ਹੁਣ ਵੋਟਰਾਂ ਅਤੇ ਚੋਣ ਅਮਲੇ ਨੂੰ ਅਧਿਆਪਕ ਕਰਮਜੀਤ ਗਰੇਵਾਲ ਦਾ ਗੀਤ ਕਰੇਗਾ ਉਤਸ਼ਾਹਿਤ

Last Updated: May 16 2019 18:12
Reading time: 1 min, 26 secs

ਸੂਬੇ ਅੰਦਰ 19 ਮਈ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਦੌਰਾਨ ਸਵੀਪ ਪ੍ਰੋਗਰਾਮ ਤਹਿਤ ਵੱਧ ਤੋਂ ਵੱਧ ਵੋਟਰਾਂ ਨੂੰ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ ਸਬੰਧੀ ਜਾਗਰੂਕ ਕਰਨ ਲਈ ਅਗਾਂਹਵਧੂ ਅਧਿਆਪਕ ਕਰਮਜੀਤ ਸਿੰਘ ਗਰੇਵਾਲ ਦਾ ਗੀਤ ਵੋਟਰਾਂ ਅਤੇ ਚੋਣ ਅਮਲੇ ਨੂੰ ਉਤਸ਼ਾਹਿਤ ਕਰੇਗਾ। ਅਧਿਆਪਕ ਕਰਮਜੀਤ ਗਰੇਵਾਲ ਵੱਲੋਂ ਤਿਆਰ ਕੀਤੇ ਗਏ ਜਾਗਰੂਕਤਾ ਗੀਤ ਨੂੰ ਵੀਰਵਾਰ ਨੂੰ ਇੱਕ ਸਾਦੇ ਸਮਾਰੋਹ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਵੱਲੋਂ ਰਿਲੀਜ਼ ਕੀਤਾ ਗਿਆ। ਇਸ ਮੌਕੇ ਅਸਿਸਟੈਂਟ ਡਿਪਟੀ ਕਮਿਸ਼ਨਰ (ਜਗਰਾਉਂ) ਨੀਰੂ ਕਤਿਆਲ ਗੁਪਤਾ, ਅਸਿਸਟੈਂਟ ਡਿਪਟੀ ਕਮਿਸ਼ਨਰ (ਜ) ਇਕਬਾਲ ਸਿੰਘ ਸੰਧੂ, ਜੀਵਨਜੋਤ ਕੌਰ ਅਤੇ ਪੂਨਮਪ੍ਰੀਤ ਕੌਰ ਤੋਂ ਇਲਾਵਾ ਸਵੀਪ ਗਤੀਵਿਧੀਆਂ ਦੀ ਟੀਮ ਦੇ ਮੈਂਬਰ ਵੀ ਮੌਜੂਦ ਸਨ।

ਇਸ ਗੀਤ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਚੋਣ ਅਫ਼ਸਰ ਪ੍ਰਦੀਪ ਅਗਰਵਾਲ ਨੇ ਦੱਸਿਆ ਕਿ ਇਸ ਗੀਤ ਨੂੰ ਅਗਾਂਹਵਧੂ ਅਧਿਆਪਕ ਕਰਮਜੀਤ ਸਿੰਘ ਗਰੇਵਾਲ ਵੱਲੋਂ ਲਿਖਿਆ ਅਤੇ ਗਾਇਆ ਗਿਆ ਹੈ। ਇਸ ਗੀਤ ਰਾਹੀਂ ਵੋਟਰਾਂ ਨੂੰ ਆਉਂਦੀ 19 ਮਈ ਨੂੰ ਆਪਣੀ ਵੋਟ ਦਾ ਜ਼ਰੂਰੀ ਅਤੇ ਸਹੀ ਇਸਤੇਮਾਲ ਕਰਨ ਲਈ ਪ੍ਰੇਰਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਗੀਤ ਵਿੱਚ ਚੋਣ ਅਮਲੇ 'ਚ ਲੱਗੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਦਿੱਤੀ ਜਾ ਰਹੀ ਚੋਣ ਡਿਊਟੀ ਦੀ ਵੀ ਸ਼ਲਾਘੀ ਕੀਤੀ ਗਈ ਹੈ। ਇਸ ਗੀਤ ਨੂੰ ਯੂ-ਟਿਊਬ ਲਿੰਕ https://youtu.be/bOL4_9go5Js ਤੇ ਸੁਣਿਆ ਅਤੇ ਦੇਖਿਆ ਜਾ ਸਕਦਾ ਹੈ।

ਇੱਥੇ ਇਹ ਦੱਸਣਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੋਟਰ ਜਾਗਰੂਕਤਾ ਸਬੰਧੀ ਇਹ ਦੂਜਾ ਗੀਤ ਅੱਜ ਰਿਲੀਜ਼ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਸਵੀਪ ਗਤੀਵਿਧੀਆਂ ਟੀਮ ਦੇ ਮੈਂਬਰ ਅਤੇ ਕੰਪਿਊਟਰ ਅਧਿਆਪਕ ਬਲਵੰਤ ਸਿੰਘ ਵੱਲੋਂ ਲਿਖਿਆ ਅਤੇ ਗਾਇਆ ਗਿਆ ਗੀਤ ਵੀ ਰਿਲੀਜ਼ ਕੀਤਾ ਗਿਆ ਸੀ, ਜਿਸ ਨੂੰ ਵੋਟਰਾਂ ਵੱਲੋਂ ਬਹੁਤ ਪਿਆਰ ਮਿਲ ਰਿਹਾ ਹੈ। ਡੀ.ਸੀ ਅਗਰਵਾਲ ਨੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ 19 ਮਈ ਨੂੰ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਜ਼ਰੂਰ ਕਰਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੋਟਰ ਜਾਗਰੂਕਤਾ ਸਬੰਧੀ ਮੁਹਿੰਮ 19 ਮਈ ਤੱਕ ਲਗਾਤਾਰ ਜਾਰੀ ਰੱਖੀ ਜਾਵੇਗੀ ਤਾਂ ਕਿ ਵੱਧ ਤੋਂ ਵੱਧ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰ ਸਕਣ।