ਸਿਰਫ਼ ਪੈਰਾਸਿਟਾਮੋਲ ਗੋਲੀ ਬਚਾ ਸਕਦੀ ਏ ਡੇਂਗੂ ਤੋਂ !!!

Last Updated: May 16 2019 18:40
Reading time: 1 min, 15 secs

ਡੇਂਗੂ ਦੇ ਪ੍ਰਕੋਪ ਨੂੰ ਰੋਕਣ ਅਤੇ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਦੇ ਮੰਤਵ ਨੂੰ ਮੁੱਖ ਰੱਖਦਿਆਂ ਸਿਹਤ ਵਿਭਾਗ ਮਮਦੋਟ ਦੀ ਟੀਮ ਵੱਲੋਂ ਡਾ. ਰਜਿੰਦਰ ਕੁਮਾਰ ਸਿਵਲ ਸਰਜਨ ਫ਼ਿਰੋਜ਼ਪੁਰ ਦੇ ਦਿਸ਼ਾ ਨਿਰਦੇਸ਼ਾਂ ਤੇ ਡਾ. ਰਜਿੰਦਰ ਮਨਚੰਦਾ ਦੀ ਅਗਵਾਈ ਹੇਠ ਰੈਲੀ ਕੱਢ ਕੇ ਲੋਕਾਂ ਨੂੰ ਡੇਂਗੂ ਦੇ ਡੰਗ ਤੋਂ ਬੱਚਣ ਦਾ ਸੁਨੇਹਾ ਦਿੱਤਾ ਗਿਆ। ਅੱਜ ਸੀ ਐਚ ਸੀ ਮਮਦੋਟ ਤੋਂ ਕੱਢੀ ਗਈ ਇਸ ਰੈਲੀ ਨੂੰ ਡਾ. ਹਿਨਾ ਮੈਡੀਕਲ ਅਫਸਰ ਵੱਲੋਂ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ ਗਿਆ। ਕੌਮੀ ਡੇਗੂ ਦਿਹਾੜੇ ਤੇ ਡੇਂਗੂ ਨੂੰ ਫੈਲਣ ਤੋਂ ਰੋਕਣ ਅਤੇ ਇਸ ਤੋਂ ਬਚਾਅ ਬਾਰੇ ਜਾਗਰੂਕ ਕਰਦਿਆਂ ਅੰਕੁਸ਼ ਭੰਡਾਰੀ ਬੀ ਈ ਈ, ਅਮਰਜੀਤ ਐਮ.ਪੀ.ਐਚ.ਡਬਲਯੂ (ਮੇਲ) ਨੇ ਆਮ ਲੋਕਾਂ ਨੂੰ ਜਾਗਰੂਕ ਕਰਦਿਆਂ ਦੱਸਿਆ ਕਿ ਡੇਂਗੂ ਬੁਖ਼ਾਰ ਏਡੀਜ਼ ਨਾਮ ਦੇ ਮੱਛਰ ਨਾਲ ਫੈਲਦਾ ਹੈ ਅਤੇ ਇਹ ਸਾਫ਼ ਅਤੇ ਖੜੇ ਪਾਣੀ ਵਿੱਚ ਪਨਪਦਾ ਹੈ।

ਲੱਛਣਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਤੇਜ਼ ਬੁਖ਼ਾਰ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ, ਮਸੁੜੀਆਂ ਵਿੱਚੋਂ ਖ਼ੂਨ ਆਉਣਾ, ਘਬਰਾਹਟ ਹੋਣੀ, ਉਲਟੀਆਂ ਆਉਣੀਆਂ ਆਦਿ ਇਸਦੇ ਮੁੱਖ ਲੱਛਣ ਹਨ ਅਤੇ ਅਜਿਹਾ ਮਹਿਸੂਸ ਹੋਣ ਤੇ ਮਰੀਜ਼ ਨੂੰ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ ਤਾਂ ਜੋ ਸਮੇਂ ਤੇ ਉਸ ਦਾ ਇਲਾਜ ਸੰਭਵ ਹੋ ਸਕੇ। ਉਨ੍ਹਾਂ ਦੱਸਿਆ ਕਿ ਇਹ ਮੱਛਰ ਦਿਨ ਦੇ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਕੱਟਦਾ ਹੈ, ਜਿਸ ਨਾਲ ਵਿਅਕਤੀ ਦੇ ਪਲੇਟਲੈਟ ਘੱਟ ਜਾਂਦੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਦੋਂ ਵਿਅਕਤੀ ਦੇ ਪਲੇਟਲੈਟ ਘਟਦੇ ਹਨ ਤਾਂ ਉਹ ਤੁਰੰਤ ਨੇੜੇ ਦੇ ਸਰਕਾਰੀ ਹਸਪਤਾਲ ਵਿੱਚ ਜਾ ਕੇ ਆਪਣਾ ਇਲਾਜ ਕਰਵਾਉਣ। ਡੇਂਗੂ ਦਾ ਬੁਖ਼ਾਰ ਹੋਣ ਤੇ ਸਿਰਫ਼ ਪੈਰਾਸਿਟਾਮੋਲ ਦੀ ਗੋਲੀ ਹੀ ਖਾਣੀ ਚਾਹੀਦੀ ਹੈ ਅਤੇ ਐਸਪਰੀਨ ਦੀ ਗੋਲੀ ਦੀ ਵਰਤੋਂ ਨਾ ਕੀਤੀ ਜਾਵੇ।