ਫਾਇਰ ਅਧਿਕਾਰੀ ਦੀ ਗ੍ਰਿਫ਼ਤਾਰੀ ਪੁੰਨ ਦਾ ਕੰਮ: ਕਟਾਰੀਆ

Last Updated: May 16 2019 19:05
Reading time: 1 min, 2 secs

ਸ਼ਿਵ ਸੈਨਾ (ਬਾਲ ਠਾਕਰੇ) ਪੰਜਾਬ ਦੇ ਸੀਨੀਅਰ ਉਪ ਪ੍ਰਧਾਨ ਜਗਦੀਸ਼ ਕਟਾਰੀਆ ਨੇ ਐੱਸ.ਐੱਸ.ਪੀ. ਵਿਜੀਲੈਂਸ, ਜਲੰਧਰ ਦਲਜਿੰਦਰ ਸਿੰਘ ਢਿੱਲੋਂ ਨੂੰ ਮਿਲੀ ਇੱਕ ਸ਼ਿਕਾਇਤ ਤੇ ਇਸ ਸਬੰਧੀ ਦਿੱਤੇ ਗਏ ਸਖਤ ਆਦੇਸ਼ਾਂ 'ਤੇ ਵਿਜੀਲੈਂਸ ਵਿਭਾਗ, ਕਪੂਰਥਲਾ ਦੀ ਪੁਲਿਸ ਵੱਲੋਂ ਡੀ.ਐੱਸ.ਪੀ. ਕਰਮਵੀਰ ਸਿੰਘ ਦੀ ਸਫਲ ਅਗਵਾਈ 'ਚ ਨਗਰ ਕੌਂਸਲ, ਕਪੂਰਥਲਾ 'ਚ ਤਾਇਨਾਤ ਇੱਕ ਫਾਇਰ ਅਧਿਕਾਰੀ ਅਜੈ ਗੋਇਲ ਨੂੰ ਪੈਟਰੋਲ ਪੰਪ ਲਗਾਉਣ ਦੇ ਲਈ ਐਨ.ਓ.ਸੀ. ਦੇਣ ਦੇ ਨਾਮ 'ਤੇ 10 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕਰਨ ਦਾ ਸੁਆਗਤ ਕਰਦਿਆਂ ਇਸਨੂੰ ਲੋਕ ਹਿੱਤ 'ਚ ਸ਼ਲਾਘਾਯੋਗ ਤੇ ਪੁੰਨ ਦਾ ਕੰਮ ਕਰਾਰ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਵਿਜੀਲੈਂਸ ਵਿਭਾਗ ਵੱਲੋਂ ਅਜਿਹਾ ਕਰਨ ਨਾਲ ਭ੍ਰਿਸ਼ਟਾਚਾਰ ਤੇ ਰਿਸ਼ਵਤਖੋਰੀ ਦੀ ਗੋਦ 'ਚ ਬੈਠ ਕੇ ਸਰਕਾਰੀ ਡਿਊਟੀ ਕਰਨ ਤੇ ਲੋਕਤੰਤਰ ਦੀਆਂ ਧੱਜੀਆਂ ਉਡਾਉਣ ਵਾਲੇ ਕਥਿਤ ਭ੍ਰਿਸ਼ਟ ਤੇ ਰਿਸ਼ਵਤਖੋਰ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਕੁਝ ਸਬਕ ਮਿਲੇਗਾ ਤੇ ਇਮਾਨਦਾਰਾਂ ਦਾ ਹੌਸਲਾ ਵੀ ਵੱਧੇਗਾ। ਉਨ੍ਹਾਂ ਉਮੀਦ ਪ੍ਰਗਟ ਕੀਤੀ ਹੈ ਕਿ ਵਿਜੀਲੈਂਸ ਵਿਭਾਗ ਸਿਆਸੀ ਤੇ ਪ੍ਰਸ਼ਾਸਨਿਕ ਢਾਂਚੇ 'ਚ ਬੈਠੀਆਂ ਕੁਝ ਕਥਿਤ ਛੋਟੀਆਂ ਮੱਛੀਆਂ ਦੇ ਨਾਲ-ਨਾਲ ਵੱਡੇ ਮਗਰਮੱਛਾਂ ਨੂੰ ਵੀ ਸਲਾਖਾਂ ਦੇ ਪਿੱਛੇ ਭੇਜਣ ਦਾ ਜਲਵਾ ਤੇ ਹਿੰਮਤ ਦਿਖਾਏਗਾ। ਕਟਾਰੀਆ ਨੇ ਕਿਹਾ ਕਿ ਸ਼ਿਵ ਸੈਨਾ (ਬਾਲ ਠਾਕਰੇ) ਦੇਸ਼ ਦੇ ਸਿਆਸੀ ਤੇ ਪ੍ਰਸ਼ਾਸਨਿਕ ਢਾਂਚੇ 'ਚ ਬੈਠੇ ਕਥਿਤ ਭ੍ਰਿਸ਼ਟ, ਰਿਸ਼ਵਤਖੋਰਾਂ ਤੇ ਘਪਲੇਬਾਜ਼ਾਂ ਨੂੰ ਕਿਸੇ ਵੀ ਕੀਮਤ 'ਤੇ ਸਹਿਣ ਨਹੀਂ ਕਰੇਗੀ। ਇਸ ਮੌਕੇ ਸ਼ਿਵ ਸੈਨਾ ਦੇ ਸਥਾਨਕ ਆਗੂ ਰਾਜੇਸ਼ ਕਨੌਜੀਆ (ਸ਼ੇਖੂਪੁਰ) ਵੀ ਹਾਜ਼ਰ ਸਨ।