17 ਮਈ ਨੂੰ ਸ਼ਾਮ 5 ਵਜੇ ਤੋਂ ਬਾਅਦ ਜ਼ਿਲ੍ਹੇ ਤੋਂ ਬਾਹਰਲੇ ਆਏ ਹਮਾਇਤੀਆਂ ਨੂੰ ਜਾਣਾ ਪਵੇਗਾ ਬਾਹਰ

Last Updated: May 16 2019 18:36
Reading time: 1 min, 38 secs

ਵਿਪੁਲ ਉਜਵਲ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਜ਼ਿਲ੍ਹੇ ਦੀਆਂ ਸਮੂਹ ਮਾਨਤਾ ਪ੍ਰਾਪਤ ਰਾਜਸੀ ਪਾਰਟੀਆਂ ਦੇ ਜ਼ਿਲ੍ਹਾ ਪ੍ਰਧਾਨਾਂ ਅਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧਾਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਤੇਜਿੰਦਰਪਾਲ ਸਿੰਘ ਸੰਧੂ ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਜ) ਵੀ ਮੌਜੂਦ ਸਨ। ਆਪਣੇ ਦਫ਼ਤਰ ਵਿੱਚ ਮੀਟਿੰਗ ਕਰਦਿਆਂ ਵਿਪੁਲ ਉਜਵਲ ਨੇ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧਾਂ ਨਾਲ ਉਨ੍ਹਾਂ ਦੀਆਂ ਪਾਰਟੀਆਂ ਵੱਲੋਂ ਉਨ੍ਹਾਂ ਦੇ ਚੋਣ ਲੜ ਰਹੇ ਉਮੀਦਵਾਰ ਵੱਲੋਂ ਪੋਲਿੰਗ ਅਤੇ ਕਾਊਟਿੰਗ ਵਾਲੇ ਦਿਨ (ਮਿਤੀ 19-05-19 ਅਤੇ ਮਿਤੀ 23-05-19) ਵਰਤੀਆਂ ਜਾਣ ਵਾਲੀਆਂ ਆਈਟਮਾਂ ਦੇ ਰੇਟ ਫਿਕਸ ਕਰਨ ਸਬੰਧੀ ਵਿੱਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਵਿੱਚ ਦੱਸਿਆ ਗਿਆ ਕਿ ਟੇਬਲ ਦਾ ਪ੍ਰਤੀ ਦਿਨ ਰੇਟ 25, ਟੇਬਲ ਕਲਾਥ ਦਾ ਪ੍ਰਤੀ ਦਿਨ 10 ਰੁਪਏ, ਕੁਰਸੀ ਦਾ ਪ੍ਰਤੀ ਦਿਨ 8 ਰੁਪਏ ਅਤੇ ਰਿਫਰੈਸ਼ਮੈਂਟ ਦਾ ਪ੍ਰਤੀ ਵਿਅਕਤੀ 150 ਰੁਪਏ ਰੇਟ ਹੋਵੇਗਾ। ਮੀਟਿੰਗ ਦੌਰਾਨ ਫਿਕਸ ਕੀਤੇ ਗਏ ਰੇਟਾਂ ਸਬੰਧੀ ਸਮੂਹ ਹਾਜ਼ਰ ਹੋਏ ਨੁਮਾਇੰਦਿਆਂ ਵੱਲੋਂ ਸਹਿਮਤੀ ਦਿੱਤੀ ਗਈ।

