ਸਹਾਇਕ ਰਿਟਰਨਿੰਗ ਅਫ਼ਸਰਾਂ ਦੀਆਂ ਅੱਖਾਂ ਤੇ ਕੰਨਾਂ ਦੀ ਭੂਮਿਕਾ ਨਿਭਾਉਣਗੇ ਸੈਕਟਰ ਅਫ਼ਸਰ- ਚੋਣ ਆਬਜ਼ਰਵਰ

Last Updated: May 16 2019 19:10

19 ਮਈ ਨੂੰ ਹੋਣ ਵਾਲੀਆਂ ਲੋਕ ਚੋਣਾਂ ਮੌਕੇ ਸੈਕਟਰ ਅਫ਼ਸਰ, ਸਹਾਇਕ ਰਿਟਰਨਿੰਗ ਅਫ਼ਸਰ ਦੀਆਂ ਅੱਖਾਂ ਤੇ ਕੰਨਾਂ ਵਜੋਂ ਭੂਮਿਕਾ ਨਿਭਾਉਣਗੇ। ਸੈਕਟਰ ਅਫ਼ਸਰਾਂ ਦੀ ਚੋਣਾਂ ਵਾਲੇ ਦਿਨ ਸਭ ਤੋਂ ਮਹੱਤਵਪੂਰਨ ਡਿਊਟੀ ਹੋਵੇਗੀ, ਜਿੱਥੇ ਉਨ੍ਹਾਂ ਵੱਲੋਂ ਸਵੇਰ ਵੇਲੇ ਵੋਟਾਂ ਪੈਣ ਦੀ ਸ਼ੁਰੂਆਤ ਤੋਂ ਲੈ ਕੇ ਵੋਟਿੰਗ ਖ਼ਤਮ ਹੋਣ ਤੱਕ ਅਹਿਮ ਜ਼ਿੰਮੇਵਾਰੀ ਨਿਭਾਈ ਜਾਵੇਗੀ, ਉੱਥੇ ਉਹ ਪੋਲਿੰਗ ਬੂਥਾਂ ਤੇ ਅਮਨ ਕਾਨੂੰਨ ਦੀ ਵਿਵਸਥਾ ਨੂੰ ਕਾਇਮ ਰੱਖਣ ਲਈ ਵੀ ਵਿਸ਼ੇਸ਼ ਨਜ਼ਰ ਰੱਖਣਗੇ। ਇਨ੍ਹਾਂ ਵਿੱਚਾਰਾਂ ਦਾ ਪ੍ਰਗਟਾਵਾ ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਜਨਰਲ ਚੋਣ ਆਬਜ਼ਰਵਰ ਸ਼ਿਆਮਲ ਕਿਸ਼ੋਰ ਪਾਠਕ ਨੇ ਲੋਕ ਸਭਾ ਹਲਕਾ ਫ਼ਤਹਿਗੜ ਸਾਹਿਬ 'ਚ ਪੈਂਦੇ ਜ਼ਿਲ੍ਹਾ ਲੁਧਿਆਣਾ ਤੇ ਜ਼ਿਲ੍ਹਾ ਸੰਗਰੂਰ ਦੇ ਵਿਧਾਨ ਸਭਾ ਹਲਕਿਆਂ ਦੇ ਸਹਾਇਕ ਰਿਟਰਨਿੰਗ ਅਫ਼ਸਰਾਂ, ਸੈਕਟਰ ਅਫ਼ਸਰਾਂ ਅਤੇ ਹੋਰ ਪੋਲਿੰਗ ਸਟਾਫ ਦੀ ਬੁਲਾਈ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਕੀਤਾ।

ਮੀਟਿੰਗ ਦੌਰਾਨ ਚੋਣ ਆਬਜ਼ਰਵਰ ਸ਼ਿਆਮਲ ਕਿਸ਼ੋਰ ਪਾਠਕ ਨੇ ਸੈਕਟਰ ਅਫ਼ਸਰਾਂ ਨੂੰ ਕਿਹਾ ਕਿ ਪੋਲਿੰਗ ਪਾਰਟੀਆਂ ਦੇ ਬੂਥਾਂ ਤੇ ਪੁੱਜਣ ਅਤੇ ਉਹ ਬੂਥਾਂ ਤੇ ਖ਼ੁਦ ਜਾ ਕੇ ਸਾਰੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਅਤੇ ਪੋਲਿੰਗ ਪਾਰਟੀਆਂ ਵੱਲੋਂ ਚੋਣ ਸਮਗਰੀ ਲੈ ਕੇ ਰਵਾਨਾ ਹੋਣ ਤੋਂ ਲੈ ਕੇ ਵੋਟਾਂ ਪੈਣ ਉਪਰੰਤ ਪਾਰਟੀਆਂ ਵੱਲੋਂ ਚੋਣ ਸਮਗਰੀ ਜਮਾਂ ਕਰਵਾਏ ਜਾਣ ਤੱਕ ਪੋਲਿੰਗ ਪਾਰਟੀਆਂ ਨਾਲ ਲਗਾਤਾਰ ਰਾਬਤਾ ਕਾਇਮ ਰੱਖਣ। ਜੇਕਰ ਉਨ੍ਹਾਂ ਅਧੀਨ ਪੈਂਦੇ ਖੇਤਰ ਵਿੱਚ ਕਿਸੇ ਕਿਸਮ ਦੀ ਗੜਬੜੀ ਦੀ ਸ਼ੰਕਾ ਪੈਦਾ ਹੁੰਦੀ ਹੈ ਤਾਂ ਉਹ ਉਸ ਸਬੰਧੀ ਤੁਰੰਤ ਸੂਚਨਾ ਸੀਨੀਅਰ ਅਧਿਕਾਰੀਆਂ ਨੂੰ ਦੇਣ।

