ਪੰਜਾਬ ਰਾਜ ਬਿਜਲੀ ਬੋਰਡ ਇੰਪਲਾਈਜ਼ ਯੂਨੀਅਨ ਵਲੋਂ ਗੁਰਦਾਸਪੁਰ ਹਲਕੇ ਉਮੀਦਵਾਰ ਸੁਨੀਲ ਜਾਖੜ ਦੀ ਹਿਮਾਇਤ ਦਾ ਐਲਾਨ

Last Updated: May 16 2019 18:35
Reading time: 1 min, 45 secs

ਪੰਜਾਬ ਰਾਜ ਬਿਜਲੀ ਬੋਰਡ ਇੰਪਲਾਈਜ਼ ਯੂਨੀਅਨ ਨੇ ਅੱਜ ਇੱਥੋਂ ਦੇ ਕਾਲੀਆ ਪੈਲੇਸ ਵਿੱਚ ਆਪਣਾ ਇੱਕ ਵਿਸ਼ਾਲ ਇਕੱਠ ਕਰ ਕੇ ਆ ਰਹੀਆਂ ਲੋਕ ਸਭਾ ਚੋਣਾਂ ਵਿੱਚ ਗੁਰਦਾਸਪੁਰ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਨੀਲ ਜਾਖੜ ਦੀ ਹਿਮਾਇਤ ਕਰਨ ਦਾ ਐਲਾਨ ਕੀਤਾ ਹੈ। ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਗੁਰਵੇਲ ਸਿੰਘ ਬੱਲਪੁਰੀਆਂ ਨੇ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਹਾਜ਼ਰੀ ਵਿੱਚ ਇਹ ਐਲਾਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਯੂਨੀਅਨ ਇਹ ਮਹਿਸੂਸ ਕਰਦੀ ਹੈ ਕਿ ਮੋਦੀ ਵਲੋਂ ਫ਼ਿਲਮੀ ਐਕਟਰਾਂ, ਸਾਧਵੀਆਂ ਅਤੇ ਡੇਰੇਦਾਰਾਂ ਰਾਹੀਂ ਸਤਾ ਉੱਤੇ ਕਾਬਜ਼ ਹੋਣ ਦੇ ਵਰਤਾਰੇ ਨੂੰ ਠੱਲ੍ਹ ਪਾਈ ਜਾਣੀ ਚਾਹੀਦੀ ਹੈ।

ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਇਸ ਮੌਕੇ ਬੋਲਦਿਆਂ ਪੰਜਾਬ ਰਾਜ ਬਿਜਲੀ ਬੋਰਡ ਇੰਪਲਾਈਜ਼ ਯੂਨੀਅਨ ਵਲੋਂ ਕੀਤੇ ਗਏ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਫ਼ੈਸਲਾ  ਬਹੁਤ ਹੀ ਦੂਰਦਰਸ਼ੀ ਅਤੇ ਸਿਆਸੀ ਸਿਆਣਪ ਵਾਲਾ ਹੈ ਕਿਉਂਕਿ ਸਨੀ ਦਿਉਲ ਵਰਗੇ ਗੈਰ ਸੰਜੀਦਾ ਵਿਅਕਤੀਆਂ ਦੀ ਲੋਕਤੰਤਰ ਦੇ ਸਭ ਤੋਂ ਉੱਚੇ ਅਦਾਰੇ ਲੋਕ ਸਭਾ ਵਿੱਚ ਕੋਈ ਥਾਂ ਨਹੀਂ ਹੋਣੀ ਚਾਹੀਦੀ। ਉਨ੍ਹਾਂ ਨੇ ਕਿਹਾ ਕਿ ਉੱਥੇ ਬੈਠ ਕੇ ਮੁਲਕ ਨੂੰ ਚਲਾਉਣ ਲਈ ਕਾਨੂੰਨ ਅਤੇ ਨੀਤੀਆਂ ਘੜੀਆਂ ਜਾਂਦੀਆਂ ਹਨ, ਇਸ ਲਈ ਉੱਥੇ ਸੁਨੀਲ ਜਾਖੜ ਵਰਗੇ ਗੰਭੀਰ ਚਿੰਤਕ, ਦੂਰਦ੍ਰਿਸ਼ਟ ਆਗੂ ਅਤੇ ਲੋਕਾਂ ਦੇ ਹਿੱਤਾਂ ਨਾਲ ਬੱਝੇ ਹੋਏ ਸਿਆਸਤਦਾਨ ਜਾਣੇ ਚਾਹੀਦੇ ਹਨ।

ਸ਼੍ਰੀ ਬਾਜਵਾ ਨੇ ਕਿਹਾ ਕਿ ਇਸ ਵੇਲੇ ਮੁਲਕ ਦੀ ਸਭ ਤੋਂ ਵੱਡੀ ਤ੍ਰਾਸਦੀ ਇਹ ਹੈ ਕਿ ਮੋਦੀ-ਸ਼ਾਹ ਦੀ ਜੋੜੀ ਇਸ ਨੂੰ ਫ਼ਿਰਕੂ ਲੀਹਾਂ ਉੱਤੇ ਵੰਡ ਕੇ ਆਪਣਾ ਰਾਜ ਪੱਕਾ ਕਰਨਾ ਚਾਹੁੰਦੀ ਹੈ ਜੋ ਦੇਸ਼ ਲਈ ਬਹੁਤ ਹੀ ਘਾਤਕ ਸਾਬਤ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਮੋਦੀ-ਸ਼ਾਹ ਦੀ ਜੋੜੀ ਨੇ ਆਪਣੇ ਇਸ ਨਾਪਾਕ ਮਕਸਦ ਦੀ ਪੂਰਤੀ ਲਈ ਭਾਰਤੀ ਜਨਤਾ ਪਾਰਟੀ ਦੇ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਅਥੇ ਸੁਸ਼ਮਾ ਸਵਰਾਜ ਵਰਗੇ ਸੀਨੀਅਰ ਆਗੂਆਂ ਨੂੰ ਦਰਕਿਨਾਰ ਕਰ ਦਿੱਤਾ ਹੈ। ਸ਼੍ਰੀ ਬਾਜਵਾ ਨੇ ਕਿਹਾ ਕਿ ਮੋਦੀ ਦੀਆਂ ਫ਼ਿਰਕੂ, ਤਾਨਾਸ਼ਾਹ ਅਤੇ ਖ਼ੁਦਗ਼ਰਜ਼ ਨੀਤੀਆਂ ਕਾਰਨ ਮੁਲਕ ਦੀ ਏਕਤਾ, ਅਖੰਡਤਾ ਅਤੇ ਮਜ਼ਬੂਤੀ ਲਈ ਬਹੁਤ ਹੀ ਹਾਨੀਕਾਰਕ ਸਾਬਤ ਹੋਣਗੀਆਂ।

ਕੈਬਨਿਟ ਮੰਤਰੀ ਨੇ ਇਸ ਮੌਕੇ ਇੰਪਲਾਈਜ਼ ਯੂਨੀਅਨ ਵਲੋਂ ਰੱਖੀਆਂ ਗਈਆਂ ਅਤੇ ਮਸਲਿਆਂ ਪ੍ਰਤੀ ਹਾਂ ਪੱਖੀ ਹੁੰਗਾਰਾ ਭਰਦਿਆਂ ਕਿਹਾ ਕਿ ਇਹ ਸਾਰੇ ਮਾਮਲੇ ਚੋਣਾਂ ਤੋਂ ਬਾਅਦ ਹੱਲ ਕਰ ਲਏ ਜਾਣਗੇ। ਇਸ ਇਕੱਠ ਨੂੰ ਹੋਰਨਾਂ ਤੋਂ ਇਲਾਵਾ ਯੂਨੀਅਨ ਦੇ ਮੀਤ ਪ੍ਰਧਾਨ ਸਰਵਣ ਸਿੰਘ ਡੱਲਾ, ਗੁਰਦਿਆਲ ਸਿੰਘ, ਪ੍ਰਧਾਨ ਕਾਦੀਆਂ, ਦਿਲਬਾਗ ਸਿੰਘ ਪ੍ਰਧਾਨ ਬਟਾਲਾ ਅਤੇ ਜਸਵੰਤ ਸਿੰਘ ਪੰਨੂ, ਸਕੱਤਰ ਬਾਰਡਰ ਜ਼ੋਨ ਨੇ ਵੀ ਸੰਬੋਧਨ ਕੀਤਾ।