ਉਨ੍ਹਾਂ ਦੱਸਿਆ ਕਿ 17 ਮਈ ਦੀ ਸ਼ਾਮ 5 ਵਜੇ ਚੋਣ ਪ੍ਰਚਾਰ ਬੰਦ ਹੁੰਦਿਆਂ ਹੀ, ਜ਼ਿਲ੍ਹੇ ਵਿੱਚ ਉਮੀਦਵਾਰਾਂ ਦੀ ਹਮਾਇਤ 'ਤੇ ਆਏ ਬਾਹਰੀ ਹਮਾਇਤੀਆਂ ਨੂੰ ਜ਼ਿਲ੍ਹੇ ਤੋਂ ਬਾਹਰ ਜਾਣਾ ਪਵੇਗਾ। ਇਸ ਤੋਂ ਇਲਾਵਾ ਇਲੈਕਟ੍ਰਾਨਿਕ ਮੀਡੀਆ ਰਾਹੀਂ ਇਨ੍ਹਾਂ 48 ਘੰਟਿਆਂ ਵਿੱਚ ਕਿਸੇ ਵੀ ਪਾਰਟੀ ਜਾਂ ਉਮੀਦਵਾਰ ਦਾ ਚੋਣ ਪ੍ਰਚਾਰ ਕਰਨ, ਪੈਨਲ ਚਰਚਾ ਕਰਨ ਜਾਂ 'opinion ਪੋਲ' ਕਰਨ 'ਤੇ ਵੀ ਮੁਕੰਮਲ ਪਾਬੰਦੀ ਹੋਵੇਗੀ ਅਤੇ ਇਸ 'ਤੇ ਨਿਗ੍ਹਾ ਰੱਖਣ ਲਈ 'ਇਲੈਕਸ਼ਨ ਮੀਡੀਆ ਮੋਨੀਟਰਿੰਗ ਸੈੱਲ' 24 ਘੰਟੇ ਕਾਰਜਸ਼ੀਲ ਹੈ। ਵੋਟਾਂ ਪੈਣ ਤੋਂ 48 ਘੰਟੇ ਪਹਿਲਾਂ ਪ੍ਰਿੰਟ ਮੀਡੀਆ ਵਿੱਚ ਕਿਸੇ ਵੀ ਪ੍ਰਕਾਰ ਦਾ ਇਸ਼ਤਿਹਾਰ ਦੇਣ ਲਈ ਅਗਾਊਂ ਪ੍ਰਵਾਨਗੀ ਲੈਣੀ ਲਾਜ਼ਮੀ ਹੋਵੇਗੀ ਅਤੇ ਇਲੈਕਟ੍ਰਾਨਿਕ ਮੀਡੀਆ ਵਿੱਚ ਵੀ ਅਗਾਊਂ ਪ੍ਰਵਾਨਗੀ ਲੈਣੀ ਜ਼ਰੂਰੀ ਹੈ।

ਉਨ੍ਹਾਂ ਨੇ ਸਮੂਹ ਰਾਜਸੀ ਪਾਰਟੀਆਂ ਅਤੇ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਜਿਸ ਤਰ੍ਹਾਂ ਚੋਣ ਪ੍ਰਚਾਰ ਸ਼ਾਂਤੀਪੂਰਨ ਚੱਲਿਆ ਹੈ ਉਸੇ ਤਰ੍ਹਾਂ ਆਖਰੀ ਦਿਨਾਂ ਵਿੱਚ ਵੀ ਮਾਣਯੋਗ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਇੰਨਬਿੰਨ ਪਾਲਣਾ ਕੀਤੀ ਜਾਵੇ ਤੇ ਜ਼ਿਲ੍ਹੇ ਵਿੱਚ ਅਮਨ-ਕਾਨੂੰਨ ਬਰਕਰਾਰ ਰੱਖਣ ਅਤੇ ਸ਼ਾਂਤਮਈ ਮਤਦਾਨ ਅਮਲ ਦੀ ਸੰਪੂਰਨਾ ਵਿੱਚ ਸਹਿਯੋਗ ਦਿੱਤਾ ਜਾਵੇ। ਇਸ ਮੌਕੇ ਅਸ਼ੋਕ ਕੁਮਾਰ ਨੋਡਲ ਅਫ਼ਸਰ ਖਰਚਾ, ਮਨਜਿੰਦਰ ਸਿੰਘ ਚੋਣ ਕਾਨੂੰਗੋ, ਕਾਂਗਰਸ ਪਾਰਟੀ ਤੋਂ ਗੁਰਵਿੰਦਰ ਲਾਲ ਅਤੇ ਹਰਦੀਪ ਸਿੰਘ ਬੇਦੀ, ਭਾਜਪਾ ਤੋਂ ਰਾਜਨ ਗੋਇਲ, ਆਪ ਪਾਰਟੀ ਤੋਂ ਇਲਿਆਸ ਅਤੇ ਹੋਰ ਰਾਜਸੀ ਪਾਰਟੀਆਂ ਦੇ ਪ੍ਰਤੀਨਿਧਾਂ ਮੌਜੂਦ ਸਨ।