਆਨ ਕਾਟੋ ਕਲੇਸ਼ ਵਧਦਾ ਜਾ ਰਿਹਾ ਹੈ, ਜਿਸਦੇ ਚੱਲਦਿਆਂ ਇਹ ਗੱਲ ਪੂਰੇ ਯਕੀਨ ਨਾਲ ਨਹੀਂ ਆਖੀ ਜਾ ਸਕਦੀ ਕਿ, ਸਿੱਧੂ ਜੋੜੇ ਦੀ ਨਰਾਜ਼ਗੀ ਚੋਣਾਂ ਵਿੱਚ ਕੈਪਟਨ ਦਾ ਝੁੱਗਾ ਚੌੜ ਨਹੀਂ ਕਰਵਾ ਦੇਵੇਗੀ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।