ਮੀਟਿੰਗ ਨੂੰ ਸੰਬੋਧਨ ਕਰਦੇ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਡਾ. ਪ੍ਰਸ਼ਾਂਤ ਕੁਮਾਰ ਗੋਇਲ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੱਲ ਰਿਹਾ ਚੋਣ ਪ੍ਰਚਾਰ 17 ਮਈ ਦੀ ਸ਼ਾਮ 6 ਵਜੇ ਤੋਂ ਬੰਦ ਹੋ ਜਾਵੇਗਾ ਅਤੇ ਇਲੈਕਟ੍ਰਾਨਿਕ ਮੀਡੀਆ, ਸਿਨੇਮਾ ਹਾਲ ਤੇ ਹੋਰ ਪ੍ਰਚਾਰ ਸਾਧਨਾਂ ਤੇ ਚੋਣ ਪ੍ਰਚਾਰ ਦੀ ਰੋਕ ਦੇ ਨਾਲ ਨਾਲ ਲਾਊਡ ਸਪੀਕਰਾਂ ਦੇ ਇਸਤੇਮਾਲ ਕਰਨ ਤੇ ਵੀ ਰੋਕ ਲੱਗ ਜਾਵੇਗੀ। ਇਸ ਦੌਰਾਨ ਪ੍ਰਿੰਟ ਮੀਡੀਆ ਵਿੱਚ ਇਸ਼ਤਿਹਾਰਬਾਜ਼ੀ ਕਰਨ ਲਈ ਰਿਟਰਨਿੰਗ ਅਫ਼ਸਰਾਂ ਪਾਸੋਂ ਪ੍ਰੀ ਸਰਟੀਫਿਕੇਸ਼ਨ ਕਰਵਾਉਣੀ ਜ਼ਰੂਰੀ ਹੋਵੇਗੀ। ਚੋਣਾਂ ਸਬੰਧੀ ਕਿਸੇ ਵੀ ਤਰ੍ਹਾਂ ਦੇ ਚੋਣ ਸਰਵੇਖਣ (ਐਗਜ਼ਿਟ ਪੋਲ ਅਤੇ ਪੋਲ ਓਪੀਨੀਅਨ) ਤੇ ਵੀ ਚੋਣ ਕਮਿਸ਼ਨ ਦੇ ਪਹਿਲਾਂ ਜਾਰੀ ਹੁਕਮਾਂ ਮੁਤਾਬਕ ਰੋਕ ਜਾਰੀ ਰਹੇਗੀ। ਚੋਣ ਕਮਿਸ਼ਨ ਦੇ ਉਕਤ ਹੁਕਮਾਂ ਦੀ ਉਲੰਘਣਾ ਕਰਨ ਵਾਲਾ ਜਨਪ੍ਰਤੀਨਿਧੀ ਐਕਟ 1951 ਦੀ ਧਾਰਾ 126 ਤਹਿਤ 2 ਸਾਲ ਦੀ ਸਜ਼ਾ ਅਤੇ ਜੁਰਮਾਨੇ ਦਾ ਭਾਗੀਦਾਰ ਬਣ ਸਕਦਾ ਹੈ।

ਜ਼ਿਲ੍ਹਾ ਚੋਣ ਅਫ਼ਸਰ ਡਾ. ਗੋਇਲ ਨੇ ਸੈਕਟਰ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਉਹ ਪ੍ਰੀਜ਼ਾਈਡਿੰਗ ਅਫ਼ਸਰਾਂ ਨਾਲ ਮੁਕੰਮਲ ਤੌਰ ਤੇ ਰਾਬਤਾ ਕਾਇਮ ਰੱਖਣ, ਜੇਕਰ ਉਨ੍ਹਾਂ ਨੂੰ ਪੋਲਿੰਗ ਬੂਥ ਤੇ ਕਿਸੇ ਕਿਸਮ ਦੀ ਮੁਸ਼ਕਲ ਆਉਂਦੀ ਹੈ ਤਾਂ ਉਸਦਾ ਤੁਰੰਤ ਨਿਪਟਾਰਾ ਕਰਨ ਨੂੰ ਯਕੀਨੀ ਬਣਾਇਆ ਜਾਵੇ। ਜੇ ਕਿਸੇ ਖੇਤਰ ਵਿੱਚੋਂ ਵੋਟਰ ਵੋਟ ਲਈ ਨਹੀਂ ਆ ਰਹੇ ਜਾਂ ਘੱਟ ਆ ਹਹੇ ਹਨ ਤਾਂ ਸੈਕਟਰ ਅਫ਼ਸਰ ਉਸ ਥਾਂ ਦਾ ਖ਼ੁਦ ਜਾ ਕੇ ਜਾਇਜ਼ਾ ਲੈਣ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੋਈ ਵੀ ਕਿਸੇ ਵੀ ਢੰਗ ਨਾਲ ਵੋਟਰਾਂ ਨੂੰ ਵੋਟ ਪਾਉਣ ਤੋਂ ਨਾ ਰੋਕੇ। ਸੈਕਟਰ ਅਫ਼ਸਰ ਇਹ ਵੀ ਯਕੀਨੀ ਬਣਾਉਣ ਕਿ ਬੂਥਾਂ ਤੇ ਜਿਹੜੇ ਵਲੰਟੀਅਰ ਤਾਇਨਾਤ ਕੀਤੇ ਗਏ ਹਨ, ਉਹ ਆਪਣੀ ਜ਼ਿੰਮੇਵਾਰੀ ਠੀਕ ਢੰਗ ਨਾਲ ਨਿਭਾਉਣ ਤਾਂ ਕਿ ਵੋਟਰਾਂ ਨੂੰ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ।