ਚੋਣਾਂ ਨੂੰ ਲੈ ਕੇ ਫ਼ਾਜ਼ਿਲਕਾ ਪ੍ਰਸ਼ਾਸਨ ਦੀ ਪਹਿਲ, ਵਿਸ਼ੇਸ਼ ਗੀਤ 'ਆਓ ਵੋਟ ਪਾਉਣ ਚੱਲੀਏ' ਕੀਤਾ ਰਿਲੀਜ਼

Last Updated: May 16 2019 18:13
Reading time: 2 mins, 26 secs

ਫ਼ਾਜ਼ਿਲਕਾ ਜ਼ਿਲ੍ਹੇ ਦੇ ਬਾਸ਼ਿੰਦਿਆਂ ਦੀ ਲੋਕ ਸਭਾ ਚੋਣਾਂ 'ਚ 100 ਫ਼ੀਸਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਤਿਆਰ ਕੀਤਾ ਗਿਆ 'ਚੋਣ ਬੋਲੀਆਂ' ਵਾਲਾ ਵਿਸ਼ੇਸ਼ ਗੀਤ 'ਆਓ ਵੋਟ ਪਾਉਣ ਚੱਲੀਏ' ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਛੱਤਵਾਲ ਵੱਲੋਂ ਬੀਤੀ ਦੇਰ ਸ਼ਾਮ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਗਿਆ। ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਸੰਖੇਪ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਛੱਤਵਾਲ ਨੇ ਤਹਿਸੀਲਦਾਰ ਚੋਣਾਂ ਸ਼੍ਰੀ ਸੱਤ ਪਾਲ ਬਾਂਸਲ, ਨਿੱਜੀ ਸਹਾਇਕ ਸ਼੍ਰੀ ਸੰਦੀਪ ਕੁਮਾਰ, ਗੀਤਕਾਰ ਤੇ ਪ੍ਰਾਜੈਕਟ ਕੋਆਰਡੀਨੇਟਰ ਸ. ਪੰਮੀ ਸਿੰਘ ਪਰਮਜੀਤ ਅਤੇ ਸੰਗੀਤਕਾਰ ਸ਼੍ਰੀ ਹਰਸ਼ ਜੁਨੇਜਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਹੋਰਨਾਂ ਅਧਿਕਾਰੀਆਂ ਨਾਲ ਗੀਤ ਨੂੰ ਗਹੁ ਨਾਲ ਵੇਖਿਆ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਉਪਰਾਲੇ ਦੀ ਸ਼ਲਾਘਾ ਕੀਤੀ।

ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਸਿਸਟੇਮੈਟਿਕ ਵੋਟਰ ਐਜੂਕੇਸ਼ਨ ਐਂਡ ਇਲੈਕਟੋਰਲ ਪਾਰਟੀਸੀਪੇਸ਼ਨ (ਸਵੀਪ) ਪ੍ਰਾਜੈਕਟ ਤਹਿਤ ਤਿਆਰ ਕੀਤਾ ਗਿਆ 'ਚੋਣ ਬੋਲੀਆਂ' ਵਾਲਾ ਇਹ ਵਿਸ਼ੇਸ਼ ਗੀਤ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨਾਂ, ਬਜ਼ੁਰਗਾਂ ਅਤੇ ਦਿਵਿਆਂਗ ਵਿਅਕਤੀਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਬਾਰੇ ਲੋਕਾਂ ਨੂੰ ਬਾਖ਼ੂਬੀ ਜਾਗਰੂਕ ਕਰੇਗਾ। ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਵੀਪ ਤਹਿਤ ਲੋਕਾਂ ਨੂੰ ਮਿਆਰੀ ਵੋਟਿੰਗ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸਕੂਲਾਂ ਤੇ ਕਾਲਜਾਂ ਵਿੱਚ ਸੈਮੀਨਾਰ ਤੇ ਸੰਚਾਰ ਦੇ ਹੋਰਨਾਂ ਮਾਧਿਅਮਾਂ ਰਾਹੀਂ ਪਹਿਲੀ ਵਾਰ ਵੋਟ ਬਣਵਾ ਕੇ ਇਸ ਦਾ ਭੁਗਤਾਨ ਕਰਨ ਵਾਲੇ ਨੌਜਵਾਨਾਂ ਨੂੰ ਚੋਣ ਪ੍ਰਕਿਰਿਆ ਨਾਲ ਵੱਧ ਤੋਂ ਵੱਧ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਸਵੀਪ ਤਹਿਤ ਭਾਰਤੀ ਚੋਣ ਕਮਿਸ਼ਨ ਵੱਲੋਂ ਬਜ਼ੁਰਗਾਂ ਅਤੇ ਦਿਵਿਆਂਗ ਵਿਅਕਤੀਆਂ ਲਈ ਇਸ ਵਾਰ ਮੁਹੱਈਆ ਕਰਵਾਈਆਂ ਜਾ ਰਹੀਆਂ ਸਹੂਲਤਾਂ ਬਾਰੇ ਵੀ ਨਿਰੰਤਰ ਪ੍ਰਚਾਰ ਕੀਤਾ ਜਾ ਰਿਹਾ ਹੈ ਪਰ ਲੋਕਾਂ ਦੀ ਵਿਰਾਸਤੀ ਸਾਜ਼ਾਂ ਅਤੇ ਬੋਲੀਆਂ ਦੀ ਵਿਧਾ ਨਾਲ ਪੱਕੇ ਤੌਰ 'ਤੇ ਚੋਣਾਂ ਵਿੱਚ ਹੋਰ ਵੀ ਵੱਧ ਸ਼ਮੂਲੀਅਤ ਯਕੀਨੀ ਬਣਾਈ ਜਾ ਸਕਦੀ ਹੈ ਤੇ ਉਨ੍ਹਾਂ ਨਾਲ ਸਿੱਧੇ ਤੌਰ 'ਤੇ ਜੁੜਿਆ ਜਾ ਸਕਦਾ ਹੈ ਅਤੇ ਇਸੇ ਉਦੇਸ਼ ਨਾਲ ਇਹ ਗੀਤ ਤਿਆਰ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਗੀਤ ਵਿੱਚ ਵੋਟ ਅਤੇ ਵੋਟਰਾਂ ਦੀ ਅਹਿਮੀਅਤ ਨੂੰ ਉਜਾਗਰ ਕੀਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਭਾਰਤੀ ਚੋਣ ਕਮਿਸ਼ਨ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਸਹੂਲਤਾਂ ਦਾ ਉਚੇਚਾ ਜ਼ਿਕਰ ਕੀਤਾ ਗਿਆ ਹੈ। ਉਨ੍ਹਾਂ ਨੇ ਉਮੀਦ ਜਤਾਈ ਕਿ ਲੋਕਾਂ ਨੂੰ ਇਹ ਗੀਤ ਪਸੰਦ ਆਵੇਗਾ ਅਤੇ ਉਹ ਚੋਣ ਪ੍ਰਕਿਰਿਆ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣਗੇ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਇਨ੍ਹਾਂ ਚੋਣਾਂ ਦੌਰਾਨ ਆਪਣੀ ਵੋਟ ਦਾ ਭੁਗਤਾਨ ਕਰਨਾ ਯਕੀਨੀ ਬਣਾਉਣ ਦੇ ਨਾਲ-ਨਾਲ ਆਪਣੇ ਰਿਸ਼ਤੇਦਾਰਾਂ ਅਤੇ ਨਜ਼ਦੀਕੀਆਂ ਨੂੰ ਵੀ ਵੋਟ ਪਾਉਣ ਲਈ ਉਤਸ਼ਾਹਿਤ ਕਰਨ ਦੀ ਅਪੀਲ ਕੀਤੀ। ਦੱਸ ਦੇਈਏ ਕਿ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਛੱਤਵਾਲ ਦੀ ਯੋਗ ਅਗਵਾਈ ਵਿੱਚ ਤਿਆਰ ਕੀਤੇ ਗਏ 'ਚੋਣ ਬੋਲੀਆਂ' ਗੀਤ ਨੂੰ ਸ. ਪੰਮੀ ਸਿੰਘ ਪਰਮਜੀਤ ਨੇ ਲਿਖਿਆ ਹੈ, ਲੋਕ ਗਾਇਕ ਵੇਦ ਹੰਸ ਅਤੇ ਕੇ. ਸਿਮਰਨ ਨੇ ਗਾਇਆ ਹੈ ਅਤੇ ਸੰਗੀਤਕਾਰ ਸ਼੍ਰੀ ਹਰਸ਼ ਜੁਨੇਜਾ ਡਿੰਪੂ ਦੀਆਂ ਵਿਰਾਸਤੀ ਧੁਨਾਂ ਅਤੇ ਸਾਜ਼ਾਂ ਨਾਲ ਲੈਅਬੱਧ ਕੀਤਾ ਗਿਆ ਹੈ ਜਦਕਿ ਵੀਡੀਉਗ੍ਰਾਫ਼ੀ ਤੇ ਨਿਰਦੇਸ਼ਨ ਦਾ ਕਾਰਜ ਸ਼੍ਰੀ ਗਗਨ ਨੇ ਨਿਭਾਇਆ ਹੈ। ਇਸ ਗੀਤ ਦਾ ਫ਼ਿਲਮਾਂਕਣ ਪਿੰਡ ਡੰਗਰ ਖੇੜਾ ਦੀ ਵਿਰਾਸਤੀ ਹਵੇਲੀ ਵਿੱਚ ਕੀਤਾ ਗਿਆ ਹੈ। ਇਸ ਗੀਤ ਨੂੰ ਸੋਸ਼ਲ ਮੀਡੀਆ ਦੇ ਸਮੁੱਚੇ ਪਲੇਟਫ਼ਾਰਮਾਂ ਜਿਵੇਂ ਫ਼ੇਸਬੁਕ, ਵੱਟਸਐਪ, ਯੂਟਿਊਬ 'ਤੇ ਜਾਰੀ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਚੋਣ ਕਮਿਸ਼ਨ ਵੱਲੋਂ ਜ਼ਿਲ੍ਹੇ ਵਿੱਚ ਭੇਜੀ ਵੋਟਰ ਜਾਗਰੂਕਤਾ ਵੈਨ ਰਾਹੀਂ ਵੀ ਇਸ ਗੀਤ ਨੂੰ ਵਿਖਾਇਆ ਜਾ ਰਿਹਾ ਹੈ।